ਕੈਪਟਨ ਨਿਭਾ ਰਹੇ ਹਨ ਦੋਸ਼ ਮੜ੍ਹਨ ਵਾਲਾ, ਇਸਤਗਾਸਾ ਅਤੇ ਨਿਆਂ ਪਾਲਿਕਾ ਦੇ ਤਿੰਨ ਰੋਲ : ਬਾਦਲ

07/10/2017 6:20:54 AM

ਚੰਡੀਗੜ੍ਹ  (ਪਰਾਸ਼ਰ) - ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਖਿਲਾਫ ਵਾਅਦੇ ਪੂਰੇ ਨਾ ਕਰਨ ਕਰਕੇ ਲੋਕਾਂ ਅੰਦਰ ਵਧ ਰਹੇ ਗੁੱਸੇ ਤੋਂ ਧਿਆਨ ਭਟਕਾਉਣ ਲਈ ਕੈਪਟਨ ਅਮਰਿੰਦਰ ਸਿੰਘ ਬਹਿਬਲ ਕਲਾਂ ਕਾਂਡ ਬਾਰੇ ਮੇਰੇ ਖਿਲਾਫ ਝੂਠੀ ਦੂਸ਼ਣਬਾਜ਼ੀ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਕੈਪਟਨ ਦਾ ਬਿਆਨ ਉਨ੍ਹਾਂ ਵਲੋਂ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਬਦਲਾਖੋਰੀ ਦੀ ਨੀਤੀ ਨਾ ਅਪਣਾਉਣ ਦੇ ਝੂਠੇ ਦਾਅਵਿਆਂ ਦੀ ਵੀ ਪੋਲ ਖੋਲ੍ਹਦਾ ਹੈ । ਬਾਦਲ ਨੇ ਕੈਪਟਨ ਵਲੋਂ ਬਹਿਬਲ ਕਲਾਂ ਕਾਂਡ ਦੀ ਜਾਂਚ ਕਰ ਰਹੇ ਕਮਿਸ਼ਨ ਦੇ ਬੁਲਾਰੇ ਵਜੋਂ ਨਿਭਾਈ ਜਾ ਰਹੀ ਭੂਮਿਕਾ 'ਤੇ ਵਿਅੰਗ ਕਰਦਿਆਂ ਕਿਹਾ ਕਿ ਸ਼ਾਇਦ ਤੁਹਾਨੂੰ ਇਲਮ ਨਹੀਂ ਹੈ ਕਿ ਤੁਸੀਂ ਪਹਿਲੇ ਅਜਿਹੇ ਮੁੱਖ ਮੰਤਰੀ ਹੋ, ਜਿਨ੍ਹਾਂ ਨੇ ਖੁਦ ਬਣਾਏ ਜਾਂਚ ਕਮਿਸ਼ਨ ਦੇ ਬੁਲਾਰੇ ਦਾ ਹੀ ਕੰਮ ਸੰਭਾਲ ਰੱਖਿਆ ਹੈ। ਅਜਿਹਾ ਕਮਿਸ਼ਨ ਕੀ ਜਾਂਚ ਕਰੇਗਾ, ਜਿਸ ਦੀਆਂ ਲੱਭਤਾਂ ਬਾਰੇ ਮੁੱਖ ਮੰਤਰੀ  ਪਹਿਲਾਂ ਹੀ ਐਲਾਨ ਕਰ ਚੁੱਕਿਆ ਹੈ ਜੇਕਰ ਹਰ ਹਾਲਤ ਵਿਚ ਆਖਰੀ ਫੈਸਲਾ ਤੁਸੀਂ ਖੁਦ ਹੀ ਸੁਣਾਉਣਾ ਹੈ ਤਾਂ ਵਾਰ-ਵਾਰ ਉਨ੍ਹਾਂ ਹੀ ਦੋਸ਼ਾਂ ਦੇ ਬਿਲਕੁਲ ਉਹੀ ਨਤੀਜੇ ਕੱਢਣ ਲਈ ਇਹ ਕਮਿਸ਼ਨ ਬਣਾ ਕੇ ਲੋਕਾਂ ਦਾ ਕੀਮਤੀ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ?
ਬਾਦਲ ਨੇ ਮੁੱਖ ਮੰਤਰੀ ਦੇ ਉਸ ਦੋਸ਼ ਨੂੰ ਸਿਰੇ ਤੋਂ ਨਕਾਰਿਆ ਜਿਸ 'ਚ ਕਿਹਾ ਗਿਆ ਹੈ ਕਿ ਸਿਰਫ ਮੁੱਖ ਮੰਤਰੀ ਬਹਿਬਲ ਕਲਾਂ ਵਰਗੀ ਕਿਸੇ ਵੀ ਘਟਨਾ 'ਚ ਗੋਲੀ ਚਲਾਉਣ ਦਾ ਹੁਕਮ ਦਿੰਦਾ ਹੈ। ਕੈਪਟਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਥਾਣੇਦਾਰ ਜਾਂ ਐੱਸ. ਐੱਸ. ਪੀ. ਨਹੀਂ ਹੁੰਦਾ ਜੋ ਖਾਸ ਕਿਸਮ ਦੇ ਹਾਲਾਤ 'ਚ ਹੁਕਮ ਦੇਵੇ। ਇਹ ਕੰਮ ਉਸ ਅਧਿਕਾਰੀ ਦਾ ਹੁੰਦਾ ਹੈ ਜੋ ਮੌਕੇ ਦਾ ਜਾਇਜ਼ਾ ਲੈ ਕੇ ਕਾਰਵਾਈ ਦੇ ਸਬੰਧ 'ਚ ਫੈਸਲਾ ਲੈਂਦਾ ਹੈ। ਬਾਦਲ ਨੇ ਕਿਹਾ ਕਿ ਕੈ. ਅਮਰਿੰਦਰ ਸਿਘ ਇਕ ਹੀ ਸਮੇਂ 'ਚ ਦੋਸ਼ ਲਗਾਉਣ ਵਾਲੇ, ਇਸਤਗਾਸਾ ਅਤੇ ਨਿਆਂ ਪਾਲਿਕਾ ਬਣਨ ਦਾ ਯਤਨ ਕਰ ਰਹੇ ਹਨ। ਇਸ ਨਾਲ ਕਾਂਗਰਸ ਪਾਰਟੀ ਅਤੇ ਉਸਦੀ ਸਰਕਾਰ ਦੀ ਮਾਨਸਿਕਤਾ ਦੀ ਝਲਕ ਮਿਲਦੀ ਹੈ, ਜਿਨ੍ਹਾਂ ਨੂੰ ਨਾ ਕਾਨੂੰਨ ਤੇ ਨਾ ਹੀ ਨਿਆਂ 'ਤੇ ਭਰੋਸਾ ਹੈ।