ਕੈਪਟਨ ਨੇ ਵੀਡੀਓ ਕਾਲ ਕਰ ਕੇ ਸਿਹਤ ਕਰਮਚਾਰੀਆਂ ਤੇ ਪੁਲਸ ਜਵਾਨਾਂ ਦਾ ਪੁੱਛਿਆ ਹਾਲ

03/27/2020 9:25:56 PM

ਜਲੰਧਰ,(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਕਾਰਣ ਸੂਬੇ 'ਚ ਪੈਦਾ ਹੋਏ ਹਾਲਾਤ 'ਚ ਸਿਹਤ ਕਰਮਚਾਰੀਆਂ ਤੇ ਪੁਲਸ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਅਜਿਹੇ ਸੰਵੇਦਨਸ਼ੀਲ ਸਮੇਂ ਵਿਚ ਡਿਊਟੀ ਕਰਦੇ ਸਮੇਂ ਮਾਸਕ ਪਾਉਣ ਤੇ ਹੋਰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਨੇ ਆਪਣੇ ਚੀਫ ਪ੍ਰਿੰਸੀਪਲ ਸੈਕਰੇਟਰੀ ਸੁਰੇਸ਼ ਕੁਮਾਰ, ਡੀ. ਜੀ. ਪੀ. ਦਿਨਕਰ ਗੁਪਤਾ ਤੇ ਹੋਰ ਆਲ੍ਹਾ ਅਧਿਕਾਰੀਆਂ ਦੀ ਮੌਜ਼ੂਦਗੀ 'ਚ ਫੀਲਡ 'ਚ ਕੰਮ ਕਰ ਰਹੇ ਸਿਹਤ ਵਿਭਾਗ ਨਾਲ ਜੁੜੇ ਡਾਕਟਰਾਂ, ਸਿਹਤ ਕਰਮਚਾਰੀਆਂ ਤੇ ਪੁਲਸ ਜਵਾਨਾਂ ਦੇ ਨਾਲ ਵੀਡੀਓ ਕਾਲਿੰਗ ਕੀਤੀ। ਮੁੱਖ ਮੰਤਰੀ ਨੇ ਇਕ ਸਿਹਤ ਕਰਮਚਾਰੀ ਨਾਲ ਗੱਲਬਾਤ ਕਰਦਿਆਂ ਪੁੱਛਿਆ ਕਿ ਉਨ੍ਹਾਂ ਮਾਸਕ ਕਿਉਂ ਨਹੀਂ ਪਾਇਆ ਤਾਂ ਦੂਜੇ ਪਾਸਿਓਂ ਜਵਾਬ ਆਇਆ ਕਿ ਕਿਉਂਕਿ ਕਾਲ ਮੁੱਖ ਮੰਤਰੀ ਵਲੋਂ ਆਈ ਹੈ ਇਸ ਲਈ ਗੱਲਬਾਤ ਕਰਨ ਵਿਚ ਸੌਖ ਹੋਵੇ ਇਸ ਲਈ ਉਨ੍ਹਾਂ ਮਾਸਕ ਉਤਾਰ ਦਿੱਤਾ ਸੀ। ਇਸੇ ਤਰ੍ਹਾਂ ਇਕ ਪੁਲਸ ਜਵਾਨ ਨੂੰ ਵੀਡੀਓ ਕਾਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮਾਸਕ ਪਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਕੋਰੋਨਾ ਵਾਇਰਸ ਜਲਦੀ ਖਤਮ ਹੋਵੇ ਤੇ ਅਸੀਂ ਸਾਰੇ ਤੰਦਰੁਸਤ ਰਹੀਏ।

ਮੁੱਖ ਮੰਤਰੀ ਨੇ ਇਕ ਹੋਰ ਪੁਲਸ ਮੁਲਾਜ਼ਮ ਨੂੰ ਵੀਡੀਓ ਕਾਲ ਕੀਤੀ ਜੋ ਕਿ ਉਨ੍ਹਾਂ ਦੇ ਗ੍ਰਹਿ ਸ਼ਹਿਰ ਪਟਿਆਲਾ ਨਾਲ ਸਬੰਧਿਤ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਉਹ ਡਿਊਟੀ ਤਾਂ ਕਰ ਰਹੇ ਹਨ ਪਰ ਨਾਲ ਹੀ ਸਰਕਾਰ ਵਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ਮੁੱਖ ਮੰਤਰੀ ਨੇ ਪੁਲਸ ਜਵਾਨ ਨੂੰ ਕਿਹਾ ਕਿ ਉਹ ਖੁਦ ਤਾਂ ਬਹੁਤ ਵੱਡੀ ਸੇਵਾ ਨਿਭਾ ਰਿਹਾ ਹੈ ਪਰ ਨਾਲ ਹੀ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਧਿਆਨ ਰੱਖਣਾ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਸੰਕਟ ਦੇ ਸਮੇਂ ਮੈਦਾਨ ਵਿਚ ਡਟਣ ਵਾਲੇ ਯੋਧਿਆਂ ਦਾ ਹੌਸਲਾ ਵਧਾਉਂਦੇ ਰਹੇ ਹਨ। ਜਦੋਂ ਪਾਕਿਸਤਾਨ ਦੇ ਖਿਲਾਫ ਪਿਛਲੇ ਸਾਲ ਭਾਰਤ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ, ਤਾਂ ਉਸ ਸਮੇਂ ਕੈਪਟਨ ਭਾਰਤ-ਪਾਕਿ ਸਰਹੱਦ 'ਤੇ ਖੁਦ ਜਵਾਨਾਂ ਦਾ ਹੌਸਲਾ ਵਧਾਉਣ ਲਈ ਗਏ ਸਨ। ਉਨ੍ਹਾਂ ਲਗਭਗ ਇਕ ਦਰਜਨ ਲੋਕਾਂ ਨਾਲ ਵੀਡੀਓ ਕਾਲ ਕਰ ਕੇ ਉਨ੍ਹਾਂ ਦਾ ਹਾਲਚਾਲ ਪੁੱਛਿਆ।

Deepak Kumar

This news is Content Editor Deepak Kumar