ਬਚਪਨ ਦੇ ਸ਼ੌਕ ਨੂੰ ਬਣਾਇਆ ਪ੍ਰੋਫੈਸ਼ਨ, 6 ਕਾਰਾਂ ਦੇ ਤਿਆਰ ਕੀਤੇ ਮਾਡਲ

01/25/2020 4:49:12 PM

ਘਨੌਲੀ (ਸ਼ਰਮਾ) : ਅੱਜ ਦੇ ਦੌਰ 'ਚ ਖਾਸ ਕਰ ਪੰਜਾਬ ਤੋਂ ਕੈਨੇਡਾ ਅਤੇ ਆਸਟਰੇਲੀਆ ਆਦਿ ਦੇਸ਼ਾਂ ਲਈ ਨੌਜਵਾਨਾਂ ਨਾਲ ਭਰੇ ਰੋਜ਼ਾਨਾ ਜਹਾਜ਼ ਉਡਾਰੀਆਂ ਭਰ ਰਹੇ ਹਨ ਅਤੇ ਦੇਸ਼ ਭਰ ਦੇ ਨੌਜਵਾਨਾਂ 'ਚ ਵਿਦੇਸ਼ਾਂ ਵੱਲ ਭੱਜਣ ਦੀ ਦੌੜ ਲੱਗੀ ਹੋਈ ਹੈ। ਇਸ ਦਾ ਕਾਰਣ ਇਹ ਨਹੀਂ ਕਿ ਹਿੰਦੋਸਤਾਨ 'ਚ ਨੌਜਵਾਨਾਂ ਲਈ ਕੰਮ ਦੀ ਘਾਟ ਹੈ। ਪਰ ਇਸਦਾ ਕਾਰਣ ਇਹ ਹੈ ਕਿ ਅੱਜ ਨੌਜਵਾਨਾਂ ਦੀ ਸੋਚ ਦਾ ਆਪਣੇ ਦੇਸ਼ ਦੀਆਂ ਸਰਕਾਰਾਂ ਕੋਈ ਮੁੱਲ ਨਹੀਂ ਪਾ ਰਹੀਆਂ, ਜੇਕਰ ਮਿਹਨਤ ਦਾ ਮੁੱਲ ਮਿਲਣ ਲੱਗ ਪਿਆ ਤਾਂ ਨੌਜਵਾਨ ਵਿਦੇਸ਼ ਜਾਣਾ ਛੱਡ ਦੇਣਗੇ। ਇਹ ਵਿਚਾਰ ਕੁਲਹਾੜੀ (ਖੁਆੜੀ) ਬਣਾਉਣ ਤੋਂ ਬਜ਼ੁਰਗੀ ਕਾਰੋਬਾਰ ਸ਼ੁਰੂ ਕਰਕੇ ਵੱਖ-ਵੱਖ ਕਿਸਮ ਦੀਆਂ ਕਾਰਾਂ ਦੇ ਮਾਡਲ ਤਿਆਰ ਕਰਨ ਵਾਲੇ ਰਾਜਵਿੰਦਰ ਸਿੰਘ ਰੱਤੇਵਾਲੀਆ ਨੇ ਜ਼ਾਹਰ ਕੀਤੇ। ਰਾਜਵਿੰਦਰ ਸਿੰਘ ਨੇ ਕਾਰ ਦੀ ਚੈਸੀ 'ਤੇ ਕਰੀਬ 75 ਲੱਖ ਰੁਪਏ ਕੀਮਤ ਵਾਲੀ ਅਮਰੀਕਨ ਕਾਰ ਮਾਡਲ ਤਿਆਰ ਕਰਕੇ ਜਿੱਥੇ ਆਪਣੇ ਅੰਦਰ ਲੁਕੀ ਇੰਜੀਨੀਅਰਿੰਗ ਕਲਾ ਦਾ ਪ੍ਰਦਰਸ਼ਨ ਕੀਤਾ, ਉੱਥੇ ਹੀ ਨਾਕਾਰਾਤਮਕ ਸੋਚ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਕਿਹਾ ਕਿ ਜੇਕਰ ਇਰਾਦਾ ਮਜ਼ਬੂਤ ਹੋਵੇ ਤਾਂ ਪਰਬਤ ਵੀ ਝੁਕਦੇ ਹਨ।

ਕਰੀਬ 1 ਸਾਲ ਦੀ ਕੜੀ ਮੁਸ਼ੱਕਤ ਅਤੇ ਕਰੀਬ 7 ਲੱਖ ਦੇ ਖਰਚੇ ਨਾਲ ਉਕਤ ਕਾਰ ਦਾ ਮਾਡਲ ਤਿਆਰ ਕਰਨ ਵਾਲੇ ਰਾਜਵਿੰਦਰ ਸਿੰਘ ਰੱਤੇਵਾਲੀਆ ਪੁੱਤਰ ਗੁਰਦੀਪ ਸਿੰਘ ਰੱਤੇਵਾਲੀਆ ਵਾਸੀ ਰੂਪਨਗਰ ਨੇ ਦੱਸਿਆ ਕਿ ਉਸਦਾ ਉਕਤ ਸ਼ੌਕ ਬਚਪਨ ਤੋਂ ਹੀ ਸੀ। ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੜਦਾਦੇ ਸਰਦਾਰ ਸਾਹਿਬ ਵਲੋਂ ਖੁਆੜੀ (ਕੁਲਹਾੜੀ) ਦੇ ਕੰਮ ਨੂੰ ਹੁਣ ਪਿਤਾ ਸਰਦਾਰ ਗੁਰਦੀਪ ਸਿੰਘ ਅਤੇ ਤਾਇਆ ਹਰਜੀਤ ਸਿੰਘ ਨੇ ਜਾਰੀ ਰੱਖਿਆ ਹੋਇਆ ਹੈ।  ਰਾਜਵਿੰਦਰ ਨੇ ਦੱਸਿਆ ਕਿ ਉਸ ਨੇ ਆਪਣੇ ਉਕਤ ਸ਼ੋਕ ਨੂੰ ਪੂਰਾ ਕਰਨ ਲਈ ਆਟੋਮੋਬਾਇਲ ਦਾ ਡਿਪਲੋਮਾ ਕੀਤਾ ਤੇ ਆਪਣੇ ਪਿਤਾ ਦੇ ਉਕਤ ਕਾਰੋਬਾਰ 'ਚ ਹੱਥ ਵੰਡਾਂਉਂਦੇ ਹੋਏ ਕਾਰਾਂ ਦੇ ਮਾਡਲ ਤਿਆਰ ਕੀਤੇ।

ਹੁਣ ਤੱਕ 6 ਕਾਰਾਂ ਦੇ ਮਾਡਲ ਤਿਆਰ ਕਰ ਚੁੱਕੈ ਰਾਜਵਿੰਦਰ
ਹੁਣ ਤੱਕ 6 ਵੱਖ-ਵੱਖ ਕਾਰਾਂ ਦੇ ਮਾਡਲ ਤਿਆਰ ਕਰ ਚੁੱਕਾ ਹੈ। ਪਹਿਲਾ ਮਾਡਲ ਬੈਟਰੀ ਅਤੇ ਪੈਟਰੋਲ ਦੇ ਚੱਲਣ ਵਾਲੀ ਕਾਰ ਦਾ ਤਿਆਰ ਕੀਤਾ ਸੀ ਜਿਸਦੀ ਐਵਰੇਜ਼ ਇੱਕ ਲਿਟਰ ਪੈਟਰੋਲ ਅਤੇ ਇਕ ਬਾਰ ਬੈਟਰੀ ਚਾਰਜ ਕਰਨ ਨਾਲ 110 ਕਿਲੋਮੀਟਰ ਸੀ।

ਫਿਲਮ ਇੰਡਸਟਰੀ 'ਚ ਭਵਿੱਖ ਬਣਾਉਣ ਦੀ ਇੱਛਾ
ਰਾਜਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਕਤ ਕਾਰਾਂ ਦੇ ਮਾਡਲ ਤਿਆਰ ਕਰਕੇ ਉਹ ਫਿਲਮ ਇੰਡਸਟਰੀ 'ਚ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ ਕਿਉਂਕਿ ਫਿਲਮਾਂ ਦੀ ਸ਼ੂਟਿੰਗ ਕਰਦੇ ਸਮੇਂ ਅਜਿਹੀਆਂ ਕਾਰਾਂ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਅੱਜ-ਕੱਲ ਪ੍ਰੀ-ਵੈਡਿੰਗ ਦੌਰਾਨ ਵੀ ਅਜਿਹੇ ਮਾਡਲਾਂ ਦੀ ਜ਼ਰੂਰਤ ਹੁੰਦੀ ਹੈ। ਉਸ ਨੇ ਦੱਸਿਆ ਕਿ ਹੁਣ ਉਸ ਨੇ ਫਾਈਬਰ ਦੀਆਂ ਕਿਸ਼ਤੀਆਂ ਵੀ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

26 ਜਨਵਰੀ ਨੂੰ ਆਪਣੀਆਂ ਕਾਰਾਂ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਾਉਣ ਲਈ ਹੈ ਚਾਹਵਾਨ
ਰਾਜਵਿੰਦਰ ਦਾ ਕਹਿਣਾ ਹੈ ਕਿ ਜੇਕਰ ਜ਼ਿਲਾ ਪ੍ਰਸ਼ਾਸਨ ਇਜ਼ਾਜਤ ਦੇਵੇਗਾ ਤਾਂ ਉਹੋ ਆਪਣੀਆਂ ਕਾਰਾਂ ਦੇ ਮਾਡਲਾਂ ਦੀ ਪ੍ਰਦਰਸ਼ਨੀ 26 ਜਨਵਰੀ ਗਣਤੰਤਰ ਦਿਵਸ ਮੌਕੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਲਾਉਣ ਲਈ ਤਿਆਰ ਹੈ। ਜਿਸ ਨਾਲ ਨੌਜਵਾਨਾਂ ਨੂੰ ਹੋਰ ਪ੍ਰੇਰਣਾ ਮਿਲੇਗੀ।

ਸਰਕਾਰ ਨੂੰ ਨੌਜਵਾਨਾਂ ਦਾ ਮਨੋਬਲ ਉੱਚਾ ਕਰਨਾ ਚਾਹੀਦੈ
ਰਾਜਵਿੰਦਰ ਰੱਤੇਵਾਲੀਏ ਦੇ ਪਿਤਾ ਗੁਰਦੀਪ ਸਿੰਘ ਅਤੇ ਤਾਇਆ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਅੰਦਰ ਲੁਕੇ ਕਲਾਕਾਰ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ, ਉੱਥੇ ਹੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਨੌਜਵਾਨਾ ਦੀ ਸੋਚ ਨੂੰ ਦਬਾਉਣ ਦੀ ਬਚਾਏ ਉਸਦਾ ਮੁੱਲ ਪਾਉਣ। ਰਾਜਵਿੰਦਰ ਦੇ ਅਧਿਆਪਕ ਧਰਮਦੇਵ ਅਤੇ ਦੋਸਤ ਰੱਜਤ ਸ਼ਰਮਾ ਦਾ ਕਹਿਣਾ ਹੈ ਕਿ ਰਾਜਵਿੰਦਰ ਦੀ  ਕਾਰੀਗਿਰੀ ਰਾਹੀਂ ਅੱਜ ਦੇ ਨੌਜਵਾਨਾਂ ਨੂੰ ਪ੍ਰੇਰਣਾ ਦੇਣ ਲਈ ਉਸ ਵੱਲੋਂ ਤਿਆਰ ਕੀਤੇ ਗਏ ਮਾਡਲਾਂ ਦੀ ਜ਼ਿਲਾ ਪੱਧਰੀ ਗਣਤੰਤਰਤਾ ਦਿਵਸ ਸਮਾਰੋਹ 'ਚ ਜ਼ਰੂਰ ਪ੍ਰਦਰਸ਼ਨੀ ਲਾਉਣੀ ਚਾਹੀਦੀ ਹੈ।

Anuradha

This news is Content Editor Anuradha