ਮੁੱਖ ਮੰਤਰੀ ਨੇ ਦਿੱਤੇ 1.2 ਲੱਖ ਸਰਕਾਰੀ ਅਸਾਮੀਆਂ ਭਰਨ ਦੇ ਨਿਰਦੇਸ਼

01/02/2019 4:01:54 PM

ਚੰਡੀਗੜ੍ਹ,(ਅਸ਼ਵਨੀ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਖਾਲੀ ਪਈਆਂ 1.2 ਲੱਖ ਅਸਾਮੀਆਂ ਨੂੰ ਪੜਾਅਵਾਰ ਤਰੀਕੇ ਨਾਲ ਭਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਹਿਲੇ ਪੜਾਅ ਦੌਰਾਨ ਸਿਹਤ, ਸਿੱਖਿਆ ਅਤੇ ਡਾਕਟਰੀ ਸਿੱਖਿਆ ਤੇ ਖੋਜ ਵਰਗੇ ਵਿਭਾਗਾਂ 'ਚ ਖਾਲੀ ਅਹਿਮ ਅਸਾਮੀਆਂ ਭਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਇਹ ਨਿਰਦੇਸ਼ ਸੂਬਾ ਸਰਕਾਰ ਦੀ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਸਕੀਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੌਰਾਨ ਇਕ ਉੱਚ ਪਧਰੀ ਮੀਟਿੰਗ 'ਚ ਜਾਰੀ ਕੀਤੇ। ਮੁੱਖ ਮੰਤਰੀ ਨੇ ਸਰਕਾਰੀ ਅਸਾਮੀਆਂ ਭਰਨ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਰੂਪ-ਰੇਖਾ ਤਿਆਰ ਕਰਨ ਲਈ ਆਖਿਆ ਹੈ। ਜਾਇਜ਼ਾ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ 'ਚ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੇ ਬਾਰੇ ਮੁੱਖ ਸਕੱਤਰ ਨੂੰ ਆਪਣੀ ਅਗਵਾਈ ਵਾਲੀ ਅਫਸਰ ਕਮੇਟੀ 'ਚ ਪ੍ਰਸ਼ਾਸਕੀ ਸਕੱਤਰਾਂ ਦੇ ਨਾਲ ਮੀਟਿੰਗ ਕਰਨ ਲਈ ਕਿਹਾ ਹੈ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਹੁਨਰ ਸਿਖਲਾਈ ਅਤੇ ਨੌਕਰੀਆਂ ਸਬੰਧੀ ਯੋਗਤਾ ਵਿਚਲੇ ਪਾੜੇ ਨੂੰ ਪੂਰਨ ਲਈ ਹੁਨਰ ਵਿਕਾਸ ਮਿਸ਼ਨ ਅਤੇ ਰੋਜ਼ਗਾਰ ਉਤਪੱਤੀ ਤੇ ਸਿਖਲਾਈ ਵਿਭਾਗ (ਡੀ. ਈ. ਜੀ. ਟੀ) ਵਿਚਕਾਰ ਵਧੀਆ ਤਾਲਮੇਲ ਅਤੇ ਇਕਸੁਰਤਾ 'ਤੇ ਜ਼ੋਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਘਰੇਲੂ ਉਦਯੋਗ 'ਚ ਨੌਜਵਾਨਾਂ ਨੂੰ ਲਾਹੇਵੰਦ ਰੋਜ਼ਗਾਰ ਪ੍ਰਾਪਤ ਕਰਨ ਦੇ ਲਈ ਲੈਸ ਕਰਨ ਵਾਸਤੇ ਹੋਰ ਵਿਸ਼ੇਸ਼ ਤਕਨੀਕੀ ਸਿਖਲਾਈ ਅਤੇ ਵੋਕੇਸ਼ਨਲ ਗਾਈਡੈਂਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਨੌਕਰੀਆਂ ਵਾਸਤੇ ਉਭਰ ਰਹੀਆਂ ਨਵੀਆਂ ਜ਼ਰੂਰਤਾਂ ਦੀ ਲੀਹ 'ਤੇ ਅਰਧ ਹੁਨਰਮੰਦਾਂ ਅਤੇ ਗੈਰ ਹੁਨਰਮੰਦਾਂ ਨੂੰ ਨਤੀਜਾ ਮੁੱਖੀ ਸਿਖਲਾਈ ਦੇਣ ਵਾਸਤੇ ਹੁਨਰ ਵਿਕਾਸ ਮਿਸ਼ਨ ਦੇ ਤਾਲਮੇਲ ਨਾਲ ਵਿਸ਼ੇਸ਼ ਸਿਖਲਾਈ ਸਬੰਧੀ ਵੀ ਜ਼ੋਰ ਦਿੱਤਾ।

ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉਤਪੱਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਡੀ. ਈ. ਜੀ. ਟੀ ਵਲੋਂ ਆਯੋਜਿਤ 'ਓਵਰਸੀਜ਼ ਇੰਪਲਾਈਮੈਂਟ ਕੈਂਪ' ਦੌਰਾਨ ਵਿਦੇਸ਼ੀ ਕੰਪਨੀਆਂ 'ਚ ਨੌਕਰੀਆਂ ਪ੍ਰਾਪਤ ਕਰਨ ਲਈ 30 ਹਜ਼ਾਰ ਨੌਜਵਾਨਾਂ ਨੇ ਨਿਵੇਦਨ ਦਿੱਤਾ। ਇਸ ਕੈਂਪ ਵਿਚ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਨੇ 5000 ਨੌਕਰੀਆਂ ਵਾਸਤੇ ਖਾਹਿਸ਼ਮੰਦਾਂ ਦੀ ਚੋਣ ਲਈ ਸ਼ਮੂਲੀਅਤ ਕੀਤੀ, ਪਰ ਸਿਰਫ 500 ਦੀ ਹੀ ਚੋਣ ਹੋਈ, ਜਿਸ ਤੋਂ ਉਮੀਦਵਾਰਾਂ ਦੀ ਹੁਨਰ ਸਿਖਲਾਈ ਅਤੇ ਨੌਕਰੀ ਦੀ ਯੋਗਤਾ ਵਿਚਲੇ ਪਾੜੇ ਦਾ ਪ੍ਰਗਟਾਵਾ ਹੁੰਦਾ ਹੈ। ਮੰਤਰੀ ਵਲੋਂ ਉਠਾਈ ਗਈ ਮੰਗ ਨੂੰ ਪ੍ਰਵਾਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਹੇਠ ਵੱਖ-ਵੱਖ ਸਕੀਮਾਂ ਨੂੰ ਚਲਾਉਣ ਲਈ ਤੁਰੰਤ 5 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਵਾਸਤੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਗਲੇ ਵਿੱਤੀ ਸਾਲ ਦੌਰਾਨ 23 ਕਰੋੜ ਰੁਪਏ ਦੀ ਵਿੱਤੀ ਵਿਵਸਥਾ ਕਰਨ ਲਈ ਵੀ ਵਿੱਤ ਵਿਭਾਗ ਨੂੰ ਆਖਿਆ।