ਅੱਛੇ ਦਿਨ ਉਦੋਂ ਆਉਣਗੇ ਜਦੋਂ ਮੋਦੀ ਸਰਕਾਰ ਦਾ ਭੋਗ ਪਵੇਗਾ: ਕੈਪਟਨ

04/22/2019 2:18:26 PM

ਜਲੰਧਰ— ਲੋਕ ਸਭਾ ਚੋਣਾਂ ਨੂੰ ਲੈ ਕੇ ਜਲੰਧਰ ਵਿਖੇ ਸੰਤੋਖ ਸਿੰਘ ਚੌਧਰੀ ਦੇ ਹੱਕ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਅੱਛੇ ਦਿਨ ਆਉਣਗੇ ਪਰ ਮੋਦੀ ਵੱਲੋਂ ਜੀ. ਐੱਸ. ਟੀ. ਲਗਾਉਣ ਅਤੇ ਨੋਟਬੰਦੀ ਕਰਨ 'ਤੇ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਹੀ ਬਰਬਾਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਛੇ ਦਿਨ ਹੁਣ ਤਾਂ ਉਦੋਂ ਹੀ ਆਉਣਗੇ ਜਦੋਂ ਮੋਦੀ ਸਰਕਾਰ ਦਾ ਭੋਗ ਪਵੇਗਾ। ਕੈਪਟਨ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਹਰ ਗਰੀਬ ਦੇ ਖਾਤੇ 'ਚ 15 ਲੱਖ ਰੁਪਏ ਆਉਣਗੇ ਪਰ ਕਿਸੇ ਦੇ ਵੀ ਖਾਤੇ 'ਚ ਕੋਈ ਵੀ ਪੈਸਾ ਨਹੀਂ ਆਇਆ। ਉਨ੍ਹਾਂ ਨੇ ਮੋਦੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਮੋਦੀ ਦੱਸਣ ਹੁਣ ਕਿ ਅੱਛੇ ਦਿਨ ਕਿੱਥੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਵੀ ਵੱਡਾ ਧੋਖਾ ਕੀਤਾ ਹੈ। 
ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬ 'ਚ ਅੱਜ ਪਹਿਲੇ ਦਿਨ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੇ ਪਹਿਲਾ ਨਾਮਜ਼ਦਗੀ ਪੱਤਰ ਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਰੋਜ਼ਾਨਾ ਹੁਣ ਦੋ-ਦੋ ਨਾਮਜ਼ਦਗੀ ਭਰੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਜੰਗ ਕਾਂਗਰਸ ਦੀ ਨਹੀਂ ਸਗੋਂ ਦੇਸ਼ ਦੇ ਭਵਿੱਖ ਦੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਚੋਣਾਂ 'ਚ ਕਾਂਗਰਸ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਜਿੱਤ ਹਾਸਲ ਕਰਕੇ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ।

ਵਾਲਾਕੋਟ ਸਟ੍ਰਾਈਕ ਦਾ ਕ੍ਰੈਡਿਟ ਲੈ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਮੋਦੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਵਾਲਾਕੋਟ 'ਤੇ ਹਵਾਈ ਫੌਜ ਦੀ ਕਾਰਵਾਈ ਦਾ ਕ੍ਰੈਡਿਟ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਆਖਿਰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਕੈਪਟਨ ਅਮਰਿੰਦਰ ਸਿੰਘ ਅੱਜ ਇਥੇ ਲੋਕਸਭਾ ਚੋਣਾਂ ਲਈ ਜਲੰਧਰ ਤੋਂ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੀ ਨਾਮਜ਼ਦਗੀ ਦਾਖਲ ਕਰਨ ਪਹੁੰਚੇ ਸਨ। ਇਸ ਮੌਕੇ 'ਤੇ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਕਰਨਾ ਫੌਜ ਦਾ ਕਰੱਤਵ ਹੈ ਤੇ ਪਾਕਿਸਤਾਨ 'ਤੇ ਹੋਈ ਸਰਜੀਕਲ ਸਟ੍ਰਾਈਕ ਫੌਜ ਦੇ ਕੰਮ ਦਾ ਹਿੱਸਾ ਸੀ ਪਰ ਪ੍ਰਧਾਨ ਮੰਤਰੀ ਇਨ੍ਹਾਂ ਹਮਲਿਆਂ ਦਾ ਕ੍ਰੈਡਿਟ ਖੁਦ ਲੈ ਕੇ ਫੌਜ ਦਾ ਰਾਜਨੀਤੀਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕੈਪਟਨ ਨੇ ਕਿਹਾ ਕਿ ਖੁਦ ਫੌਜ 'ਚ ਰਹਿ ਕੇ ਉਹ ਦੇਸ਼ ਦੀ ਸੇਵਾ ਕਰ ਚੁਕੇ ਹਨ। ਇਸ ਲਈ ਉਨ੍ਹਾਂ ਨੂੰ ਪਤਾ ਹੈ ਕਿ ਫੌਜ ਕੀ ਕਰ ਸਕਦੀ ਹੈ। ਉਥੇ ਇਸ ਮੌਕੇ 'ਤੇ ਜਦ ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਸਾਰੇ ਰਾਜਨੀਤਕ ਦਲ ਇਕ ਦੂਜੇ 'ਤੇ ਦੋਸ਼ ਲਗਾ ਰਹੇ ਹਨ ਤੇ ਵਿਕਾਸ ਦੀ ਕੋਈ ਗੱਲ ਨਹੀਂ ਹੋ ਰਹੀ ਤਾਂ ਕੈਪਟਨ ਨੇ ਇਸ ਸਵਾਲ ਨੂੰ ਟਾਲਦੇ ਹੋਏ ਨਜ਼ਰਅੰਦਾਜ਼ ਕਰ ਦਿੱਤਾ ਹੈ।  

shivani attri

This news is Content Editor shivani attri