ਪੰਜਾਬ 'ਚ ਸਾਰੀਆਂ ਸਿਆਸੀ ਧਿਰਾਂ ਇਕਜੁੱਟ ਹੋ ਕੇ ਖੇਤੀ ਬਿੱਲਾਂ ਵਿਰੁੱਧ ਕਰਨ ਸੰਘਰਸ਼ : ਕੈਪਟਨ

09/24/2020 7:44:36 PM

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮੂਹ ਸਿਆਸੀ ਪਾਰਟੀਆਂ ਨੂੰ ਸੌੜੇ ਸਿਆਸੀ ਮੁਫਾਦਾਂ ਤੋਂ ਉਪਰ ਉਠਣ ਅਤੇ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰ ਦੇਣ ਵਾਲੇ ਖੇਤੀ ਬਿੱਲਾਂ ਵਿਰੁਧ ਇਕਜੁੱਟ ਹੋ ਕੇ ਲੜਾਈ ਲੜਨ ਲਈ ਇਕ ਮੰਚ ’ਤੇ ਆਉਣ ਦੀ ਅਪੀਲ ਕੀਤੀ ਹੈ।

ਕਿਸਾਨਾਂ ਦੇ ਹਿੱਤਾਂ ਦੀ ਹਰ ਕੀਮਤ ’ਤੇ ਰਾਖੀ ਕਰਨ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੂਰੀ ਤਾਕਤ ਨਾਲ ਗੈਰ-ਸੰਵਿਧਾਨਕ ਕਿਸਾਨ ਵਿਰੋਧੀ ਬਿੱਲਾਂ ਖਿਲਾਫ ਸਿਆਸੀ ਲੜਾਈ ਲੜਨ ਲਈ ਅਗਵਾਈ ਕਰਨ ਵਾਸਤੇ ਤਿਆਰ ਹਨ। ਉਨ੍ਹਾਂ ਕਿਹਾ, ‘‘ਇਨ੍ਹਾਂ ਘਾਤਕ ਨਵੇਂ ਕਾਨੂੰਨਾਂ ਤੋਂ ਮੇਰੇ ਕਿਸਾਨਾਂ ਅਤੇ ਸੂਬੇ ਨੂੰ ਬਚਾਉਣ ਲਈ ਜੋ ਕੁਝ ਵੀ ਕਰਨਾ ਪਿਆ, ਮੈਂ ਕਰਾਂਗਾ। ਇਹ ਕਾਨੂੰਨ ਸਾਡੇ ਖੇਤੀ ਸੈਕਟਰ ਨੂੰ ਖੋਖਲਾ ਕਰ ਦੇਣਗੇ ਅਤੇ ਪੰਜਾਬ ਦੀ ਖੇਤੀਬਾੜੀ ਦੀ ਜੀਵਨ ਰੇਖਾ ਨੂੰ ਤਬਾਹ ਕਰ ਦੇਣਗੇ।’’

ਇਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਅੱਗੇ ਵੀ ਮੋਢਾ ਨਾਲ ਮੋਢਾ ਜੋੜ ਕੇ ਖੜੇ੍ਹਗੀ ਤਾਂ ਕਿ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਨਾ ਸਿਰਫ ਆਪਣੇ ਕਿਸਾਨਾਂ ਅਤੇ ਕਾਮਿਆਂ ਸਗੋਂ ਸਮੁੱਚੇ ਪੰਜਾਬ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਅਤੇ ਕਿਰਤੀ ਮੁਲਕ ਦਾ ਢਿੱਡ ਭਰਨ ਲਈ ਦਿਨ-ਰਾਤ ਖੇਤਾਂ ਵਿਚ ਪਸੀਨਾ ਵਹਾਉਂਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਹ ਬਿੱਲ ਲਿਆਉਣ ਲਈ ਏਨੇ ਨੀਵੇਂ ਪੱਧਰ ’ਤੇ ਚਲੀ ਗਈ ਜੋ ਪੂਰੀ ਤਰ੍ਹਾਂ ਗੈਰ-ਜ਼ਮਹੂਰੀ ਅਤੇ ਗੈਰ-ਸੰਸਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਸਹਿਯੋਗ ਨਾਲ ਉਨ੍ਹਾਂ ਦੀ ਸਰਕਾਰ ਇਨ੍ਹਾਂ ਕਾਨੂੰਨਾਂ ਦੀ ਜ਼ੋਰਦਾਰ ਢੰਗ ਨਾਲ ਮੁਖਾਲਫ਼ਤ ਕਰੇਗੀ ਕਿਉਂ ਜੋ ਇਹ ਕਾਨੂੰਨ ਨਾ ਸਿਰਫ ਕਿਸਾਨਾਂ ਸਗੋਂ ਸਮੁੱਚੇ ਮੁਲਕ ਦੇ ਖਿਲਾਫ ਭੁਗਤਦੇ ਹਨ।

ਅਕਾਲੀਆਂ ਵਲੋਂ ਪੰਜਾਬ ਬਨਾਮ ਕੇਂਦਰ ਦੀ ਲੜਾਈ ਨੂੰ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਜਾਣਬੁੱਝ ਕੇ ਸਥਾਨਕ ਰਾਜਸੀ ਟਕਰਾਅ ਵਿਚ ਬਦਲਣ ਦੀਆਂ ਕੋਸ਼ਿਸ਼ਾਂ ਲਈ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਦਲ ਦਿੱਤਾ ਹੈ ਜੋ ਹੁਣ ਇਕ ਰਾਜਨੀਤਿਕ ਤਾਕਤ ਦੀ ਥਾਂ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਕੈਬਨਿਟ ’ਚੋਂ ਅਸਤੀਫੇ ਨੂੰ ਅਕਾਲੀਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਮਜ਼ਾਕ ਉਡਾਉਦਿਆਂ ਖਾਰਜ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਬਾਦਲਾਂ ਨੇ ਪਾਰਟੀ ਨੂੰ ਅਗਵਾ ਕਰਦਿਆਂ ਆਪਣੇ ਨਿੱਜੀ ਹਿੱਤਾਂ ਤੇ ਫਾਇਦੇ ਲਈ ਵਰਤਿਆ ਹੈ। ਉਨ੍ਹਾਂ ਕਿਹਾ, ‘‘ਕੀ ਕੇਂਦਰੀ ਕੈਬਨਿਟ ਅਹੁਦਾ ਛੱਡਣਾ ਇਕ ਕੁਰਬਾਨੀ ਹੈ?’’ ਉਨ੍ਹਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਹਾਲ ਹੀ ਵਿੱਚ ਦਿੱਤੇ ਬਿਆਨ ਕਿ ਅਕਾਲੀ ਦਲ ਕਿਸਾਨਾਂ ਲਈ ਕੋਈ ਵੀ ਕੁਰਬਾਨੀ ਕਰ ਸਕਦਾ ਹੈ, ਦਾ ਮੌਜੂ ਉਡਾਉਦਿਆਂ ਕਿਹਾ ਕਿ ਬਾਦਲਾਂ ਨੂੰ ਕੁਰਬਾਨੀ ਦਾ ਅਰਥ ਵੀ ਨਹੀਂ ਪਤਾ। ਉਨ੍ਹਾਂ ਅਕਾਲੀ ਆਗੂ ਨੂੰ ਪੁੱਛਿਆ ਕਿ ਉਹ ਕੇਂਦਰ ’ਤੇ ਕਾਬਜ਼ ਕਿਸਾਨ ਵਿਰੋਧੀ ਐੱਨ.ਡੀ.ਏ. ਸਰਕਾਰ ਵਿਚ ਹੁਣ ਤੱਕ ਬੈਠੇ ਕੀ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਦਾ ਦਾਅਵਾ ਕਿ ਜੇ ਲੋਕ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਾਉਂਦੇ ਹਨ ਤਾਂ ਉਹ ਕਿਸੇ ਕਾਰਪੋਰੇਟ ਨੂੰ ਪੰਜਾਬ ਦਾਖਲ ਹੋਣ ਨਹੀਂ ਦੇਣਗੇ, ਤੋਂ ਸਪੱਸ਼ਟ ਹੁੰਦਾ ਹੈ ਕਿ ਸਾਰਾ ਕੁਝ ਸੱਤਾ ਹਾਸਲ ਕਰਨ ਵਾਸਤੇ ਹੈ। ਉਨ੍ਹਾਂ ਦੀ ਪਾਰਟੀ ਵਲੋਂ ਰਚਿਆ ਸਾਰਾ ਡਰਾਮਾ ਸੱਤਾ ਦੀ ਕਾਠੀ ਚੜ੍ਹਨ ਵਾਸਤੇ ਹੈ।

ਰਾਜਸੀ ਮਜ਼ਬੂਰੀ ਦੇ ਤਹਿਤ ਬਿੱਲਾਂ ਉਤੇ ਅਕਾਲੀ ਦਲ ਵਲੋਂ ਲਏ ਯੂ ਟਰਨ ਨੂੰ ਨਿਰਾਸ਼ਾਜਨਕ ਕਦਮ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਦੋਂ ਲਿਆ ਗਿਆ ਜਦੋਂ ਉਨ੍ਹਾਂ ਦੀ ਪਾਰਟੀ ਨੂੰ ਪੰਜਾਬ ਦੇ ਰਾਜਸੀ ਨਕਸ਼ੇ ਤੋਂ ਪੂਰਨ ਤੌਰ ’ਤੇ ਅਲੋਪ ਹੋਣ ਦਾ ਖਤਰਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿਚ ਬਿੱਲ ਦੇ ਪੇਸ਼ ਹੋਣ ਤੱਕ ਨਾ ਹੀ ਸੁਖਬੀਰ ਸਿੰਘ ਬਾਦਲ ਅਤੇ ਨਾ ਹੀ ਉਸ ਦੀ ਪਤਨੀ ਹਰਸਿਮਰਤ ਨੇ ਕਿਸੇ ਵੀ ਮੌਕੇ ’ਤੇ ਖੇਤੀਬਾੜੀ ਆਰਡੀਨੈਂਸਾਂ ਦਾ ਵਿਰੋਧ ਨਹੀਂ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਵਲੋਂ ਸਰਵ ਪਾਰਟੀ ਮੀਟਿੰਗ ਵਿੱਚ ਰੱਖੇ ਪੱਖ ਅਤੇ ਬਿੱਲ ਵਿਰੋਧੀ ਮਤਾ ਪਾਸ ਕਰਨ ਵਾਲੇ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਹਰ ਰਹਿਣ ਦਾ ਫੈਸਲੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸੁਖਬੀਰ ਤੇ ਹਰਸਿਮਰਤ ਨੇ ਸਰਗਰਮੀ ਨਾਲ ਆਰਡੀਨੈਂਸਾਂ ਦੀ ਹਮਾਇਤ ਕਰਦਿਆਂ ਇਨ੍ਹਾਂ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਹੀ ਰਾਗ ਅਲਾਪੀ ਰੱਖਿਆ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਬਿੱਲਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਵਿਚ ਨਾਲ ਖੜ੍ਹੇ ਹੋਣ ਦੇ ਸਾਰੇ ਦਾਅਵੇ ਪਖੰਡ ਹਨ ਜਿਨ੍ਹਾਂ ਨੂੰ ਪ੍ਰਦਰਸ਼ਨਕਾਰੀ ਕਿਸਾਨ ਵੀ ਆਪਣੇ ਜ਼ਖਮਾਂ ’ਤੇ ਲੂਣ ਛਿੜਕਣ ਦੇ ਬਰਾਬਰ ਸਮਝ ਰਹੇ ਹਨ।

 

 

 


Deepak Kumar

Content Editor

Related News