ਜਾਣੋ ਕਾਰਗਿਲ ਯੁੱਧ ਦੀਆਂ ਅਣਸੁਣੀਆਂ ਗੱਲਾਂ (ਵੀਡੀਓ)

07/25/2019 11:25:40 AM

ਅੰਮ੍ਰਿਤਸਰ : 18 ਹਜ਼ਾਰ ਫੁੱਟ ਉੱਚੀਆਂ ਚੋਟੀਆਂ ਜਿਨ੍ਹਾਂ ਦੇ ਹੌਂਸਲਿਆਂ ਅੱਗੇ ਬੌਣੀਆਂ ਪੈ ਗਈਆਂ। ਪਹਾੜਾਂ ਨੂੰ ਜਿਨ੍ਹਾਂ ਨੇ ਆਪਣੇ ਖੂਨ ਨਾਲ ਸਿੰਜ ਦਿੱਤਾ, ਜਿਨ੍ਹਾਂ ਨੇ ਆਪਣੀ ਜਵਾਨੀ ਦੇਸ਼ ਦੇ ਨਾਂ ਕਰ ਦਿੱਤੀ। ਉਹ ਆਪਣੇ ਆਖਰੀ ਦਮ ਤੱਕ ਲੜਦੇ ਰਹੇ। ਉਹ ਜਾਂ ਤਾਂ ਤਿਰੰਗਾ ਲਹਿਰਾ ਕੇ ਵਾਪਸ ਆਏ ਜਾਂ ਫਿਰ ਤਿਰੰਗੇ 'ਚ ਲਿਪਟ ਕੇ।  ਅਸੀਂ ਸਲਾਮ ਕਰਦੇ ਹਾਂ ਕਾਰਗਿਲ ਦੇ ਉਨ੍ਹਾਂ ਯੋਧਿਆਂ ਨੂੰ।

ਹਰ ਸਾਲ ਦੇਸ਼ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਉਂਦਾ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਸਭ ਤੋਂ ਭਿਆਨਕ ਜੰਗ ਸੀ। ਇਸ ਜੰਗ ਨੂੰ ਜਿੱਤਣ ਲਈ ਭਾਰਤੀ ਫੌਜ ਨੇ ਆਪ੍ਰੇਸ਼ਨ ਵਿਜੇ ਚਲਾਇਆ ਸੀ, ਜਿਸ ਵਿਚ ਭਾਰਤ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਧੂੜ ਚਟਾ ਦਿੱਤੀ। ਇਸੇ ਦਿਨ ਦੀ ਯਾਦ 'ਚ ਮਨਾਇਆ ਜਾਂਦਾ ਹੈ, ਕਾਰਗਿਲ ਵਿਜੇ ਦਿਵਸ ਪਰ ਇਹ ਜੰਗ ਦੁਨੀਆ ਦੀਆਂ ਮੁਸ਼ਕਲ ਜੰਗਾਂ 'ਚੋਂ ਇਕ ਸੀ। ਉਹ ਕਿਉਂ ਆਓ ਜਾਣਦੇ ਹਾਂ। 

- ਕਾਰਗਿਲ ਪਹਾੜਾਂ ਵਿਚਕਾਰ ਦੁਨੀਆ ਦੇ ਸਭ ਤੋਂ ਉੱਚੇ ਸਥਾਨਾਂ 'ਤੇ ਹੋਈਆਂ ਜੰਗਾਂ 'ਚੋਂ ਇਕ ਹੈ। 
- ਦੁਸ਼ਮਣ 18000 ਫੁੱਟ ਦੀ ਉੱਚਾਈ 'ਤੇ ਸੀ ਤੇ ਭਾਰਤੀ ਫੌਜ ਹੇਠਾਂ। 
- ਦੁਸ਼ਮਣ ਤੱਕ ਜਾਣ ਲਈ ਭਾਰਤੀ ਫੌਜ ਨੂੰ ਸਿੱਧੀਆਂ ਢਲਾਣਾਂ 'ਤੇ ਜਾਣਾ ਪੈਂਦਾ ਸੀ, ਜੋ ਬੇਹੱਦ ਮੁਸ਼ਕਲ ਕੰਮ ਸੀ। 
- ਉੱਚਾਈ 'ਤੇ ਹੋਣ ਕਾਰਨ ਪਾਕਿਸਤਾਨੀ ਫੌਜ ਦੀ ਅੱਖ ਤੋਂ ਬਚਣਾ ਨਾਮੁਮਕਿਨ ਸੀ। ਸੋ ਜ਼ਿਆਦਾਤਰ ਯੁੱਧ ਨੂੰ ਅੰਜਾਮ ਰਾਤ ਦੇ ਹਨੇਰੇ ਵਿਚ ਦਿੱਤਾ ਗਿਆ। 
- ਤਾਪਮਾਨ -15 ਤੋਂ -18 ਡਿਗਰੀ ਵਿਚਕਾਰ ਸੀ, ਜੋ ਭਾਰਤ ਦੇ ਆਪ੍ਰੇਸ਼ਨ ਵਿਜੇ ਵਿਚ ਰੋੜ੍ਹਾ ਬਣਿਆ। 
- ਠੰਡ ਵਿਚ ਭਾਰੀ ਹਥਿਆਰ ਉੱਪਰ ਲੈ ਕੇ ਜਾਣਾ ਤੇ ਫਿਰ ਦੁਸ਼ਮਣ ਦਾ ਸਾਹਮਣਾ ਕਰਨਾ, ਇਹ ਕੋਈ ਆਸਾਨ ਕੰਮ ਨਹੀਂ ਸੀ ਪਰ ਭਾਰਤੀ ਫੌਜ ਤੇ ਹਵਾਈ ਫੌਜ ਦੇ ਜਵਾਨਾਂ ਦੀ ਵੀਰਤਾ ਅੱਗੇ ਸ਼ਾਇਦ ਕੁਝ ਵੀ ਨਾਮੁਮਕਿਨ ਨਹੀਂ ਸੀ। 


ਕਰੀਬ ਦੋ ਮਹੀਨਿਆਂ ਤੱਕ ਚੱਲਿਆ ਕਾਰਗਿਲ ਦਾ ਯੁੱਧ ਭਾਰਤੀ ਫੌਜ ਦੀ ਜਾਂਬਾਜ਼ੀ ਦਾ ਅਜਿਹਾ ਉਦਾਹਰਣ ਹੈ ਜਿਸ 'ਤੇ ਹਰ ਦੇਸ਼ ਵਾਸੀ ਨੂੰ ਮਾਣ ਹੋਣਾ ਚਾਹੀਦਾ ਹੈ। 18 ਹਜ਼ਾਰ ਫੁੱਟ ਦੀ ਉੱਚਾਈ 'ਤੇ ਕਾਰਗਿਲ ਵਿਚ ਲੜੀ ਗਈ, ਇਸ ਜੰਗ ਵਿਚ ਦੇਸ਼ ਦੇ ਕਰੀਬ 527 ਤੋਂ ਜ਼ਿਆਦਾ ਵੀਰ ਯੋਧੇ ਸ਼ਹੀਦ ਹੋਏ ਅਤੇ 1300 ਤੋਂ ਜ਼ਿਆਦਾ ਜਵਾਨ ਜ਼ਖਮੀ ਹੋ ਗਏ। ਦੂਜੇ ਪਾਸੇ ਪਾਕਿਸਤਾਨ ਦੇ 1000 ਤੋਂ 1200 ਫੌਜੀਆਂ ਦੀ ਮੌਤ ਹੋ ਗਈ ਸੀ। 200 ਫੌਜੀਆਂ ਨੂੰ ਤਾਂ ਭਾਰਤ ਵਿਚ ਹੀ ਦਫਨਾਅ ਦਿੱਤਾ ਗਿਆ ਸੀ ਪਰ ਪਾਕਿਸਤਾਨ ਇਸ ਰਿਪੋਰਟ ਨੂੰ ਹਮੇਸ਼ਾ ਨਕਾਰਦਾ ਰਿਹਾ ਹੈ। ਇਹ ਇਕਲੌਤਾ ਅਜਿਹਾ ਯੁੱਧ ਸੀ, ਜਿਸ 'ਚ ਵੱਡੀ ਗਿਣਤੀ ਵਿਚ ਰਾਕੇਟ ਤੇ ਬੰਬਾਂ ਦਾ ਇਸਤੇਮਾਲ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਯੁੱਧ ਵਿਚ ਕਰੀਬ 2 ਲੱਖ 50 ਹਜ਼ਾਰ ਗੋਲੇ ਦਾਗੇ ਗਏ ਤੇ 5000 ਬੰਬ ਚਲਾਏ ਗਏ ਸਨ। ਲੜਾਈ ਦੇ 17 ਦਿਨਾਂ ਵਿਚ ਤਾਂ ਰੋਜ਼ ਪ੍ਰਤੀ ਮਿੰਟ ਇਕ ਰਾਊਂਡ ਫਾਇਰ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਇਕ ਅਜਿਹਾ ਯੁੱਧ ਸੀ, ਜਿਸ ਵਿਚ ਦੁਸ਼ਮਣ ਦੀ ਫੌਜ 'ਤੇ ਇੰਨੀਂ ਵੱਡੀ ਗਿਣਤੀ 'ਚ ਬੰਬਾਰੀ ਕੀਤੀ ਗਈ। ਆਪ੍ਰੇਸ਼ਨ ਕਾਰਗਿਲ ਵਿਜੇ ਨੂੰ ਸਫਲ ਬਣਾਉਣ ਵਾਲੇ ਹਰ ਇਕ ਯੋਧਾ ਨੂੰ ਦਿਲੋਂ ਸਲਾਮ।

Baljeet Kaur

This news is Content Editor Baljeet Kaur