2 ਕਾਰਾਂ ਦੀ ਟੱਕਰ ''ਚ 7 ਫੱਟੜ
Sunday, Feb 04, 2018 - 03:26 PM (IST)

ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ)— ਪਿੰਡ ਹੀਉਂ ਵਿਖੇ ਦੇਰ ਸ਼ਾਮ 2 ਕਾਰਾਂ ਦੀ ਹੋਈ ਟੱਕਰ 'ਚ 3 ਔਰਤਾਂ ਸਮੇਤ 7 ਵਿਅਕਤੀਆਂ ਫੱਟੜ ਹੋ ਗਏ । ਜਾਣਕਾਰੀ ਅਨੁਸਾਰ ਬੰਗਾ ਨਿਵਾਸੀ ਨਰਿੰਦਰਪਾਲ ਆਨੰਦ ਪੁੱਤਰ ਓਮ ਪ੍ਰਕਾਸ਼ ਆਨੰਦ ਆਪਣੇ ਪਰਿਵਾਰਕ ਮੈਂਬਰਾਂ ਜਿਸ ਵਿਚ ਉਨ੍ਹਾਂ ਦੀ ਪਤਨੀ ਪ੍ਰਪੰਚ ਆਨੰਦ ਪੁੱਤਰੀ ਸ਼ਿਵਾਲੀ ਆਨੰਦ ਅਤੇ ਦੀਪਿਕਾ ਕੌਸ਼ਲ ਅਤੇ ਭਰਾ ਹਕੂਮਤ ਰਾਏ ਸਮੇਤ ਮਾਹਿਲਪੁਰ ਵਿਖੇ ਇਕ ਧਾਰਮਿਕ ਸਥਾਨ ਤੋਂ ਮੱਥਾ ਟੇਕਣ ਉਪਰੰਤ ਕਾਰ 'ਤੇ ਸਵਾਰ ਹੋ ਕੇ ਬੰਗਾ ਵਾਪਸ ਆ ਰਹੇ ਸਨ । ਜਿਵੇਂ ਹੀ ਉਪਰੋਕਤ ਕਾਰ ਪਿੰਡ ਹੀਉਂ ਵਿਖੇ ਪਹੁੰਚੇ ਤਾਂ ਸਾਹਮਣਿਓਂ ਬੰਗਾ ਸਾਈਡ ਤੋਂ ਆ ਰਹੀ ਇਕ ਸਵਿੱਫਟ ਡਿਜ਼ਾਇਰ ਕਾਰ, ਜਿਸ ਨੂੰ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਾਲੋ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ ਤੇ ਉਸ ਦੀ ਨਾਲ ਦੀ ਸੀਟ 'ਤੇ ਉਸ ਦਾ ਕਰੀਬੀ ਮਨਜੀਤ ਸਿੰਘ ਪੁੱਤਰ ਚਰਨ ਸਿੰਘ ਪਿੰਡ ਸਹਿਝੰਗੀ ਡਾਕਖਾਨਾ ਬਸਤੀ ਗੁਜਾਂ ਜਲੰਧਰ ਬੈਠਾ ਹੋਇਆ ਸੀ, ਜੋ ਕਿ ਬੰਗਾ ਦੇ ਇਕ ਨਿੱਜੀ ਹਸਪਤਾਲ ਤੋਂ ਆਪਣੀ ਬੀਮਾਰ ਮਾਤਾ ਦੀ ਦਵਾਈ ਲੈ ਕੇ ਪਿੰਡ ਬਾਲੋਂ ਵਾਪਸ ਜਾ ਰਿਹਾ ਸੀ, ਨਾਲ ਟਕਰਾਅ ਗਈ ।
ਜਿਸ ਨਾਲ ਦੋਵਾਂ ਕਾਰਾਂ 'ਚ ਸਵਾਰ ਦੀਪਿਕਾ ਕੌਸ਼ਲ, ਸ਼ਿਵਾਲੀ ਆਨੰਦ, ਪ੍ਰਪੰਚ ਆਨੰਦ, ਹਕੂਮਤ ਰਾਏ, ਕੁਲਵੀਰ ਸਿੰਘ, ਮਨਜੀਤ ਸਿੰਘ, ਨਰਿੰਦਰਪਾਲ ਦੇ ਸੱਟਾਂ ਲੱਗੀਆਂ । ਜਿਨ੍ਹਾਂ ਨੂੰ ਮੌਕੇ 'ਤੇ ਹਾਜ਼ਰ ਲੋਕਾਂ ਦੀ ਮਦਦ ਤੇ 108 ਵੈਨ ਦੀ ਸਹਾਇਤਾ ਨਾਲ ਬੰਗਾ ਦੇ ਸਿਵਲ ਹਸਪਤਾਲ ਤੇ ਨਿੱਜੀ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ । ਬੰਗਾ ਨਿਵਾਸੀ ਨਰਿੰਦਰਪਾਲ ਆਨੰਦ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਸਿਵਲ ਹਸਪਤਾਲ ਦੇ ਡਿਊਟੀ 'ਤੇ ਹਾਜ਼ਰ ਡਾਕਟਰ ਨੇ ਉਸ ਨੂੰ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਬੰਗਾ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।