ਮਾਮਲਾ ਰੀਚਾ ਦੀ ਆਤਮਹੱਤਿਆ ਦਾ : ਪਤੀ ਸਣੇ ਸੱਸ-ਸਹੁਰੇ ''ਤੇ ਮਾਮਲਾ ਦਰਜ

09/09/2017 7:48:04 AM

ਕਪੂਰਥਲਾ, (ਭੂਸ਼ਣ)- ਵੀਰਵਾਰ ਨੂੰ ਸ਼ਹਿਰ ਦੇ ਪ੍ਰੀਤ ਨਗਰ ਖੇਤਰ ਵਿਚ ਇਕ ਵਿਆਹੁਤਾ ਔਰਤ ਦੀ ਸ਼ੱਕੀ ਮੌਤ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਨੂੰ ਗ੍ਰਿਫਤਾਰ ਕਰਕੇ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਉਥੇ ਹੀ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। 
ਜ਼ਿਕਰਯੋਗ ਹੈ ਕਿ ਵੀਰਵਾਰ ਦੀ ਸ਼ਾਮ ਰੀਚਾ ਪਤਨੀ ਅਨਿਲ ਕੁਮਾਰ ਵਾਸੀ ਪਿੰਡ ਮੁਹੱਲਾ ਪ੍ਰੀਤ ਨਗਰ ਨੇ ਖੁਦ ਨੂੰ ਫ਼ਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਨੂੰ ਲੈ ਕੇ ਮ੍ਰਿਤਕਾ ਦੇ ਬਟਾਲਾ ਤੋਂ ਆਏ ਪਿਤਾ ਅਸ਼ੋਕ ਕੁਮਾਰ ਨੇ ਸਹੁਰਾ ਪੱਖ 'ਤੇ ਆਪਣੀ ਧੀ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਸੀ। 
ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਅਸ਼ੋਕ ਕੁਮਾਰ  ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਵਿਆਹ 3 ਜਨਵਰੀ 2012 ਨੂੰ ਕੀਤਾ ਸੀ ਅਤੇ ਉਸ ਨੇ ਵਿਆਹ ਵਿਚ ਲੱਖਾਂ ਰੁਪਏ ਦਾਜ ਦੇ ਤੌਰ 'ਤੇ ਖਰਚ ਕੀਤੇ ਸਨ ਪਰ ਵਿਆਹ ਦੇ ਕੁੱਝ ਦਿਨਾਂ ਦੇ ਬਾਅਦ ਹੀ ਉਸ ਦੀ ਧੀ ਨੂੰ ਸਹੁਰਾ ਪੱਖ ਦੇ ਲੋਕ ਲਗਾਤਾਰ ਤੰਗ ਪ੍ਰੇਸ਼ਾਨ ਕਰਦੇ ਰਹੇ। ਜਿਸਦੇ ਕਾਰਨ ਉਸ ਦੀ ਧੀ ਨੂੰ ਖੁਦਕੁਸ਼ੀ ਲਈ ਮਜਬੂਰ ਹੋਣਾ ਪਿਆ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਅਸ਼ੋਕ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਪਤੀ ਅਨਿਲ ਕੁਮਾਰ, ਸੱਸ ਕਮਲੇਸ਼ ਤੇ ਸਹੁਰਾ ਰਾਜ ਕੁਮਾਰ  ਦੇ ਖਿਲਾਫ ਮਾਮਲਾ ਦਰਜ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ।