ਅਬੋਹਰ : ਕਾਰ 'ਚ ਸਿਲੰਡਰ ਕਾਰਨ ਹੋਇਆ ਧਮਾਕਾ, ਇਕ ਦੀ ਮੌਤ (ਵੀਡੀਓ)

03/21/2018 5:32:38 PM

ਅਬੋਹਰ (ਭਾਰਦਵਾਜ) - ਅਬੋਹਰ ਦੇ ਪਿੰਡ ਬਜੀਦਪੁਰ ਕਟਿਆਂਵਾਲੀ ਵਾਸੀ ਇਕ ਵਿਅਕਤੀ ਦੀ ਬੀਤੀ ਦੇਰ ਰਾਤ ਕਾਰ 'ਚ ਰੱਖਿਆ ਸਿਲੰਡਰ ਫੱਟਣ ਨਾਲ ਦਰਦਨਾਕ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਲਾਸ਼ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਐੱਸ.ਪੀ. ਅਤੇ ਥਾਣਾ ਮੁੱਖੀ ਮੌਕੇ 'ਤੇ ਪੁੱਜੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਲੰਡਰ ਫੱਟਣ ਨਾਲ ਹੋਇਆ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।  

ਜਾਣਕਾਰੀ ਮੁਤਾਬਕ ਪਿੰਡ ਬਜੀਤਪੁਰ ਕਟਿਆਂਵਾਲੀ ਵਾਸੀ ਕਰੀਬ 48 ਸਾਲ ਦਾ ਸ਼੍ਰੀਰਾਮ ਪੁੱਤਰ ਸੁਲਤਾਨ ਰਾਮ ਬੀਤੀ ਰਾਤ ਕਰੀਬ 12 ਵਜੇ ਆਪਣੀ ਕਾਰ 'ਚ ਖੇਤ ਗਿਆ ਸੀ। ਰਾਤ ਕਰੀਬ ਸਾਢੇ 12 ਵਜੇ ਪਿੰਡ ਦੇ ਲੋਕਾਂ ਨੇ ਜ਼ੋਰਦਾਰ ਧਮਾਕੇ ਦੀ ਅਵਾਜ ਸੁਣੀ। ਲੋਕਾਂ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਗੰਨੇ ਦੇ ਖੇਤ 'ਚ ਅੱਗ ਲੱਗੀ ਹੋਈ ਸੀ ਅਤੇ ਸ਼੍ਰੀਰਾਮ ਦੀ ਲਾਸ਼ ਖੇਤਾਂ 'ਚ ਡਿੱਗੀ ਹੋਈ ਸੀ। ਕਾਰ ਬਲਾਸਟ ਹੋਣ ਕਰਕੇ ਬੁਰੀ ਤਰ੍ਹਾਂ ਨਾਲ ਸੜ ਚੁੱਕੀ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ ਦਿੱਤੀ, ਜਿਸ 'ਤੇ ਮ੍ਰਿਤਕ ਦਾ ਪਰਿਵਾਰ ਮੌਕੇ 'ਤੇ ਪਹੁੰਚ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਥਾਣਾ ਸਦਰ ਦੇ ਮੁੱਖੀ ਬਲਜਿੰਦਰ ਸਿੰਘ ਅਤੇ ਐੱਸ.ਪੀ. ਅਮਰਜੀਤ ਸਿੰਘ ਮਟਵਾਣੀ ਆਪਣੀ ਟੀਮ ਸਮੇਤ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਮੌਕੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵੇਖਣ 'ਚ ਇਹੀ ਲੱਗ ਰਿਹਾ ਹੈ ਕਿ ਕਾਰ 'ਚ ਰੱਖਿਆ ਸਿਲੰਡਰ ਫਟਣ ਨਾਲ ਹੀ ਇਹ ਹਾਦਸਾ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਸ਼੍ਰੀਰਾਮ ਦੁੱਧ ਦੇ ਚਿੱਲਰ ਦਾ ਕੰਮ ਕਰਦਾ ਸੀ ਅਤੇ ਦੁੱਧ ਦੀ ਗੱਡੀ ਨੂੰ ਰਵਾਨਾ ਕਰਨ ਤੋਂ ਬਾਅਦ ਖੇਤ 'ਚ ਗਿਆ ਸੀ। ਪਤਾ ਲਗਾ ਹੈ ਕਿ ਮ੍ਰਿਤਕ ਵਿਅਕਤੀ ਦੋ ਬੱਚਿਆਂ ਦਾ ਪਿਤਾ ਸੀ।