ਖੇਤੀਬਾੜੀ ਅਰਥਵਿਵਸਥਾ ਪਹਿਲਾਂ ਹੀ ਮਜ਼ਬੂਤ, ਪੰਜਾਬ ਨੂੰ ਮੈਨੂਫੈਕਚਰਿੰਗ ਹੱਬ ਬਣਾਉਣ ਦੀ ਲੋੜ : ਕੈਪਟਨ

03/04/2020 9:10:31 PM

ਜਲੰਧਰ,(ਧਵਨ)- ਪੰਜਾਬ 'ਚ ਮੈਨੂਫੈਕਚਰਿੰਗ ਸੈਕਟਰ ਨੂੰ ਹੋਰ ਰਫਤਾਰ ਦੇਣ ਦੀ ਲੋੜ ਹੈ ਕਿਉਂਕਿ ਸੂਬੇ 'ਚ ਖੇਤੀਬਾੜੀ ਅਰਥਵਿਵਸਥਾ ਪਹਿਲਾਂ ਹੀ ਮਜ਼ਬੂਤ ਸਥਿਤੀ 'ਚ ਹੈ। ਅਜਿਹੇ ਸਮੇਂ 'ਚ ਹੁਣ ਸਾਨੂੰ ਮੈਨੂਫੈਕਚਰਿੰਗ ਖੇਤਰ 'ਚ ਹੋਰ ਅੱਗੇ ਵਧਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪ੍ਰਗਤੀਸ਼ੀਲ ਅਤੇ ਵਿਜ਼ਨਰੀ ਨੀਤੀਆਂ ਕਾਰਣ ਸੂਬਾ ਮੈਨੂਫੈਕਚਰਿੰਗ ਖੇਤਰ 'ਚ ਵੀ ਅੱਗੇ ਵਧੇਗਾ। ਸਰਕਾਰ ਦੀਆਂ ਸਹੀ ਨੀਤੀਆਂ ਕਾਰਣ ਅਤੇ ਮੌਜੂਦਾ ਮਨੁੱਖੀ ਸ਼ਕਤੀ ਕਾਰਣ ਉਨ੍ਹਾਂ ਨੂੰ ਉਮੀਦ ਹੈ ਕਿ ਦੇਸ਼ 'ਚ ਪੰਜਾਬ ਇਕ ਮੈਨੂਫੈਕਚਰਿੰਗ ਹੱਬ ਵਜੋਂ ਉਭਰ ਕੇ ਸਾਹਮਣੇ ਆਏਗਾ। ਅਜਿਹੇ ਸਮੇਂ 'ਚ ਲੋੜ ਇਸ ਗੱਲ ਦੀ ਹੈ ਕਿ ਸੂਬੇ ਨੂੰ ਉਦਯੋਗਿਕ ਅਤੇ ਨਿਰਮਾਣ ਖੇਤਰ 'ਚ ਅੱਗੇ ਵਧਾਇਆ ਜਾਵੇ ਕਿਉਂਕਿ ਇਨ੍ਹਾਂ ਦੋਵਾਂ ਖੇਤਰਾਂ 'ਚ ਰੋਜ਼ਗਾਰ ਦੇ ਬਹੁਤ ਮੌਕੇ ਮੌਜੂਦ ਹਨ। ਪੰਜਾਬ 'ਚ ਸਰਕਾਰ ਵੱਲੋਂ ਨਿਵੇਸ਼ ਦੇ ਮੌਕਿਆਂ ਅਤੇ ਬਦਲਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਾਈਵੇਟ ਨਿਵੇਸ਼ ਵੱਡੀ ਗਿਣਤੀ 'ਚ ਮੈਨੂਫੈਕਚਰਿੰਗ ਖੇਤਰ 'ਚ ਹੋ ਸਕਣ।

ਕੈਪਟਨ ਨੇ ਪੰਜਾਬ ਦੇ ਸਪੋਰਟਸ ਗੁੱਡਸ ਮੈਨੂਫੈਕਚਰਿੰਗ ਅਤੇ ਐਕਸਪੋਰਟ ਖੇਤਰ 'ਚ ਸਿਖਰ 'ਤੇ ਹੋਣ 'ਤੇ ਇੰਡੀਆ ਇਨਵੈਸਟਮੈਂਟ ਗਰਿਡ ਵੱਲੋਂ ਕੀਤੀ ਗਈ ਟਿੱਪਣੀ ਪਿੱਛੋਂ ਟਵੀਟ ਕਰ ਕੇ ਕਿਹਾ ਕਿ ਸਰਕਾਰ ਦੀਆਂ ਪ੍ਰਗਤੀਸ਼ੀਲ ਨੀਤੀਆਂ ਦਾ ਲਾਭ ਨਾਲ ਉਦਯੋਗਿਕ ਸੈਕਟਰ ਨੂੰ ਉੱਪਰ ਚੁੱਕਣ ਦੀ ਲੋੜ ਹੈ। ਖੇਤੀਬਾੜੀ ਸੈਕਟਰ 'ਚ ਪੰਜਾਬ ਪਹਿਲਾਂ ਹੀ ਸਿਖਰ 'ਤੇ ਹੈ। ਕਣਕ ਅਤੇ ਝੋਨੇ ਦੀ ਪੈਦਾਵਾਰ 'ਚ ਪੰਜਾਬ ਸਭ ਤੋਂ ਉੱਪਰ ਚੱਲ ਰਿਹਾ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਉਦਯੋਗਿਕ ਖੇਤਰ 'ਚ ਅੱਗੇ ਵਧਿਆ ਹੈ। ਪਿਛਲੇ ਤਿੰਨ ਸਾਲਾਂ 'ਚ ਸਰਕਾਰ ਦੀਆਂ ਉਸਾਰੂ ਉਦਯੋਗਿਕ ਨੀਤੀਆਂ ਕਾਰਣ 50 ਹਜ਼ਾਰ ਕਰੋੜ ਤੋਂ ਵੱਧ ਦਾ ਪੂੰਜੀ ਨਿਵੇਸ਼ ਪੰਜਾਬ 'ਚ ਹੋ ਚੁੱਕਾ ਹੈ।