ਕੈਪਟਨ ਨੇ ਧਾਰਮਿਕ ਮਾਮਲਿਆਂ ''ਚ ਪੰਜਾਬ ਨਾਲ ਵਿਤਕਰੇ ਲਈ ਮੋਦੀ ਦੀ ਕੀਤੀ ਨਿੰਦਾ

04/15/2019 9:17:23 PM

ਚੰਡੀਗੜ੍ਹ,(ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੀ ਪਾਰਟੀ ਦੇ ਫੁੱਟ ਪਾਊ ਏਜੰਡੇ ਦੇ ਹਿੱਸੇ ਵਜੋਂ ਉਸ ਵਲੋਂ ਧਾਰਮਿਕ ਮਹੱਤਤਾ ਦੇ ਮਾਮਲਿਆਂ 'ਚ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਗੰਭੀਰ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ। ਐਤਵਾਰ ਨੂੰ ਕਠੂਆ ਵਿਖੇ ਆਪਣੇ ਭਾਸ਼ਣ ਦੌਰਾਨ ਮੋਦੀ ਵਲੋਂ ਨਿਸ਼ਾਨਾ ਬਣਾਏ ਜਾਣ 'ਤੇ ਟਿੱਪਣੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੁੱਛਿਆ ਹੈ ਕਿ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੇ ਕੇਂਦਰ ਸਰਕਾਰ ਦੇ ਸ਼ਤਾਬਦੀ ਸਮਾਰੋਹ 'ਚ ਸ਼ਾਮਲ ਹੋਣ ਲਈ ਬਾਦਲਾਂ ਸਣੇ ਅਕਾਲੀ ਆਗੂਆਂ ਦੇ ਅਸਫ਼ਲ ਰਹਿਣ ਕਾਰਨ ਮੋਦੀ ਨੇ ਉਨ੍ਹਾਂ 'ਤੇ ਉਂਗਲ ਕਿਉਂ ਨਹੀਂ ਧਰੀ।
ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ 'ਚ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਤੇ ਨਾ ਹੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਇਤਿਹਾਸਕ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਯੋਗ ਨਹੀਂ ਸਮਝੇ ਗਏ। ਖੁਦ ਮੋਦੀ ਨੇ ਵੀ ਰਾਸ਼ਟਰੀ ਮਹੱਤਤਾ ਦੇ ਮੌਕੇ 'ਤੇ ਪਰੇ ਰਹਿਣ ਦਾ ਰਾਹ ਚੁਣਿਆ। ਕੈਪਟਨ ਨੇ ਕਿਹਾ ਕਿ ਮੇਰੇ ਵਲੋਂ ਜਲ੍ਹਿਆਂਵਾਲਾ ਬਾਗ਼ ਰਾਸ਼ਟਰੀ ਯਾਦਗਾਰ ਵਿਖੇ ਦੋ ਦਿਨ ਲੜੀਵਾਰ ਸਮਾਗਮਾਂ ਦਾ ਹਿੱਸਾ ਬਣੇ ਰਹਿਣ ਦੇ ਬਾਵਜੂਦ ਮੋਦੀ ਨੇ ਮੇਰੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਲੋਂ ਕੀਤੇ ਗਏ ਇਸ ਚੋਣਵੇਂ ਅਤੇ ਸਿਆਸੀ ਹਿਤਾਂ ਤੋਂ ਪ੍ਰੇਰਿਤ ਹਮਲੇ ਦੀ ਨਿਖੇਧੀ ਕੀਤੀ ਹੈ। ਅੱਜ ਇਥੇ ਜਾਰੀ ਇਕ ਤਾਬੜ-ਤੋੜ ਬਿਆਨ 'ਚ ਮੁੱਖ ਮੰਤਰੀ ਨੇ ਪੁੱਛਿਆ ਕਿ ਕਿਉਂ ਮੋਦੀ ਇਸ ਪ੍ਰਮੁੱਖ ਸਮਾਰੋਹ 'ਚ ਹਾਜ਼ਰ ਨਾ ਹੋਇਆ? ਕਿਉਂ ਬਾਦਲ ਇਥੇ ਆਉਣ 'ਚ ਅਸਫ਼ਲ ਰਹੇ ਅਤੇ ਕਿਉਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਗੈਰਹਾਜ਼ਰੀ ਨੂੰ ਜਾਣਬੁੱਝ ਕੇ ਅਣਗੌਲਿਆ? ਪੰਜਾਬ 'ਚ ਕਾਂਗਰਸ ਸਰਕਾਰ ਨਾਲ ਲਗਾਤਾਰ ਵਿਤਕਰਾ ਕਰਨ ਦੀ ਮੋਦੀ ਦੀ ਕਾਰਵਾਈ ਦਾ ਵਿਸ਼ਲੇਸ਼ਣ ਕਰਦੇ ਹੋਏ ਕੈ. ਅਮਰਿੰਦਰ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਸ਼ਤਾਬਦੀ ਸਮਾਰੋਹ ਦੇ ਮੌਕੇ ਸੂਬਾ ਸਰਕਾਰ ਦਾ ਸਮਰਥਨ ਕਰਨ ਦੀ ਬਜਾਏ ਮੋਦੀ ਨੇ ਇਸ ਦੇ ਮੁਕਾਬਲੇ ਆਪਣਾ ਸਮਾਰੋਹ ਰੱਖਿਆ ਜਿਸ ਦੇ ਨਾਲ ਪ੍ਰਧਾਨ ਮੰਤਰੀ ਦੀ ਅਸਲ ਮਨਸ਼ਾ ਜਗ ਜਾਹਰ ਹੋ ਗਈ ਹੈ।