ਕਾਰ ਖੜ੍ਹੀ ਕਰਨ ਕਾਰਨ ਕੌਂਸਲਰ ਪਤੀ ਤੇ ਬਿਜ਼ਨੈੱਸਮੈਨ ਵਿਚਕਾਰ ਝਗੜਾ, ਹੰਗਾਮਾ
Wednesday, Aug 22, 2018 - 06:53 AM (IST)
ਜਲੰਧਰ, (ਵਰੁਣ)- ਨਿਊ ਜਵਾਹਰ ਨਗਰ ਵਿਚ ਰਹਿੰਦੀ ਵਾਰਡ ਨੰਬਰ 21 ਦੀ ਕੌਂਸਲਰ ਮਨਜੀਤ ਕੌਰ ਦੇ ਪਤੀ ਮਨਮੋਹਨ ਸਿੰਘ ਤੇ ਉਨ੍ਹਾਂ ਦੇ ਅਪਾਰਟਮੈਂਟ ਦੀ ਤੀਜੀ ਮੰਜ਼ਿਲ ’ਤੇ ਬਣੇ ਫਲੈਟ ਵਿਚ ਰਹਿੰਦੇ ਬਿਜ਼ਨੈੱਸਮੈਨ ਦੇ ਵਿਚਕਾਰ ਕਾਰ ਖੜ੍ਨੂੰ ਲੈ ਕੇ ਵਿਵਾਦ ਹੋ ਗਿਆ। ਸਵੇਰੇ ਹੋਏ ਇਸ ਵਿਵਾਦ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਪੁਲਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ ਤੇ ਦੋਵੇਂ ਪੱਖਾਂ ਦੀ ਗੱਲ ਸੁਣ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਝਗੜੇ ਸਬੰਧੀ ਪਹਿਲਾਂ ਵੀ ਥਾਣਾ ਨੰ. 6 ਵਿਚ ਸ਼ਿਕਾਇਤ ਦਿੱਤੀ ਗਈ ਸੀ, ਜਦਕਿ ਕੋਰਟ ਵਿਚ ਵੀ ਕੇਸ ਚੱਲ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਬਿਜ਼ਨੈੱਸਮੈਨ ਅਜੇ ਕੁਮਾਰ ਗੁਪਤਾ ਦੀ ਪਤਨੀ ਅੰਜੂ ਗੁਪਤਾ ਵਾਸੀ ਨਿਊ ਜਵਾਹਰ ਨਗਰ ਨੇ ਦੱਸਿਆ ਕਿ ਕੌਂਸਲਰ ਪਤੀ ਮਨਮੋਹਨ ਸਿੰਘ ਨੇ 2011 ’ਚ ਅਪਾਰਟਮੈਂਟ ਬਣਵਾਇਆ ਸੀ। ਅਪਾਰਟਮੈਂਟ ਦੀਆਂ ਹੇਠਲੀਅਾਂ ਮੰਜ਼ਿਲਾਂ ਉਨ੍ਹਾਂ ਨੇ ਆਪਣੇ ਕੋਲ ਰੱਖੀਆਂ ਹਨ, ਜਦਕਿ ਤੀਜੀ ਮੰਜ਼ਿਲ ’ਤੇ ਬਣਿਆ ਫਲੈਟ ਉਨ੍ਹਾਂ ਨੇ ਸ਼ਲਿੰਦਰ ਸਹਿਗਲ ਨੂੰ ਵੇਚ ਦਿੱਤਾ। ਫਰਵਰੀ 2018 ਵਿਚ ਸ਼ਲਿੰਦਰ ਨੇ ਉਥੇ ਹੀ ਫਲੈਟ ਉਨ੍ਹਾਂ ਨੂੰ ਵੇਚ ਦਿੱਤਾ। ਬਿਆਨੇ ਦੇ ਰੂਪ ਵਿਚ ਉਨ੍ਹਾਂ ਨੇ 75 ਲੱਖ ਰੁਪਏ ਸ਼ਲਿੰਦਰ ਸਹਿਗਲ ਨੂੰ ਦਿੱਤੇ ਸਨ ਅਤੇ ਰਜਿਸਟਰੀ ਵੀ ਕਰਵਾ ਲਈ।
ਅੰਜੂ ਗੁਪਤਾ ਨੇ ਕਿਹਾ ਕਿ ਫਲੈਟ ਖਰੀਦਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਮੋਹਨ ਸਿੰਘ ਨੇ ਪੂਰੇ ਅਪਾਰਟਮੈਂਟ ’ਤੇ 2 ਕਰੋੜ ਦਾ ਲੋਨ ਲਿਆ ਹੋਇਆ ਹੈ, ਜਿਸ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਦਿੱਤੀ ਸੀ। ਦੋਸ਼ ਹੈ ਕਿ ਫਲੈਟ ਲੈਣ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਉਹ ਆਪਣਾ ਕੁੱਤਾ ਪੌੜੀਆਂ ਵਿਚ ਬੰਨ੍ਹ ਦਿੰਦੇ ਸਨ ਜਾਂ ਫਿਰ ਉਨ੍ਹਾਂ ਦੀਆਂ ਕੇਬਲ ਦੀਆਂ ਤਾਰਾਂ ਕੱਟ ਦਿੰਦੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਅਪਾਰਟਮੈਂਟ ਵਿਚ ਪਾਰਕਿੰਗ ਲਈ ਉਨ੍ਹਾਂ ਨੂੰ ਤੀਜਾ ਹਿੱਸਾ ਦਿੱਤਾ ਜਾਣਾ ਚਾਹੀਦਾ ਹੈ ਪਰ ਉਨ੍ਹਾਂ ’ਤੇ ਵੀ ਕਮਰੇ ਅਤੇ ਦੁਕਾਨਾਂ ਬਣਾ ਕੇ ਕਬਜ਼ੇ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਕਾਰਾਂ ਨਹੀਂ ਖੜ੍ਹੀਆਂ ਕਰਨ ਦਿੱਤੀਆਂ ਜਾ ਰਹੀਆਂ। ਲਿਫਟ ਲਗਾਉਣ ਲਈ ਦਿੱਤੀ ਗਈ ਜਗ੍ਹਾ ’ਤੇ ਵੀ ਕਬਜ਼ਾ ਕੀਤਾ ਹੋਇਆ ਹੈ। ਅੰਜੂ ਗੁਪਤਾ ਨੇ ਕਿਹਾ ਕਿ ਇਕ ਗੱਡੀ ਪਹਿਲਾਂ ਹੀ ਨਿਕਲ ਗਈ ਸੀ, ਜਦੋਂ ਦੂਜੀ ਗੱਡੀ ਜਿਵੇਂ ਹੀ ਬਾਹਰ ਕੱਢੀ ਤਾਂ ਮਨਮੋਹਨ ਸਿੰਘ ਨੇ ਮੇਨ ਗੇਟ ਨੂੰ ਅੰਦਰੋਂ ਲਾਕ ਕਰ ਦਿੱਤਾ। ਕਾਫੀ ਵਿਰੋਧ ਕਰਨ ’ਤੇ ਛੋਟਾ ਗੇਟ ਖੋਲ੍ਹ ਕੇ ਉਨ੍ਹਾਂ ਨੂੰ ਅੰਦਰ ਆਉਣ ਦਿੱਤਾ ਅਤੇ ਕਾਰ ਖੜ੍ਹੀ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਸਾਰੇ ਝਗੜੇ ਕਾਰਨ 15 ਜੂਨ ਨੂੰ ਥਾਣਾ ਨੰ. 6 ਵਿਚ ਸ਼ਿਕਾਇਤ ਦੇ ਚੁੱਕੇ ਹਨ। ਉਧਰ ਕੌਂਸਲਰ ਪਤੀ ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਦੱਸੇ ਸ਼ਲਿੰਦਰ ਸਹਿਗਲ ਨੇ ਫਲੈਟ ਵੇਚ ਦਿੱਤਾ। ਉਨ੍ਹਾਂ ਕੋਲ ਸਾਰੇ ਪਰੂਫ ਹਨ। 90 ਦਿਨ ਦਾ ਐਗਰੀਮੈਂਟ ਇਨ੍ਹਾਂ ਲੋਕਾਂ ਨੇ ਪੂਰਾ ਨਹੀਂ ਕੀਤਾ, ਜਦਕਿ ਜਿਸ ਜਗ੍ਹਾ ’ਤੇ ਇਹ ਕਾਰਾਂ ਖੜ੍ਹੀਆਂ ਕਰਨ ਦਾ ਦਬਾਅ ਬਣਾ ਰਹੇ ਹਨ, ਉਹ ਪਾਰਕਿੰਗ ਨਹੀਂ। ਸ਼ੁਰੂਆਤ ਵਿਚ ਉਨ੍ਹਾਂ ਦੀਆਂ ਸਹੂਲਤਾਂ ਲਈ ਉਥੇ ਕਾਰ ਖੜ੍ਹੀ ਕਰਨ ਦਿੱਤੀ ਸੀ। ਐਗਰੀਮੈਂਟ ਪੂਰਾ ਨਾ ਹੋਣ ’ਤੇ ਉਹ ਲੋਕ ਮਾਲਕ ਨਾ ਬਣੇ ਸਕੇ।
ਉਨ੍ਹਾਂ ਕਿਹਾ ਕਿ ਸਿਵਲ ਕੋਰਟ ਵਿਚ ਇਨ੍ਹਾਂ ਲੋਕਾਂ ਨੇ ਕੁਝ ਮੰਗਾਂ ਰੱਖੀਆਂ ਹਨ। ਉਹ ਸਾਰੀਆਂ ਮੰਨਣ ਨੂੰ ਤਿਆਰ ਹਨ ਪਰ ਜਦੋਂ ਤੱਕ ਇਹ ਖੁਦ ਹੀ ਮਾਲਕ ਨਹੀਂ ਦਿਖਦੇ ਉਸ ਤੋਂ ਪਹਿਲਾਂ ਕੁਝ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਜਿਵੇਂ ਹੀ ਉਨ੍ਹਾਂ ਦੀ ਗੱਡੀ ਕੱਢੀ ਤਾਂ ਉਨ੍ਹਾਂ ਨੇ ਲਾਕ ਲਗਾ ਲਿਆ, ਉਹ ਜਗ੍ਹਾ ਉਨ੍ਹਾਂ ਦੀ ਹੈ। ਦੋਸ਼ ਹੈ ਕਿ ਇਸ ਗੱਲ ਨੂੰ ਲੈ ਕੇ ਅਜੇ ਗੁਪਤਾ ਤੇ ਉਨ੍ਹਾਂ ਦੀ ਪਤਨੀ ਝਗੜਾ ਕਰਨ ਲੱਗ ਪਏ। ਉਧਰ ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਦੋਵੇਂ ਪੱਖਾਂ ਨੂੰ ਸਮਝਾ ਦਿੱਤਾ ਗਿਆ ਹੈ। ਫਿਲਹਾਲ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ।
