ਡੇਰੇ ਅੰਦਰ ਕੈਦ ਹਨ ਕਈ ਨੇਤਾਵਾਂ ਦੇ ਰਾਜ਼, ਕੋਣ ਹੈ ਵੱਡਾ ਸ਼ੈਤਾਨ : ਸਾਧਕ ਹੰਸਰਾਜ

09/04/2017 3:41:30 PM

ਫਤੇਹਾਬਾਦ — ਬਲਾਤਕਾਰ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਅਤੇ ਉਸਦੇ ਡੇਰੇ ਨੂੰ ਲੈ ਕੇ ਨਿੱਤ ਨਵੇਂ ਖੁਲਾਸੇ ਹੁੰਦੇ ਜਾ ਰਹੇ ਹਨ। ਫੌਜ ਨੂੰ ਡੇਰੇ ਦੇ ਅੰਦਰ ਸਰਚ ਆਪਰੇਸ਼ਨ ਨਾ ਕਰਨ ਦੇ ਰਾਜ਼ ਤੋਂ ਪੜ੍ਹਦਾ ਚੁੱਕਦਿਆਂ ਡੇਰੇ ਦੇ ਹੀ ਸਾਬਕਾ ਸਾਧਕ ਹੰਸਰਾਜ ਨੇ ਕਿਹਾ ਹੈ ਕਿ ਡੇਰੇ 'ਚ ਹੀ ਨੇਤਾਵਾਂ ਦੇ ਕਈ ਰਾਜ਼ ਕੈਦ ਹਨ, ਜਿੰਨਾ ਨੂੰ ਨੇਤਾ ਲੋਕ ਖੋਲਣ 'ਤੋਂ ਡਰ ਰਹੇ ਹਨ। ਹੰਸਰਾਜ ਨੇ ਕਿਹਾ ਕਿ ਬਲਾਤਕਾਰੀ ਬਾਬਾ ਰਾਮ ਰਹੀਮ ਦੇ ਸਿਰਸਾ ਸਥਿਤ ਡੇਰੇ ਦੇ ਚਾਰੋਂ ਪਾਸੇ ਫੌਜ ਨੇ ਘੇਰਾ ਬੰਦੀ ਕੀਤੀ ਹੋਈ ਹੈ। ਇਸ ਦੇ ਬਾਵਜੂਦ ਫੌਜ ਨੂੰ ਅੰਦਰ ਜਾ ਕੇ ਸਰਚ ਆਪਰੇਸ਼ਨ ਚਲਾਉਣ ਲਈ ਸਰਕਾਰ ਨੇ ਜਾਨਬੂਝ ਕੇ ਰੋਕ ਰੱਖਿਆ ਹੈ। ਸਰਕਾਰ ਇਸ ਤਰ੍ਹਾਂ ਇਸ ਲਈ ਕਰ ਰਹੀ ਹੈ ਕਿ ਜੇਕਰ ਫੌਜ ਅੰਦਰ ਜਾ ਕੇ ਕਾਰਵਾਈ ਕਰਦੀ ਹੈ ਤਾਂ  ਸਰਕਾਰ ਦੇ ਕਈ ਮੰਤਰੀ ਅਤੇ ਡੇਰੇ ਜਾਣ ਵਾਲੇ ਹਰ ਨੇਤਾ ਦਾ ਰਾਜ਼ ਖੁੱਲ ਸਕਦਾ ਹੈ।
ਹੰਸਰਾਜ ਚੌਹਾਨ ਨੇ ਦੱਸਿਆ ਕਿ ਬਾਬੇ ਨੇ ਡੇਰੇ 'ਚ ਹਰੇਕ ਜਗ੍ਹਾ ਕੈਮਰੇ ਲਗਾ ਕੇ ਰੱਖੇ ਹਨ। ਡੇਰੇ ਅੰਦਰ ਪੁੱਜੇ ਹਰੇਕ ਨੇਤਾ ਦੀ ਗਤੀਵਿਧੀ ਵੀ ਡੇਰੇ ਦੇ ਕੈਮਰੇ 'ਚ ਕੈਦ ਹੈ। ਇਸ ਲਈ ਨੇਤਾਵਾਂ ਦੇ ਰਾਜ਼ ਖੁੱਲ੍ਹਣ ਦੇ ਡਰ ਤੋਂ ਸਰਕਾਰ ਫੌਜ ਨੂੰ ਡੇਰੇ ਅੰਦਰ ਜਾ ਕੇ ਕਾਰਵਾਈ ਨਹੀਂ ਕਰਨ ਦੇ ਨਿਰਦੇਸ਼ ਨਹੀਂ ਦੇ ਰਹੀ। ਹੰਸਰਾਜ ਦਾ ਦਾਅਵਾ ਹੈ ਕਿ ਜੇਕਰ ਫੌਜ ਡੇਰੇ ਦੀ ਤਲਾਸ਼ੀ ਲੈਂਦੀ ਹੈ ਤਾਂ ਕਈ ਵੱਡੇ ਰਾਜ਼ ਖੁੱਲ ਸਕਦੇ ਹਨ ਜਿਸ ਤੋਂ ਪਤਾ ਲੱਗ ਸਕਦਾ ਹੈ ਕਿ ਬਲਾਤਕਾਰੀ ਬਾਬਾ ਕਿੰਨਾ ਵੱਡਾ ਸ਼ੈਤਾਨ ਸੀ। ਹੰਸਰਾਜ ਨੇ ਦਾਅਵਾ ਕੀਤਾ ਹੈ ਕਿ ਹਨੀਪ੍ਰੀਤ ਨੂੰ ਵੀ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹੀ ਬਚਾ ਰਹੇ ਹਨ, ਤਾਂ ਜੋ ਡੇਰੇ ਦਾ ਰਾਜ਼, ਰਾਜ਼ ਹੀ ਰਹੇ। ਹਥਿਆਰਾਂ ਤੋਂ ਲੈ ਕੇ ਅੰਗ ਤਸਕਰੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਸਾਰੇ ਰਾਜ਼ਾਂ ਨੂੰ ਜਾਣਨ ਵਾਲੀ ਹਨੀਪ੍ਰੀਤ ਨੂੰ ਇਸੇ ਲਈ ਪੁਲਸ ਤੋਂ ਬਚਾਇਆ ਜਾ ਰਿਹਾ ਹੈ।