ਕੈਪਟਨ ਤੇ ਜਾਖੜ ਨੇ ਪੰਜਾਬ ''ਚ ਬਦਲੇ ਸਿਆਸੀ ਹਾਲਾਤ ''ਤੇ ਕੀਤੀ ਚਰਚਾ

03/18/2018 7:58:14 AM

ਜਲੰਧਰ (ਧਵਨ)  - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਦਿੱਲੀ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਪੰਜਾਬ 'ਚ ਬਦਲੇ ਸਿਆਸੀ ਹਾਲਾਤ ਨੂੰ ਲੈ ਕੇ ਆਪਸ 'ਚ ਡੂੰਘਾਈ ਨਾਲ ਚਰਚਾ ਕਰਦੇ ਹੋਏ ਪਾਰਟੀ ਦੀ ਨਵੀਂ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਦਿੱਲੀ 'ਚ ਸਰਬ ਭਾਰਤੀ ਕਾਂਗਰਸ ਦੇ ਕੌਮੀ ਸੰਮੇਲਨ 'ਚ ਵੀ ਸ਼ਾਮਲ ਹੋਏ। ਉਸ ਸਮੇਂ ਉਨ੍ਹਾਂ ਸੁਨੀਲ ਜਾਖੜ ਅਤੇ ਹੋਰਨਾਂ ਆਗੂਆਂ ਨਾਲ ਸੂਬੇ ਦੀ ਸਿਆਸੀ ਸਥਿਤੀ ਨੂੰ ਲੈ ਕੇ ਸੋਚ ਵਿਚਾਰ ਕੀਤੀ। ਦੱਸਿਆ ਜਾਂਦਾ ਹੈ ਕਿ ਕੈਪਟਨ ਦੀ ਰਾਏ ਸੀ ਕਿ ਕੇਜਰੀਵਾਲ ਵਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗਣ ਪਿੱਛੋਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੋਵੇਂ ਹੀ ਲੋਕਾਂ ਦਰਮਿਆਨ ਬੇਨਕਾਬ ਹੋਏ ਹਨ। ਇਸ ਦਾ ਆਉਣ ਵਾਲੇ ਸਮੇਂ 'ਚ ਕਾਂਗਰਸ ਨੂੰ ਸਿਆਸੀ ਲਾਭ ਮਿਲੇਗਾ।
ਕੈਪਟਨ ਦੀਆਂ ਦਲੀਲਾਂ ਨਾਲ ਜਾਖੜ ਨੇ ਸਹਿਮਤੀ ਪ੍ਰਗਟ ਕੀਤੀ ਅਤੇ ਕਿਹਾ ਕਿ ਕਾਂਗਰਸ ਨੂੰ ਹੁਣ ਦੋਵਾਂ ਪਾਰਟੀਆਂ ਨੂੰ ਬੇਨਕਾਬ ਕਰਨ ਲਈ ਸੂਬੇ 'ਚ ਮੁਹਿੰਮ ਚਲਾਉਣੀ ਚਾਹੀਦੀ ਹੈ। ਕੈਪਟਨ ਨੇ ਉਸ 'ਤੇ ਵੀ ਆਪਣੀ ਸਹਿਮਤੀ ਪ੍ਰਗਟ ਕੀਤੀ। ਜਾਖੜ ਵੀ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਸੈਸ਼ਨ 'ਚ ਸ਼ਾਮਲ ਹੋਏ। ਇਸ ਮੌਕੇ  ਪਾਰਟੀ ਦੇ ਵਿਧਾਇਕ ਰਾਜਾ ਵੜਿੰਗ ਵੀ ਮੌਜੂਦ ਸਨ। ਦਿੱਲੀ 'ਚ ਜਾਰੀ ਇਸ ਸਮਾਗਮ ਨੂੰ ਦੇਖਦਿਆਂ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਦਿੱਲੀ ਪੁੱਜੇ ਹੋਏ ਹਨ। ਉਨ੍ਹਾਂ ਦੇ ਸੋਮਵਾਰ ਵਾਪਸ ਆਉਣ ਦੀ ਸੰਭਾਵਨਾ ਹੈ। ਸਮਾਗਮ ਐਤਵਾਰ ਵੀ ਚੱਲੇਗਾ। ਇਸ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਜਾਖੜ ਦੋਵੇਂ ਸ਼ਾਮਲ ਹੋਣਗੇ। ਜਾਖੜ ਨੇ ਕਿਹਾ ਕਿ ਕਾਂਗਰਸ ਦੇ ਇਸ ਕੌਮੀ ਸੰਮੇਲਨ ਕਾਰਨ ਪਾਰਟੀ ਵਰਕਰਾਂ 'ਚ ਇਕ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਦੇਸ਼ 'ਚ ਮੋਦੀ ਸਰਕਾਰ ਤੋਂ ਕਿਸਾਨ ਖੁਸ਼ ਨਹੀਂ ਹਨ। ਵਪਾਰੀ ਅਤੇ ਉਦਯੋਗਪਤੀ ਵੀ ਨਾਖੁਸ਼ ਹਨ।