ਮੁੱਖ ਮੰਤਰੀ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਕਾਰਡ ਜਾਰੀ

09/24/2017 8:00:54 AM

ਪਟਿਆਲਾ  (ਰਾਜੇਸ਼) - ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋਂ 7 ਅਕਤੂਬਰ ਸ਼ਨੀਵਾਰ ਨੂੰ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਸਰਹਿੰਦ ਦੀ ਪੁਰਾਣੀ ਅਨਾਜ ਮੰਡੀ ਵਿਖੇ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਭਾ ਵਲੋਂ 4 ਅਕਤੂਬਰ ਨੂੰ ਪਟਿਆਲਾ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸੰਬੰਧੀ ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋਂ ਬਣਾਏ ਗਏ ਕਾਰਡ ਨੂੰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਜਾਰੀ ਕੀਤਾ।
ਇਸ ਮੌਕੇ ਸਭਾ ਦੇ ਕੌਮੀ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਗੇਜਾ ਰਾਮ ਵਾਲਮੀਕਿ, ਕੌਮੀ ਕਾਨੂੰਨੀ ਸਲਾਹਕਾਰ ਐਡਵੋਕੇਟ ਸ਼ੈਲਿੰਦਰ ਮੌਂਟੀ, ਕੌਮੀ ਪ੍ਰਚਾਰ ਸਕੱਤਰ ਰਾਜੇਸ਼ ਘਾਰੂ, ਰੋਹਿਤ ਵਾਲੀਆ, ਲਾਲ ਸਿੰਘ, ਅਨਿਲ ਭੱਟੀ, ਸਤੀਸ਼ ਸਲਹੋਤਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸ਼੍ਰੀ ਗੇਜਾ ਰਾਮ ਵਾਲਮੀਕਿ ਨੇ ਸਭਾ ਦੀਆਂ ਗਤੀਵਿਧੀਆਂ ਬਾਰੇ ਮੁੱਖ ਮੰਤਰੀ ਨੂੰ ਦੱਸਿਆ। ਉੁਨ੍ਹਾਂ ਦੱਸਿਆ ਕਿ ਫਤਿਹਗੜ੍ਹ ਸਾਹਿਬ ਜ਼ਿਲੇ ਦੀ ਸਰਹਿੰਦ ਦੀ??? ਅਨਾਜ ਮੰਡੀ ਵਿਚ 7 ਅਕਤੂਬਰ ਨੂੰ ਹੋਣ ਵਾਲਾ ਸੱਭਿਆਚਾਰਕ ਮੇਲਾ ਦੁਪਹਿਰ 1 ਤੋਂ ਲੈ ਕੇ ਸ਼ਾਮ 6 ਵਜੇ ਤੱਕ ਚੱਲੇਗਾ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਮਹਾਰਾਣੀ ਪ੍ਰਨੀਤ ਕੌਰ ਸ਼ਿਰਕਤ ਕਰਨਗੇ, ਜਦਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ ਤੋਂ ਇਲਾਵਾ ਹੋਰ ਆਗੂ ਵੀ ਪਹੁੰਚਣਗੇ। ਵਾਲਮੀਕਿ ਸਮਾਜ ਵੱਲੋਂ ਪ੍ਰਗਟ ਦਿਵਸ ਨੂੰ ਸਮਰਪਿਤ 4 ਅਕਤੂਬਰ ਨੂੰ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਸਬੰਧੀ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼੍ਰੀ ਗੇਜਾ ਰਾਮ ਨੇ ਦੱਸਿਆ ਕਿ ਸੈਂਟਰਲ ਵਾਲਮੀਕਿ ਸਭਾ ਅਤੇ ਸਮੁੱਚਾ ਵਾਲਮੀਕਿ ਸਮਾਜ ਹਮੇਸ਼ਾ ਹੀ ਕਾਂਗਰਸ ਅਤੇ ਕੈ. ਅਮਰਿੰਦਰ ਸਿੰਘ ਨਾਲ ਖੜ੍ਹਾ ਰਿਹਾ ਹੈ। ਵਾਲਮੀਕਿ ਸਮਾਜ ਨੂੰ ਕੈਪਟਨ ਸਰਕਾਰ ਤੋਂ ਵੱਡੀਆਂ ਉੁਮੀਦਾਂ ਹਨ।  ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਵਾਲਮੀਕਿ ਸਮਾਜ ਦੀ ਹਰ ਮੰਗ ਪੂਰੀ ਕੀਤੀ ਜਾਵੇਗੀ। ਉੁਨ੍ਹਾਂ ਕਿਹਾ ਕਿ ਗਰੀਬਾਂ ਅਤੇ ਦਲਿਤਾਂ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।  ਐਡਵੋਕੇਟ ਸ਼ੈਲਿੰਦਰ ਮੌਂਟੀ ਨੇ ਦੱਸਿਆ ਕਿ ਗੇਜਾ ਰਾਮ ਵਾਲਮੀਕਿ ਦੀ ਅਗਵਾਈ ਹੇਠ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਵਾਲਮੀਕਿ ਸਮਾਜ ਨੂੰ ਪੰਜਾਬ ਭਰ ਵਿਚ ਕਾਂਗਰਸ ਲਈ ਲਾਮਬੰਦ ਕੀਤਾ। ਦਲਿਤ ਸਮਾਜ ਨੂੰ ਕਾਂਗਰਸ ਨਾਲ ਜੋੜਨ ਵਿਚ ਗੇਜਾ ਰਾਮ ਵਾਲਮੀਕਿ ਦਾ ਅਹਿਮ ਯੋਗਦਾਨ ਰਿਹਾ ਹੈ।