ਕੈਪਟਨ ਅਮਰਿੰਦਰ ਸਿੰਘ ਨੇ ਮੰਗੂ ਮੱਠ ਬਾਰੇ ਓੜੀਸ਼ਾ ਦੇ ਮੁੱਖ ਮੰਤਰੀ ਨੂੰ ਕੀਤੀ ਅਪੀਲ

09/14/2019 10:06:19 PM

ਚੰਡੀਗੜ੍ਹ,(ਅਸ਼ਵਨੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਓੜੀਸ਼ਾ ਦੇ ਆਪਣੇ ਹਮਰੁਤਬਾ ਨੂੰ ਪੱਤਰ ਲਿਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਠ ਢਾਹੁਣ ਬਾਰੇ ਉਨ੍ਹਾਂ ਦੀ ਸਰਕਾਰ ਦੇ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਨੇ ਮੱਠ ਨੂੰ ਢਾਹੁਣ ਦੇ ਕਦਮ ਨੂੰ ਮੰਦਭਾਗਾ ਦੱਸਿਆ, ਜਿਸ ਦੀ ਸਿੱਖ ਭਾਈਚਾਰੇ ਲਈ ਸਦੀਆਂ ਪੁਰਾਣੀ ਮਹੱਤਤਾ ਹੈ ਕਿਉਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਮੰਦਰ ਗਏ ਸਨ, ਜਿੱਥੇ ਆਪ ਜੀ ਨੇ ਪਰਮਾਤਮਾ ਇਕ ਹੈ ਦਾ ਵਿਸ਼ਵ-ਵਿਆਪੀ ਸੰਦੇਸ਼ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਜਾਣ ਕੇ ਡੂੰਘੀ ਠੇਸ ਪਹੁੰਚੀ ਹੈ ਕਿ ਜਦੋਂ ਪੂਰਾ ਵਿਸ਼ਵ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਮਨਾਉਣ ਲਈ ਵੱਡੇ ਪੱਧਰ 'ਤੇ ਤਿਆਰੀਆਂ 'ਚ ਜੁਟਿਆ ਹੋਇਆ ਹੈ ਤਾਂ ਉਸ ਵੇਲੇ ਓੜੀਸਾ ਸਰਕਾਰ ਵਲੋਂ ਇਤਿਹਾਸਕ ਮੱਠ ਨੂੰ ਢਾਹ ਦੇਣ ਬਾਰੇ ਫੈਸਲਾ ਲਿਆ ਗਿਆ, ਜਦਕਿ ਇਹ ਮੱਠ ਸਿੱਖ ਧਰਮ ਤੇ ਜਗਨਨਾਥ ਮੰਦਰ ਦਰਮਿਆਨ ਆਪਸੀ ਸਬੰਧ ਹੋਣ ਦਾ ਪ੍ਰਤੀਕ ਹੈ।