ਅੰਬਾਲਾ ਤੋਂ ਘਨੌਰ ਆ ਰਹੀ ਸੈਂਟਰੋ ਕਾਰ ਨਹਿਰ ''ਚ ਡਿੱਗੀ : 2 ਦੀ ਮੌਤ

02/12/2018 8:38:33 AM

ਘਨੌਰ  (ਅਲੀ, ਹਰਵਿੰਦਰ, ਇਕਬਾਲ) - ਅੱਜ ਸਵੇਰੇ ਅੰਬਾਲਾ ਤੋਂ ਘਨੌਰ ਆ ਰਹੀ ਇਕ ਸੈਂਟਰੋ ਕਾਰ ਲਾਛੜੂ ਖੁਰਦ ਨੇੜੇ ਬਣੇ ਘੱਗਰ ਦੇ ਪੁਲ ਕੋਲ ਭਾਖੜਾ ਦੀ ਹਰਿਆਣਾ ਨੂੰ ਜਾ ਰਹੀ ਨਰਵਾਣਾ ਨਹਿਰ 'ਚ ਡਿੱਗ ਗਈ। ਹਾਦਸੇ ਵਿਚ ਕਾਰ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ। ਗੋਤਾਖੋਰਾਂ ਨੇ ਇਕ ਦੀ ਲਾਸ਼ ਕੱਢ ਲਈ ਹੈ, ਜਦਕਿ ਦੂਜੀ ਦੀ ਭਾਲ ਜਾਰੀ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਘਨੌਰ ਦੇ ਇੰਸਪੈਕਟਰ ਰਘਵੀਰ ਸਿੰਘ ਨੇ ਗੋਤਾਖੋਰਾਂ ਨੂੰ ਪਟਿਆਲਾ ਤੋਂ ਬੁਲਾਇਆ ਤੇ ਲਾਸ਼ਾਂ ਲੱਭਣ ਦੀ ਕਾਰਵਾਈ ਆਰੰਭੀ। ਮੌਕੇ 'ਤੇ ਪੁੱਜੇ ਗੋਤਾਖੋਰ ਸ਼ੰਕਰ ਭਾਰਦਵਾਜ ਦੀ ਅਗਵਾਈ ਵਿਚ ਟੀਮ ਨੇ ਭਾਰੀ ਮੁਸ਼ਕਤ ਨਾਲ ਇਕ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢ ਲਿਆ। ਮ੍ਰਿਤਕ ਦੀ ਜੇਬ 'ਚ ਮਿਲੇ ਸ਼ਨਾਖਤੀ ਕਾਰਡ ਤੋਂ ਉਸਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਮਕਾਨ ਨੰਬਰ 4400, ਵਾਸੀ ਕਾਜ਼ੀ ਬਾੜਾ ਮੁਹੱਲਾ ਅੰਬਾਲਾ ਵਜੋਂ ਹੋਈ। ਇਸ ਸਬੰਧੀ ਇੰਸਪੈਕਟਰ ਰਘਵੀਰ ਸਿੰਘ ਥਾਣਾ ਘਨੌਰ ਨੇ ਥਾਣਾ ਅੰਬਾਲਾ ਨੂੰ ਸੂਚਿਤ ਕੀਤਾ ਤੇ ਵਾਰਸਾਂ ਦੇ ਘਰ ਇਤਲਾਹ ਦੇਣ ਲਈ ਕਿਹਾ। ਨਹਿਰ 'ਚ ਰੁੜੇ ਦੂਜੇ ਵਿਅਕਤੀ ਦੀ ਭਾਲ ਗੋਤਾਖੋਰਾਂ ਵੱਲੋਂ ਜਾਰੀ ਹੈ। ਉਸਦੇ ਭਰਾ ਵਿਸ਼ਾਲ ਅਨੰਦ ਨੇ ਮੌਕੇ 'ਤੇ ਪਹੁੰਚ ਕੇ ਦੱਸਿਆ ਕਿ ਮੇਰਾ ਭਰਾ ਵਿਕਾਸ ਆਨੰਦ (ਹਨੀ) ਮਕਾਨ ਨੰਬਰ 1377 ਕਾਂਗਰਸ ਭਵਨ ਰੋਡ, ਅੰਬਾਲਾ ਸਿਟੀ ਤੇ ਜਸਪ੍ਰੀਤ ਸਿੰਘ ਦੋਨੋਂ ਗੱਡੀ 'ਚ ਘਰੋਂ ਆਏ ਸਨ ਅਤੇ ਦੋਨੋਂ ਗੂੜੇ ਦੋਸਤ ਸਨ।
ਮਹੀਨਾ ਪਹਿਲਾਂ ਹੋਇਆ ਸੀ ਵਿਆਹ
ਵਿਕਾਸ ਆਨੰਦ ਦੇ ਪਰਿਵਾਰ ਨੇ ਦੱਸਿਆ ਕਿ ਉਸਦਾ ਵਿਆਹ ਵੀ ਹਾਲੇ ਮਹੀਨਾ ਪਹਿਲਾਂ ਹੀ ਹੋਇਆ ਸੀ। ਉਸ ਨੇ ਬਰਾਉੂਨ ਜੈਕੇਟ ਪਾਈ ਹੋਈ ਹੈ। ਸੱਜੇ ਹੱਥ 'ਤੇ 'ਓਮ' ਛਪਵਾਇਆ ਹੋਇਆ ਹੈ। ਕਾਰ ਵਿਚੋਂ 2 ਮੋਬਾਇਲ ਤੇ ਕੁਝ ਖਾਣ-ਪੀਣ ਦਾ ਸਾਮਾਨ ਨਮਕੀਨ ਵਗੈਰਾ ਮਿਲਿਆ। ਮੌਕੇ 'ਤੇ ਪਹੁੰਚੇ ਹਲਕਾ ਵਿਧਾਇਕ ਦੇ ਭਰਾ ਰਾਜਿੰਦਰ ਜਲਾਲਪੁਰ ਨੇ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਹਿਰ ਦੇ ਐਂਗਲ ਤੇ ਡਿਵਾਈਡਰ ਨੂੰ ਵਧੀਆ ਬਣਾਇਆ ਜਾਵੇ।
'ਜਗ ਬਾਣੀ' ਨੇ ਖਤਰੇ ਬਾਰੇ ਪਹਿਲਾਂ ਹੀ ਕੀਤਾ ਸੀ ਸੂਚਿਤ
ਘਨੌਰ, (ਅਲੀ)-ਭਾਖੜਾ ਦੀ ਨਰਵਾਨਾ ਬ੍ਰਾਂਚ ਦੇ ਆਲੇ-ਦੁਆਲੇ ਕਈ ਥਾਵਾਂ ਤੋਂ ਸਪੋਰਟਿੰਗ ਐਂਗਲ ਟੁੱਟੇ ਹੋਏ ਹਨ, ਜੋ ਕਿ ਹਮੇਸ਼ਾ ਖਤਰਿਆਂ ਨੂੰ ਸੱਦਾ ਦਿੰਦੇ ਹਨ। 'ਜਗ ਬਾਣੀ' ਨੇ ਇਸ ਸਬੰਧੀ ਪਹਿਲਾਂ ਹੀ ਖਬਰ ਲਾ ਕੇ ਖਤਰੇ ਬਾਰੇ ਸੂਚਿਤ ਕੀਤਾ ਸੀ ਕਿ ਨਹਿਰ ਦੇ ਇਹ ਟੁੱਟੇ ਐਂਗਲ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਜੇਕਰ ਸਮੇਂ ਦੀਆਂ ਸਰਕਾਰਾਂ ਜਾਗ ਜਾਂਦੀਆਂ ਅਤੇ ਇਨ੍ਹਾਂ ਐਂਗਲਾਂ ਨੂੰ ਠੀਕ ਕਰਵਾਇਆ ਹੁੰਦਾ ਤਾਂ ਸ਼ਾਇਦ ਅੱਜ ਇਹ ਹਾਦਸਾ ਟਲ ਸਕਦਾ ਸੀ।