ਕਾਰ ਚਾਲਕ ਨੇ 11 ਮਹੀਨਿਆਂ ਦੀ ਬੱਚੀ ਨੂੰ ਕੁਚਲਿਆ, ਮੌਤ

11/22/2017 3:34:31 AM

ਹਰਿਆਣਾ, (ਰੱਤੀ, ਰਾਜਪੂਤ)- ਥਾਣਾ ਹਰਿਆਣਾ ਅਧੀਨ ਆਉਂਦੇ ਪਿੰਡ ਬੱਸੀ ਕਾਲੇ ਖਾਂ ਵਿਖੇ ਇਕ ਕਾਰ ਵੱਲੋਂ 11 ਮਹੀਨਿਆਂ ਦੀ ਬੱਚੀ ਨੂੰ ਕੁਚਲ ਦੇਣ ਦਾ ਸਮਾਚਾਰ ਮਿਲਿਆ ਹੈ, ਜਿਸ ਕਾਰਨ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬੱਚੀ ਸੁਖਮਨੀ ਦੇ ਪਿਤਾ ਸੁਖਦੇਵ ਨੇ ਦੱਸਿਆ ਕਿ ਉਹ ਆਪਣੀ ਪਤਨੀ ਸ਼ਾਂਤੀ ਦੇਵੀ ਤੇ ਹੋਰ ਮਜ਼ਦੂਰਾਂ ਨਾਲ ਕੰਢੀ ਨਹਿਰ ਦੀ ਸਫ਼ਾਈ ਕਰ ਰਹੇ ਸਨ ਅਤੇ ਆਪਣੀ ਬੱਚੀ ਨੂੰ ਉਨ੍ਹਾਂ ਰੋਜ਼ਾਨਾ ਦੀ ਤਰ੍ਹਾਂ ਨਹਿਰ ਕਿਨਾਰੇ ਧੁੱਪ 'ਚ ਪਾਇਆ ਹੋਇਆ ਸੀ, ਜੋ ਸੁੱਤੀ ਪਈ ਸੀ।
ਇਸ ਦੌਰਾਨ ਇਕ ਕਾਲੇ ਰੰਗ ਦੀ ਤੇਜ਼ ਰਫ਼ਤਾਰ ਕਾਰ ਨੇ ਮਾਸੂਮ ਬੱਚੀ ਨੂੰ ਕੁਚਲ ਦਿੱਤਾ ਅਤੇ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਹਰਿਆਣਾ ਦੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ਼ ਧਾਰਾ 304-ਏ ਤਹਿਤ ਕੇਸ ਦਰਜ ਕਰ ਕੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤਾ ਹੈ।