ਕਿਸਾਨਾਂ ''ਤੇ ਕੀਤੇ ਜ਼ੁਲਮ ਦੀ ਮੁਆਫੀ ਮੰਗੇ ਖੱਟਰ, ਫਿਰ ਕਰਾਂਗਾ ਗੱਲਬਾਤ : ਕੈਪਟਨ

11/28/2020 7:59:50 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ 'ਤੇ ਜ਼ੁਲਮ ਢਾਹੁਣ ਲਈ ਹਰਿਆਣਾ 'ਚ ਆਪਣੇ ਹਮਰੁਤਬਾ ਨੂੰ ਕਰੜੇ ਹੱਥੀਂ ਲੈਂਦਿਆਂ ਐਮ.ਐਲ. ਖੱਟਰ ਨੂੰ ਸਪੱਸ਼ਟ ਤੌਰ ਉਤੇ ਮੁਆਫੀ ਮੰਗਣ ਲਈ ਆਖਿਆ। ਉਹਨਾਂ ਨੇ ਖੱਟਰ ਉਤੇ ਝੂਠ ਫੈਲਾਉਣ ਅਤੇ ਉਸ ਮਸਲੇ ਵਿੱਚ ਟੰਗ ਅੜਾਉਣ ਦਾ ਦੋਸ਼ ਲਾਇਆ, ਜਿਸ ਦਾ ਉਹਨਾਂ ਦੇ ਸੂਬੇ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਹੈ। ਮੀਡੀਆ ਨਾਲ ਲੜੀਵਾਰ ਮੁਲਾਕਾਤਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ”ਖੱਟਰ ਇਹ ਝੂਠ ਬੋਲ ਰਿਹਾ ਹੈ ਕਿ ਉਸ ਨੇ ਕਈ ਵਾਰ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਜਵਾਬ ਨਹੀਂ ਦਿੱਤਾ ਪਰ ਹੁਣ ਉਸ ਨੇ ਮੇਰੇ ਕਿਸਾਨਾਂ ਨਾਲ ਜੋ ਕੁਝ ਕੀਤਾ ਹੈ, ਮੈਂ ਉਸ ਨਾਲ ਬਿਲਕੁਲ ਗੱਲ ਨਹੀਂ ਕਰਨੀ, ਚਾਹੇ 10 ਵਾਰ ਕੋਸ਼ਿਸ਼ ਕਰਕੇ ਦੇਖ ਲਵੇ। ਜਦੋਂ ਤੱਕ ਖੱਟਰ ਮੁਆਫੀ ਨਹੀਂ ਮੰਗਦਾ ਅਤੇ ਇਹ ਨਹੀਂ ਮੰਨ ਲੈਂਦਾ ਕਿ ਮੈਂ ਪੰਜਾਬ ਦੇ ਕਿਸਾਨਾਂ ਨਾਲ ਗਲਤ ਕੀਤਾ, ਮੈਂ ਉਸ ਨੂੰ ਮੁਆਫ ਨਹੀਂ ਕਰਾਂਗਾ।“

ਇਹ ਵੀ ਪੜ੍ਹੋ: ਇਕ ਸਾਲ ਪਹਿਲਾਂ ਹੋਏ ਬੱਚੇ ਦੇ ਕਤਲ ਦੀ ਗੁੱਥੀ ਸੁਲਝੀ , ਹੋਇਆ ਵੱਡਾ ਖ਼ੁਲਾਸਾ    

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਵੱਲੋਂ ਪੰਜਾਬ ਦੇ ਕਿਸਾਨਾਂ ਉਪਰ ਅੱਥਰੂ ਗੈਸ ਛੱਡਣ ਅਤੇ ਲਾਠੀਚਾਰਜ ਕਰਨ ਅਤੇ ਜਲ ਤੋਪਾਂ ਦੀਆਂ ਬੁਛਾੜਾਂ ਮਾਰਨ ਤੋਂ ਬਾਅਦ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ, ਜਿਸ ਕਰਕੇ ਉਹਨਾਂ ਵੱਲੋਂ ਖੱਟਰ ਨਾਲ ਗੱਲ ਕਰਨ ਦੀ ਕੋਈ ਤੁੱਕ ਨਹੀਂ ਬਣਦੀ, ਚਾਹੇ ਉਹ ਗੁਆਂਢੀ ਹੈ ਜਾਂ ਨਹੀਂ। ਉਹਨਾਂ ਕਿਹਾ ਕਿ ਜੇਕਰ ਉਹ ਕਿਸਾਨਾਂ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਕਈ ਵਾਰ ਗੱਲ ਕਰ ਸਕਦੇ ਹਨ ਤਾਂ ਉਹ ਆਪਣੇ ਗੁਆਂਢੀ ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਪਿੱਛੇ ਕਿਉਂ ਹਟਦੇ, ਜੇਕਰ ਖੱਟਰ ਨੇ ਸੱਚਮੁੱਚ ਹੀ ਰਾਬਤਾ ਕਾਇਮ ਕੀਤਾ ਹੁੰਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕੌਮੀ ਰਾਜਧਾਨੀ ਵਿੱਚ ਸ਼ਾਂਤਮਈ ਢੰਗ ਨਾਲ ਜਾਣ ਦੇਣ ਦੀ ਇਜਾਜ਼ਤ ਨਾ ਦੇਣ ਦੇ ਫੈਸਲੇ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਅਤੇ ਇੱਥੋਂ ਤੱਕ ਕਿ ਦਿੱਲੀ ਸਰਕਾਰ ਨੂੰ ਉਹਨਾਂ ਦੇ ਆਉਣ ਉਤੇ ਕੋਈ ਇਤਰਾਜ਼ ਨਹੀਂ ਹੈ ਤਾਂ ਇਨ੍ਹਾਂ ਵਿਚਕਾਰ ਟੰਗ ਅੜਾਉਣ ਵਾਲਾ ਖੱਟਰ ਕੌਣ ਹੁੰਦਾ? ਸਮੁੱਚੇ ਮਸਲੇ ਵਿੱਚ ਦਖ਼ਲਅੰਦਾਜੀ ਕਰਨ ਨਾਲ ਖੱਟਰ ਦਾ ਕੀ ਲੈਣਾ-ਦੇਣਾ ਹੈ।

ਇਹ ਵੀ ਪੜ੍ਹੋ: ਦਿੱਲੀ ਜਾ ਰਹੇ ਜਥੇ 'ਚ ਸ਼ਾਮਲ ਮਾਨਸਾ ਜ਼ਿਲ੍ਹੇ ਦੇ ਕਿਸਾਨ ਦੀ ਮੌਤ

ਕੈਪਟਨ ਨੇ ਬੇਹੂਦਾ ਦੋਸ਼ ਲਾਉਣ ਉਤੇ ਖੱਟਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਇਹ ਕਹਿ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕਿਸਾਨਾਂ ਨੂੰ ਉਕਸਾ ਕੇ ਅੰਦੋਲਨ ਲਈ ਭੜਕਾ ਰਿਹਾ ਹੈ। ਉਹਨਾਂ ਕਿਹਾ ਕਿ”ਮੈਂ ਧੁਰ ਅੰਦਰੋਂ ਰਾਸ਼ਟਰਵਾਦੀ ਹਾਂ, ਮੈਂ ਸਰਹੱਦੀ ਸੂਬਾ ਚਲਾਉਂਦਾ ਹਾਂ ਅਤੇ ਅਜਿਹਾ ਕੁਝ ਕਦੇ ਵੀ ਨਹੀਂ ਕੀਤਾ ਕਿ ਜਿਸ ਨਾਲ ਅਮਨ-ਕਾਨੂੰਨ ਦੀ ਵਿਵਸਥਾ ਲਈ ਮੁਸ਼ਕਲ ਪੈਦਾ ਹੁੰਦੀ ਹੋਵੇ।“ ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਨੇ ਪਿਛਲੇ 60 ਦਿਨਾਂ ਤੋਂ ਬਿਨਾਂ ਕਿਸੇ ਸਮੱਸਿਆ ਤੋਂ ਸੂਬੇ ਦੇ ਰੇਲ ਟਰੈਕ ਰੋਕੇ ਜਿਸ ਨਾਲ ਸੂਬੇ ਨੂੰ 43000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਸਹਿਣਾ ਪਿਆ। ਕੈਪਟਨ ਨੇ ਕਿਹਾ ਕਿ”ਮੈਂ ਖੱਟਰ ਦੀਆਂ ਬੇਤੁੱਕੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦੇਵਾਂਗਾ। ਕੀ ਮੇਰੇ ਕੋਲ ਕਿਸਾਨਾਂ ਨੂੰ ਭੜਕਾਉਣ ਤੋਂ ਇਲਾਵਾ ਕੋਈ ਹੋਰ ਚੰਗਾ ਕੰਮ ਕਰਨ ਲਈ ਨਹੀਂ ਹੈ?” ਕਈ ਵਾਰ ਉਹ ਕਹਿੰਦੇ ਹਨ ਕਿ ਇਹ ਖਾਲਿਸਤਾਨੀ ਹਨ, ਜੋ ਰੋਸ ਪ੍ਰਦਰਸ਼ਨ ਕਰਾ ਰਹੇ ਹਨ ਅਤੇ ਕਈ ਵਾਰ ਪ੍ਰਦਰਸ਼ਨਾਂ ਲਈ ਮੇਰੇ ਉਤੇ ਦੋਸ਼ ਲਾਉਂਦੇ ਹਨ। ਉਹਨਾਂ ਨੂੰ ਆਪਣਾ ਫੈਸਲਾ ਕਰ ਲੈਣ ਦਿਓ।“ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਸ਼ਮੂਲੀਅਤ ਨਹੀਂ ਹੈ ਸਗੋਂ ਇਹ ਕਿਸਾਨਂ ਦਾ ਸੁਭਾਵਿਕ ਪ੍ਰਤੀਕਰਮ ਹੈ ਜੋ ਆਪਣੇ ਭਵਿੱਖ ਦੀ ਲੜਾਈ ਲੜ ਰਹੇ ਹਨ।

Deepak Kumar

This news is Content Editor Deepak Kumar