ਮਾਮਲਾ ਦੋਹਰੇ ਹੱਤਿਆਕਾਂਡ ਦਾ, ਹੱਤਿਆਰੇ ਪੰਕਜ ਤੇ ਨੀਰਜ 7 ਦਿਨ ਦੇ ਪੁਲਸ ਰਿਮਾਂਡ ''ਤੇ

02/17/2018 4:42:54 AM

ਅੰਮ੍ਰਿਤਸਰ, (ਸੰਜੀਵ)- ਨਿਊ ਅੰਮ੍ਰਿਤਸਰ ਦਰਸ਼ਨ ਐਵੀਨਿਊ 'ਚ ਹੋਏ ਮਾਂ-ਧੀ ਦੇ ਦੋਹਰੇ ਹੱਤਿਆਕਾਂਡ ਵਿਚ ਪੁਲਸ ਨੇ ਗ੍ਰਿਫਤਾਰ ਕੀਤੇ ਗਏ ਮਾਸਟਰਮਾਈਂਡ ਪੰਕਜ ਸ਼ਰਮਾ ਤੇ ਉਸ ਦੇ ਸਾਥੀ ਨੀਰਜ ਕੁਮਾਰ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ 7 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ। ਪੁਲਸ ਇਸ ਮਾਮਲੇ ਵਿਚ ਵਾਰਦਾਤ ਦੌਰਾਨ ਹੱਤਿਆਰਿਆਂ ਵੱਲੋਂ ਘਰ 'ਚ ਕੀਤੀ ਗਈ ਹਰ ਹਰਕਤ ਦੇ ਨਾਲ-ਨਾਲ ਘਟਨਾ ਦੇ ਛੋਟੇ ਤੋਂ ਛੋਟੇ ਪਹਿਲੂ ਨੂੰ ਵੀ ਖੰਗਾਲ ਰਹੀ ਹੈ।
ਪਹਿਲਾਂ ਮਾਰਿਆ ਸੀ ਸ਼ਿਵਨੈਨੀ ਨੂੰ
ਲੁੱਟ ਦੀ ਨੀਅਤ ਨਾਲ ਆਪਣੇ ਦੋਸਤ ਰਿਧਮ ਦੇ ਘਰ ਦਾਖਲ ਹੋਏ ਪੰਕਜ ਤੇ ਨੀਰਜ ਨੇ ਪਹਿਲਾਂ ਗਗਨਦੀਪ ਵਰਮਾ ਨੂੰ ਕਲੋਰੋਫਾਮ ਸੁੰਘਾ ਕੇ ਬੇਹੋਸ਼ ਕਰ ਦਿੱਤਾ, ਜਿਸ ਉਪਰੰਤ ਦੋਵੇਂ ਦੋਸ਼ੀਆਂ ਦੀ ਨੀਅਤ ਬਦਲ ਗਈ। ਪੰਕਜ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਗਗਨਦੀਪ ਨਾਲ ਸਰੀਰਕ ਸਬੰਧ ਬਣਾਉਣ ਦਾ ਮਨ ਬਣਾਇਆ ਤੇ ਉਸ ਨੇ ਬੇਹੋਸ਼ੀ ਦੀ ਹਾਲਤ ਵਿਚ ਉਸ ਦੇ ਕੱਪੜੇ ਉਤਾਰ ਦਿੱਤੇ, ਜਿਵੇਂ ਹੀ ਉਹ ਗਗਨਦੀਪ ਨਾਲ ਕੁਕਰਮ ਕਰਨ ਲੱਗਾ ਤਾਂ ਉਸ ਨੂੰ ਹੋਸ਼ ਆ ਗਈ। ਦੋਸ਼ੀਆਂ ਨੇ ਦੂਜੀ ਵਾਰ ਫਿਰ ਉਸ ਨੂੰ ਕਲੋਰੋਫਾਮ ਸੁੰਘਾ ਦਿੱਤੀ। ਕਲੋਰੋਫਾਮ ਦੀ ਮਾਤਰਾ ਵੱਧ ਹੋਣ ਕਾਰਨ ਗਗਨਦੀਪ ਫਿਰ ਬੇਸੁੱਧ ਹੋ ਗਈ। ਦੋਸ਼ੀਆਂ ਨੂੰ ਲੱਗਾ ਕਿ ਉਹ ਮਰ ਗਈ ਹੈ ਪਰ ਉਦੋਂ ਤੱਕ ਦੋਵਾਂ ਦੀ ਵਾਸਨਾ ਜਾਗ ਚੁੱਕੀ ਸੀ ਅਤੇ ਬੁਝਾਉਣ ਲਈ ਪੰਕਜ ਅਤੇ ਨੀਰਜ ਘਰ ਦੀ ਉਪਰਲੀ ਮੰਜ਼ਿਲ 'ਤੇ ਬੈਠੀ ਗਗਨਦੀਪ ਦੀ ਧੀ ਸ਼ਿਵਨੈਨੀ ਦੇ ਵੱਲ ਭੱਜੇ।
ਦੋਵਾਂ ਨੇ ਪਹਿਲਾਂ ਉਸ ਨੂੰ ਫੜਿਆ ਅਤੇ ਕਲੋਰੋਫਾਮ ਸੁੰਘਾ ਕੇ ਬੇਹੋਸ਼ ਕਰ ਦਿੱਤਾ, ਜਿਸ ਉਪਰੰਤ ਦੋਸ਼ੀਆਂ ਨੇ ਸ਼ਿਵਨੈਨੀ ਨਾਲ ਕੁਕਰਮ ਕਰਨ ਦੀ ਨੀਅਤ ਨਾਲ ਉਸ ਦੇ ਵੀ ਕੱਪੜੇ ਉਤਾਰ ਦਿੱਤੇ। ਮਾਹਵਾਰੀ ਕਾਰਨ ਜਦੋਂ ਦੋਵੇਂ ਦੋਸ਼ੀ ਸ਼ਿਵਨੈਨੀ ਨੂੰ ਵੀ ਆਪਣਾ ਸ਼ਿਕਾਰ ਨਹੀਂ ਬਣਾ ਸਕੇ ਤਾਂ ਉਨ੍ਹਾਂ ਨੇ ਕਲੋਰੋਫਾਮ ਲੱਗੇ ਰੁਮਾਲ ਨੂੰ ਉਸ ਦੇ ਮੂੰਹ ਵਿਚ ਤੁੰਨ ਦਿੱਤਾ ਅਤੇ ਉਸ ਨੂੰ ਚੁੰਨੀ ਨਾਲ ਬੰਨ੍ਹ ਦਿੱਤਾ। ਕੁਝ ਸਮੇਂ 'ਚ ਹੀ ਸ਼ਿਵਨੈਨੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਘਰ ਖੰਗਾਲਣ ਤੋਂ ਬਾਅਦ ਜਦੋਂ ਦੋਵੇਂ ਦੋਸ਼ੀ ਉਥੋਂ ਫਰਾਰ ਹੋਣ ਲੱਗੇ ਤਾਂ ਉਨ੍ਹਾਂ ਦੇਖਿਆ ਕਿ ਗਗਨਦੀਪ ਦਾ ਸਾਹ ਅਜੇ ਵੀ ਚੱਲ ਰਿਹਾ ਸੀ, ਇਸ ਦੌਰਾਨ ਉਨ੍ਹਾਂ ਨੇ ਉਸ 'ਤੇ ਕੱਪੜੇ ਪਾਏ ਅਤੇ ਉਸ ਨੂੰ ਜ਼ਿੰਦਾ ਸਾੜ ਦਿੱਤਾ। ਗਗਨਦੀਪ ਨੂੰ ਮਰੀ ਸਮਝ ਕੇ ਦੋਵਾਂ ਨੇ ਉਸ ਦੀ ਧੀ ਸ਼ਿਵਨੈਨੀ ਨੂੰ ਮਾਰ ਦਿੱਤਾ ਅਤੇ ਜਦੋਂ ਧੀ ਮਰ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਤਾਂ ਅਜੇ ਜ਼ਿੰਦਾ ਹੈ। ਦੋਸ਼ੀਆਂ ਨੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਤੇ ਫਿਰ ਸਬੂਤ ਮਿਟਾਉਣ ਦੀ ਖਾਤਿਰ ਸ਼ਿਵਨੈਨੀ ਨੂੰ ਵੀ ਅੱਗ ਲਾ ਕੇ ਹਨੇਰੇ ਵਿਚ ਮੌਕੇ ਤੋਂ ਫਰਾਰ ਹੋ ਗਏ।
ਪੰਕਜ ਪਹਿਲਾਂ ਹੀ ਆਪਣੇ ਪਿਤਾ ਨੂੰ ਦੱਸ ਚੁੱਕਾ ਸੀ ਘਟਨਾ ਬਾਰੇ
ਮਾਂ-ਧੀ ਦੇ ਦੋਹਰੇ ਹੱਤਿਆਕਾਂਡ 'ਚ ਪੰਕਜ ਪਹਿਲਾਂ ਹੀ ਆਪਣੇ ਪਿਤਾ ਨੂੰ ਵਾਰਦਾਤ ਦੌਰਾਨ ਘਟਨਾ ਥਾਂ 'ਤੇ ਆਪਣੇ ਮੌਜੂਦ ਹੋਣ ਦੀ ਜਾਣਕਾਰੀ ਦੇ ਚੁੱਕਾ ਸੀ ਪਰ ਇਸ ਜਾਣਕਾਰੀ ਵਿਚ ਪੰਕਜ ਨੇ ਇਹ ਛੁਪਾਇਆ ਸੀ ਕਿ ਵਾਰਦਾਤ ਉਸ ਨੇ ਕੀਤੀ ਹੈ। ਪੁਲਸ ਨੂੰ ਜਦੋਂ ਪੰਕਜ ਬਾਰੇ ਸੂਚਨਾ ਮਿਲੀ ਤਾਂ ਉਸ ਨੇ ਪਹਿਲਾਂ ਉਸ ਦੇ ਪਿਤਾ ਨੂੰ ਜਾਂਚ ਲਈ ਹਿਰਾਸਤ ਵਿਚ ਲਿਆ ਸੀ। ਜਦੋਂ ਪੁਲਸ ਨੂੰ ਪੰਕਜ ਦੇ ਘਟਨਾ ਥਾਂ 'ਤੇ ਹੋਣ ਦੀ ਹਾਜ਼ਰੀ ਦਾ ਖੁਲਾਸਾ ਹੋਇਆ ਤਾਂ ਪੁਲਸ ਨੇ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ। ਕੁਝ ਹੀ ਦੇਰ 'ਚ ਪੰਕਜ ਨੇ ਦੋਹਰੇ ਹੱਤਿਆਕਾਂਡ ਦਾ ਜੁਰਮ ਕਬੂਲ ਕਰ ਲਿਆ।
ਰਿਧਮ ਦੀ ਕੀ ਹੈ ਭੂਮਿਕਾ?
ਗਗਨਦੀਪ ਵਰਮਾ ਤੇ ਉਸ ਦੀ ਧੀ ਸ਼ਿਵਨੈਨੀ ਦੇ ਦੋਹਰੇ ਹੱਤਿਆਕਾਂਡ ਵਿਚ ਅਜੇ ਤੱਕ ਕੈਨੇਡਾ 'ਚ ਬੈਠੇ ਗਗਨਦੀਪ ਦੇ ਬੇਟੇ ਰਿਧਮ ਦੀ ਭੂਮਿਕਾ ਸ਼ੱਕ ਦੇ ਘੇਰੇ ਵਿਚ ਹੈ, ਨਾ ਤਾਂ ਉਹ ਆਪਣੀ ਮਾਂ ਅਤੇ ਭੈਣ ਨੂੰ ਆਖਰੀ ਵਾਰ ਦੇਖਣ ਲਈ ਭਾਰਤ ਆਇਆ ਤੇ ਨਾ ਹੀ ਇਸ ਦੋਹਰੇ ਹੱਤਿਆਕਾਂਡ ਦੀ ਪੈਰਵਾਈ ਕਰਨ ਪਹੁੰਚਿਆ। ਵਰਣਨਯੋਗ ਹੈ ਕਿ ਜਿਸ ਸਮੇਂ ਲੁੱਟ ਦੀ ਨੀਅਤ ਨਾਲ ਉਸ ਦੇ ਦੋਸਤ ਪੰਕਜ ਤੇ ਨੀਰਜ ਗਗਨਦੀਪ ਕੋਲ ਬੈਠੇ ਤਾਂ ਉਸ ਦੌਰਾਨ ਰਿਧਮ ਨੇ ਹਾਲ-ਚਾਲ ਪੁੱਛਣ ਲਈ ਕੈਨੇਡਾ ਤੋਂ ਆਪਣੀ ਮਾਂ ਨੂੰ ਫੋਨ ਕੀਤਾ ਸੀ। ਕੀ ਪੁਲਸ ਜਾਂਚ ਦੌਰਾਨ ਇਸ ਐਂਗਲ ਨੂੰ ਵੀ ਖੰਗਾਲੇਗੀ?