ਸ਼ਾਹਕੋਟ ''ਚ ਕਾਂਗਰਸ ਦੀ ਜਿੱਤ ਨਾਲ ਦੇਸ਼ ''ਚ ਮੋਦੀ ਵਿਰੋਧੀ ਹਵਾ ਹੋਰ ਤੇਜ਼ ਹੋਈ

06/15/2018 12:25:33 AM

ਜਲੰਧਰ/ਸ਼ਾਹਕੋਟ (ਧਵਨ, ਤ੍ਰੇਹਨ, ਮਰਵਾਹਾ) - ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਦੇ ਵਿਕਾਸ ਪ੍ਰਾਜੈਕਟਾਂ ਲਈ ਅੱਜ 2140 ਕਰੋੜ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕਰਦਿਆਂ ਕਿਹਾ ਕਿ ਸ਼ਾਹਕੋਟ ਵਿਧਾਨ ਸਭਾ ਸੀਟ ਦੀ ਉਪ ਚੋਣ 'ਚ ਕਾਂਗਰਸ ਨੂੰ ਮਿਲੀ ਜਿੱਤ ਦੇ ਬਦਲੇ ਉਹ ਜਨਤਾ ਨੂੰ ਇਹ ਤੋਹਫਾ ਦੇਣ ਜਾ ਰਹੇ ਹਨ। ਉਨ੍ਹਾਂ ਅੱਜ ਸ਼ਾਹਕੋਟ ਵਿਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਵਲੋਂ ਆਯੋਜਿਤ ਧੰਨਵਾਦ ਰੈਲੀ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਸ਼ਾਹਕੋਟ ਵਿਚ ਕਾਂਗਰਸ ਦੀ ਜਿੱਤ ਨਾਲ ਦੇਸ਼ ਵਿਚ ਮੋਦੀ ਵਿਰੋਧੀ ਹਵਾ ਹੋਰ ਤੇਜ਼ ਹੋ ਗਈ ਹੈ, ਜਿਸ ਦਾ ਲਾਭ ਲੋਕ ਸਭਾ ਦੀਆਂ ਆਮ ਚੋਣਾਂ ਵਿਚ ਮਿਲੇਗਾ। ਮੁੱਖ ਮੰਤਰੀ ਕਿਹਾ ਕਿ ਕਾਂਗਰਸ ਸ਼ਾਹਕੋਟ ਹਲਕੇ ਦੇ ਆਗੂਆਂ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਦੀ ਬਦੌਲਤ ਕਾਂਗਰਸ ਨੂੰ ਹੁਣ ਸੂਬਾ ਵਿਧਾਨ ਸਭਾ ਵਿਚ ਦੋ-ਤਿਹਾਈ ਬਹੁਮਤ ਮਿਲ ਗਿਆ ਹੈ। ਮੁੱਖ ਮੰਤਰੀ ਨੇ ਇਸ ਮੌਕੇ 28 ਜੂਨ ਨੂੰ ਕਬੀਰ ਜਯੰਤੀ ਮੌਕੇ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ। ਮੁਖ ਮੰਤਰੀ ਨੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਸਖਤ ਮਿਹਨਤ ਲਈ ਵਧਾਈ ਦਿੰਦਿਆਂ ਕਿਹਾ ਕਿ 52 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਸ਼ਾਹਕੋਟ ਸੀਟ ਇੰਨੇ ਵੱਡੇ ਫਰਕ ਨਾਲ ਕਾਂਗਰਸ ਨੇ ਜਿੱਤੀ ਹੈ।
ਕੈਪਟਨ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੂਬੇ ਨੂੰ ਸਰਵਪੱਖੀ ਵਿਕਾਸ ਵੱਲ ਲਿਜਾਇਆ ਜਾਵੇ ਅਤੇ ਸ਼ਾਹਕੋਟ ਉਪ ਚੋਣ ਦੌਰਾਨ ਵੋਟਰਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਅਸੀਂ ਕਰੀਏ। ਮੁਖ ਮੰਤਰੀ ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਹਰਦੇਵ ਸਿੰਘ ਲਾਡੀ ਨੂੰ ਕਿਹਾ ਕਿ ਸ਼ਾਹਕੋਟ ਦੇ ਵਿਕਾਸ ਪ੍ਰਾਜੈਕਟਾਂ ਸੰਬੰੰਧੀ ਰਿਪੋਰਟ ਉਨ੍ਹਾਂ ਨੂੰ ਸੌਂਪਣ ਤਾਂ ਜੋ ਸਮੇਂ 'ਤੇ ਸਰਕਾਰ ਫੰਡ ਜਾਰੀ ਕਰ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਤੋਂ ਹੁਸ਼ਿਆਰਪੁਰ ਅਤੇ ਹਿਮਾਚਲ ਦੀ ਹੱਦ ਤਕ 1069 ਕਰੋੜ ਦੀ ਲਾਗਤ ਨਾਲ ਸੜਕ ਦੀ ਫੋਰਲੇਨਿੰਗ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਜਲੰਧਰ ਬਾਈਪਾਸ ਨੂੰ ਐੱਨ. ਐੱਚ. 70 ਅਤੇ ਐੱਨ. ਐੱਚ. 71 ਨਾਲ ਲਿੰਕ ਕਰਨ ਲਈ 1000 ਕਰੋੜ ਦੀ ਹੋਰ ਗ੍ਰਾਂਟ ਦਾ ਵੀ ਐਲਾਨ ਕੀਤਾ। ਇਨ੍ਹਾਂ ਸੜਕਾਂ ਨੂੰ ਜੰਡੂਸਿੰਘਾ ਤੋਂ ਪ੍ਰਤਾਪਪੁਰਾ ਵਾਇਆ ਜਮਸ਼ੇਰ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ 'ਤੇ ਇਸ ਸਾਲ ਕੰਮ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਨੇ ਚੁਗਿੱਟੀ-ਲੱਧੇਵਾਲੀ ਰੋਡ 'ਤੇ 35 ਕਰੋੜ ਦੀ ਲਾਗਤ ਨਾਲ ਆਰ. ਓ. ਬੀ. ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦੇ ਲਈ ਤਕਨੀਕੀ ਸਲਾਹਕਾਰ ਨਿਯੁਕਤ ਕਰਨ ਲਈ ਟੈਂਡਰ ਲਾਏ ਗਏ ਹਨ ਅਤੇ ਨਾਲ ਹੀ 17 ਕਰੋੜ ਦੀ ਲਾਗਤ ਨਾਲ ਜਲੰਧਰ-ਜੰਡਿਆਲਾ-ਨੂਰਮਹਿਲ-ਤਲਵਣ ਰੋਡ ਨੂੰ ਚੌੜਾ ਕੀਤਾ ਜਾਵੇਗਾ। ਇਸ ਮੌਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਇਲਾਵਾ ਵਿਧਾਇਕ ਕੈਪਟਨ ਸੰਦੀਪ ਸੰਧੂ, ਰਮਨਜੀਤ ਸਿੱਕੀ, ਹਰਮਿੰਦਰ ਸਿੰਘ ਗਿੱਲ, ਸੁਸ਼ੀਲ ਰਿੰਕੂ, ਚੌਧਰੀ ਸੁਰਿੰਦਰ ਸਿੰਘ, ਜਗਬੀਰ ਬਰਾੜ ਤੇ ਹੋਰ ਆਗੂ ਵੀ ਮੌਜੂਦ ਸਨ।
ਸ਼ਾਹਕੋਟ 'ਚ ਸਾਫ ਪਾਣੀ ਮੁਹੱਈਆ ਕਰਾਉਣ ਲਈ ਕਰੋੜਾਂ ਦੀਆਂ ਗ੍ਰਾਂਟਾਂ ਦਾ ਐਲਾਨ : ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਸ਼ਾਹਕੋਟ ਵਿਚ 7 ਕਰੋੜ ਦੀ ਲਾਗਤ ਨਾਲ 3 ਸਮਾਰਟ ਸਕੂਲ, 32 ਡਿਜੀਟਲ ਕਲਾਸਾਂ ਬਣਾਈਆਂ ਜਾਣਗੀਆਂ। ਮੁਖ ਮੰਤਰੀ ਨੇ ਸਿਹਤ ਸੇਵਾਵਾਂ ਦੇ ਮੁਢਲੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੁਫਤ ਦਵਾਈਆਂ ਤੇ ਮੁਫਤ ਲੈਬਾਰਟਰੀ ਟੈਸਟ ਕਰਨ ਦਾ ਐਲਾਨ ਕੀਤਾ। ਪ੍ਰਾਇਮਰੀ ਹੈਲਥ ਸੈਂਟਰ ਮਹਿਤਪੁਰ ਦੀ ਮਜ਼ਬੂਤੀ ਲਈ 25 ਲੱਖ ਰੁਪਏ ਦੇਣ ਦਾ ਵੀ ਮੁੱਖ ਮੰਤਰੀ ਨੇ ਐਲਾਨ ਕੀਤਾ। ਉਨ੍ਹਾਂ ਮਲਸੀਆਂ ਅਤੇ ਲਕਸ਼ੀਆਂ ਪਿੰਡਾਂ ਲਈ 136 ਲੱਖ, ਅਕਾਲਪੁਰ ਲਈ 95 ਲੱਖ, ਨੰਗਲ ਅੰਬੀਆਂ ਲਈ 61 ਲੱਖ, ਰੇਰਵਾਂ ਅਤੇ ਨਵਾਂ ਪਿੰਡ ਅਕਾਲੀਆਂ ਲਈ 58 ਲੱਖ, ਮੂਲੇਵਾਲ ਬ੍ਰਾਹਮਣਾਂ ਲਈ 55 ਲੱਖ, ਕੱਕੜ ਕਲਾਂ ਲਈ 48 ਲੱਖ ਅਤੇ ਹਾਜੀਪੁਰ ਅਤੇ ਸਲਾਈਚਨ ਲਈ 48 ਲੱਖ, ਮਾਣਕਪੁਰ ਲਈ 41 ਲੱਖ, ਬਿੱਲੀ ਵੜੈਚ ਲਈ 35 ਲੱਖ, ਜਫਰਪੁਰ ਲਈ 39 ਲੱਖ, ਬੀਆਂਵਾਲ ਅਰਾਈਆਂ ਲਈ 28 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਹ ਰਕਮ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ 'ਤੇ ਖਰਚ ਕੀਤੀ ਜਾਵੇਗੀ।