ਰੇਤ ਚੋਰੀ ਕਰਨ ਦੇ ਮਾਮਲੇ ''ਚ 11 ਵਿਰੁੱਧ ਕੇਸ

11/29/2017 4:31:28 AM

ਰਮਦਾਸ,   (ਸਾਰੰਗਲ)- ਥਾਣਾ ਰਮਦਾਸ ਦੀ ਪੁਲਸ ਵੱਲੋਂ ਰਾਵੀ ਦਰਿਆ 'ਚੋਂ ਚੋਰੀ ਰੇਤ ਕੱਢਣ ਅਤੇ ਕਢਵਾਉਣ ਵਾਲੇ 11 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਐੱਸ. ਐੱਚ. ਓ. ਰਮਦਾਸ ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਸੂਤਰਾਂ ਨੇ ਗੁਪਤ ਸੂਚਨਾ ਦਿੱਤੀ ਕਿ ਪਿੰਡ ਰੂੜੇਵਾਲ ਵਿਖੇ ਦਰਿਆ 'ਚੋਂ ਚੋਰੀ ਰੇਤ ਕੱਢਣ ਦਾ ਕੰਮ ਹੋ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਹੇਠ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਿੰਡ ਰੂੜੇਵਾਲ ਵਿਖੇ ਛਾਪੇ ਮਾਰਦਿਆਂ ਦਰਿਆ 'ਚੋਂ ਚੋਰੀ ਰੇਤ ਕੱਢ ਕੇ ਲਿਆਉਣ ਅਤੇ ਕਢਵਾਉਣ ਵਾਲੇ ਕੁਲ 11 ਵਿਅਕਤੀਆਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 9 ਰੇਹੜੇ ਚੋਰੀ ਦੀ ਰੇਤ ਨਾਲ ਲੱਦੇ ਬਰਾਮਦ ਕੀਤੇ ਹਨ।
ਐੱਸ. ਐੱਚ. ਓ. ਵਿਪਨ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਾਊ ਪੁੱਤਰ ਪਾਲਾ, ਗੁਰਬਾਜ ਸਿੰਘ ਬਾਜਾ ਪੁੱਤਰ ਅਵਤਾਰ ਸਿੰਘ, ਅਮਰ ਸਿੰਘ ਅੰਬਾ ਪੁੱਤਰ ਗੁਲਜ਼ਾਰ ਸਿੰਘ, ਛੱਬਾ ਪੁੱਤਰ ਬਰਕਤ ਮਸੀਹ, ਕੇਵਲ ਪੁੱਤਰ ਬਸ਼ੀਰ, ਨਿੰਮਾ ਪੁੱਤਰ ਘੁੱਲਾ, ਕਰਨੈਲ ਸਿੰਘ ਪੁੱਤਰ ਕਸ਼ਮੀਰ ਸਿੰਘ, ਗੁਰਸੇਵਕ ਸਿੰਘ ਪੁੱਤਰ ਜਗਦੀਸ਼ ਸਿੰਘ, ਮਹਿਕਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ, ਵੀਰ ਸਿੰਘ ਪੁੱਤਰ ਮਹਿੰਦਰ ਸਿੰਘ, ਸਾਜਨ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਰੂੜੇਵਾਲ ਵਜੋਂ ਹੋਈ। ਇਨ੍ਹਾਂ 'ਚੋਂ ਬਾਊ, ਗੁਰਬਾਜ ਸਿੰਘ ਤੇ ਅਮਰ ਸਿੰਘ ਚੋਰੀ ਰੇਤ ਕਢਵਾਉਣ ਦਾ ਕਾਰੋਬਾਰ ਕਰਦੇ ਆ ਰਹੇ ਸਨ, ਜੋ ਰੇਹੜੇ ਵਾਲਿਆਂ ਨੂੰ ਪ੍ਰਤੀ ਫੇਰਾ 100 ਰੁਪਇਆ ਦਿੰਦੇ ਸਨ।
ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਵਿਰੁੱਧ ਥਾਣਾ ਰਮਦਾਸ ਵਿਖੇ ਮੁਕੱਦਮਾ ਨੰ. 119/17 ਧਾਰਾ 21 ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਉਕਤ ਸਾਰਿਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।