ਕੈਪਟਨ ਤੇ ਫਾਰੂਕ ਅਬਦੁੱਲਾ ਦੀ ਮੀਟਿੰਗ ''ਚ ਕੌਮੀ ਸਿਆਸਤ ''ਤੇ ਚਰਚਾ

07/17/2019 1:22:26 AM

ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਫਾਰੂਕ ਅਬਦੁੱਲਾ ਨਾਲ ਦਿੱਲੀ ਵਿਚ ਮੁੱਖ ਮੰਤਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਜਿਸ 'ਚ ਦੋਵਾਂ ਆਗੂਆਂ ਨੇ ਕੌਮੀ ਸਿਆਸਤ 'ਤੇ ਗੰਭੀਰਤਾ ਨਾਲ ਚਰਚਾ ਕੀਤੀ। 
ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਦੌਰੇ ਦੌਰਾਨ ਆਪਣੇ ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦਾ ਸਾਰਾ ਦਿਨ ਰੁਝੇਵਿਆਂ ਵਿਚ ਲੰਘਿਆ। ਫਾਰੂਕ ਅਬਦੁੱਲਾ ਨਾਲ ਮੁਲਾਕਾਤ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ ਪੁਰਾਣੇ ਮਿੱਤਰਾਂ ਨੂੰ ਮਿਲ ਕੇ ਖੁਸ਼ੀ ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵੀ 1980 ਦੇ ਉਹ ਦਿਨ ਯਾਦ ਹਨ, ਜਦੋਂ ਉਹ ਪਹਿਲੀ ਵਾਰ ਸੰਸਦ ਲਈ ਨਾਮਜ਼ਦ ਹੋਏ ਸਨ ਅਤੇ ਉਨ੍ਹਾਂ ਨੇ ਫਾਰੂਕ ਨਾਲ ਮਿਲ ਕੇ ਕੰਮ ਕੀਤਾ ਸੀ। ਦੋਵਾਂ ਆਗੂਆਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ ਵਿਚ ਪੈਦਾ ਹੋਏ ਮੌਜੂਦਾ ਹਾਲਾਤਾਂ 'ਤੇ ਵਿਚਾਰ-ਵਟਾਂਦਰਾ ਕੀਤਾ। ਦੱਸਿਆ ਜਾਂਦਾ ਹੈ ਕਿ ਦੋਵਾਂ ਆਗੂਆਂ ਦਰਮਿਆਨ ਕਾਂਗਰਸ ਨੂੰ ਮੌਜੂਦਾ ਸਮੇਂ 'ਚ ਮਜ਼ਬੂਤੀ ਦੇਣ ਦੇ ਵਿਸ਼ੇ 'ਤੇ ਵੀ ਚਰਚਾ ਹੋਈ। ਜੰਮੂ-ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਵੀ ਦੋਵੇਂ ਆਗੂ ਆਪਸ ਵਿਚ ਚਰਚਾ ਕਰਦੇ ਰਹੇ। ਦੱਸਿਆ ਜਾਂਦਾ ਹੈ ਕਿ ਜੰਮੂ-ਕਸ਼ਮੀਰ ਵਿਚ ਸਿੱਖ ਭਾਈਚਾਰੇ ਦੇ ਲੋਕ ਵੀ ਵਸੇ ਹੋਏ ਹਨ। ਆਉਣ ਵਾਲੇ ਸਮੇਂ ਵਿਚ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਆਮ ਚੋਣਾਂ ਵੀ ਹੋਣੀਆਂ ਹਨ। ਉਸ ਸਮੇਂ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦਾ ਬੇਟਾ ਉਮਰ ਅਬਦੁੱਲਾ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਮਰਥਨ ਲੈ ਸਕਦੇ ਹਨ ਜਿਨ੍ਹਾਂ ਦੀ ਸਿੱਖ ਭਾਈਚਾਰੇ ਵਿਚ ਕਾਫੀ ਪੈਠ ਹੈ। ਇਹ ਵੀ ਦੱਿਸਆ ਜਾਂਦਾ ਹੈ ਕਿ ਦੇਸ਼ ਵਿਚ ਫਿਰ ਤੋਂ ਮਜ਼ਬੂਤ ਹੋਈ ਭਾਜਪਾ ਦਾ ਮੁਕਾਬਲਾ ਕਰਨ ਦੇ ਵਿਸ਼ੇ 'ਤੇ ਦੋਵਾਂ ਆਗੂਆਂ ਨੇ ਡੂੰਘਾਈ ਨਾਲ ਸੋਚ ਵਿਚਾਰ ਕੀਤੀ। ਫਾਰੂਕ ਅਬਦੁੱਲਾ ਨੇ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਮੋਦੀ ਵੇਅ ਨੂੰ ਰੋਕਣ ਵਿਚ ਮਿਲੀ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਫਾਰੂਕ ਨੇ ਮੁੱਖ ਮੰਤਰੀ ਦੀ ਰਾਸ਼ਟਰਵਾਦੀ ਸੋਚ ਦੀ ਸ਼ਲਾਘਾ ਵੀ ਕੀਤੀ।