ਹਾਈ ਅਲਰਟ ਦੇ ਬਾਵਜੂਦ ਸ਼ਰੇਆਮ ਗੰਨ ਪੁਆਇੰਟ ''ਤੇ ਲੁੱਟੀਆਂ ਜਾ ਰਹੀਆਂ ਨੇ ਕਾਰਾਂ

02/15/2018 5:58:11 AM

ਜਲੰਧਰ, (ਰਵਿੰਦਰ ਸ਼ਰਮਾ)— ਪੰਜਾਬ 'ਚ ਲਗਾਤਾਰ ਅੱਤਵਾਦੀ ਹਮਲੇ ਦੀਆਂ ਚਿਤਾਵਨੀਆਂ ਅਤੇ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਬਾਅਦ ਸੂਬੇ 'ਚ ਪੁਲਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ। ਪੁਲਸ ਵਲੋਂ ਹਾਈ ਅਲਰਟ ਦੇ ਬਾਵਜੂਦ ਪੁਲਸ ਨਾਕਿਆਂ 'ਤੇ ਚੈਕਿੰਗ ਦੇ ਨਾਂ 'ਤੇ ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਹਾਈ ਅਲਰਟ ਤੋਂ ਬਾਅਦ ਵੀ ਸੂਬੇ 'ਚ ਕਾਰਾਂ ਲੁੱਟਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਪਿਛਲੇ ਇਕ ਹਫਤੇ ਦੀ ਗੱਲ ਕਰੀਏ ਤਾਂ ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਗੰਨ ਪੁਆਇੰਟਾਂ 'ਤੇ 4 ਕਾਰਾਂ ਲੁੱਟੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। 
ਜ਼ਿਕਰਯੋਗ ਹੈ ਕਿ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਪੁਲਸ ਅਧਿਕਾਰੀਆਂ ਨੂੰ ਗੈਂਗਸਟਰਾਂ ਕੋਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਗੈਂਗਸਟਰ ਇਸ ਤਾਕ ਵਿਚ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਵਿੱਕੀ ਗੌਂਡਰ ਦੇ ਐਨਕਾਊਂਟਰ ਦਾ ਬਦਲਾ ਲਿਆ ਜਾਵੇ। ਇਸ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਵੀ ਤਿਆਰ ਕੀਤੀਆਂ ਜਾ ਰਹੀਆ ਹਨ। ਗੌਂਡਰ ਗੈਂਗ ਦੇ ਕਈ ਮੈਂਬਰ ਜਲਦੀ ਹੀ ਕਿਸੇ ਵਾਰਦਾਤ ਦੀ ਤਾਕ ਵਿਚ ਹਨ। 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਮਹਿਤਾ ਰੋਡ ਸਥਿਤ ਪਿਲ ਲਾਲਕਾ ਨਗਰ ਦੀ ਮੇਨ ਰੋਡ 'ਤੇ ਕਾਰ ਨੂੰ ਲੁੱਟ ਲਿਆ ਗਿਆ ਸੀ। ਕਾਰ ਵਿਚ 2.85 ਲੱਖ ਦਾ ਕੈਸ਼ ਤੇ ਕਈ ਮਹਿੰਗੇ ਮੋਬਾਇਲ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰੇ ਕੈਸ਼ ਤੇ ਮੋਬਾਇਲ ਸੁਲਤਾਨਵਿੰਡ ਪਿੰਡ ਦੇ ਸੁੰਨਸਾਨ ਇਲਾਕੇ ਵਿਚ ਸੁੱਟ ਕੇ ਸਿਰਫ ਕਾਰ ਲੈ ਕੇ ਫਰਾਰ ਹੋ ਗਏ। ਇਸ ਤਰ੍ਹਾਂ 24 ਘੰਟੇ ਪਹਿਲਾਂ ਸ਼ਾਹਕੋਟ ਦੇ ਮੋਗਾ ਰੋਡ 'ਤੇ 2 ਨੌਜਵਾਨ ਫਿਲਮੀ ਸਟਾਈਲ ਵਿਚ ਸਵਿਫਟ ਕਾਰ ਲੁੱਟ ਕੇ ਲੈ ਗਏ। ਲੁਟੇਰੇ ਆਪਣਾ ਮੋਟਰਸਾਈਕਲ ਵੀ ਮੌਕੇ 'ਤੇ ਛੱਡ ਗਏ। ਇਨ੍ਹਾਂ ਕਾਰਾਂ ਨੂੰ ਲੁੱਟਣ ਦਾ ਮਕਸਦ ਕੀ ਹੈ? ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਅੰਮ੍ਰਿਤਸਰ ਤੋਂ ਲੁੱਟੀ ਹੋਈ ਕਾਰ ਨੂੰ ਤਾਂ ਲੁਟੇਰੇ ਲੈ ਗਏ ਪਰ ਕੈਸ਼ ਤੇ ਮਹਿੰਗੇ ਮੋਬਾਇਲ ਰਾਹ ਵਿਚ ਹੀ ਛੱਡ ਗਏ। ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਿਰਫ ਕਾਰ ਨੂੰ ਕਿਸੇ ਖਾਸ ਮਕਸਦ ਲਈ ਲੁੱਟਿਆ ਗਿਆ ਹੈ। ਭਾਵੇਂ ਕਾਰ ਲੁੱਟਣ ਦੇ ਪਿੱਛੇ ਗੈਂਗਸਟਰ ਸਾਰਜ ਮਿੰਟੂ ਤੇ ਸ਼ੁਭਮ ਦਾ ਹੱਥ ਦੱਸਿਆ ਜਾ ਰਿਹਾ ਹੈ। ਇਨ੍ਹਾਂ ਕਾਰਾਂ ਨੂੰ ਕਿਸੇ ਵੱਡੀ ਵਾਰਦਾਤ ਦੇ ਮਕਸਦ ਨਾਲ ਲੁੱਟਿਆ ਗਿਆ ਹੈ। ਪੁਲਸ ਅਧਿਕਾਰੀ ਪੂਰੇ ਮਾਮਲੇ ਵਿਚ ਕੁੱਝ ਵੀ ਬੋਲਣ ਤੋਂ ਝਿਜਕ ਰਹੇ ਹਨ ਪਰ ਪੁਲਸ ਦੀਆਂ ਸਪੈਸ਼ਲ ਟੀਮਾਂ ਇਨ੍ਹਾਂ ਲੁੱਟੀਆਂ ਕਾਰਾਂ ਨੂੰ ਲੈ ਕੇ ਚੌਕਸ ਹੋ ਗਈਆਂ ਹਨ।