ਮੇਰੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਅਕਾਲੀਆਂ ਵਲੋਂ ਲਾਏ ਦੋਸ਼ ਝੂਠ ਦਾ ਪੁਲੰਦਾ : ਕੈਪਟਨ

09/17/2019 9:37:56 PM

ਚੰਡੀਗੜ੍ਹ,(ਅਸ਼ਵਨੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੇਬੁਨਿਆਦ ਦੋਸ਼ ਲਾਉਣ 'ਤੇ ਅਕਾਲੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਅਜਿਹੇ ਦੋਸ਼ ਲਾਉਣ ਨਾਲ ਅਕਾਲੀ-ਭਾਜਪਾ ਗਠਜੋੜ ਦੀ ਪਿਛਲੀ ਸਰਕਾਰ ਦੀ ਨਖਿੱਧ ਕਾਰਗੁਜ਼ਾਰੀ ਰਹਿਣ ਕਾਰਨ ਉਨ੍ਹਾਂ ਦੀ ਨਿਰਾਸ਼ਾ ਦਾ ਪ੍ਰਗਟਾਵਾ ਹੁੰਦਾ ਹੈ। ਅਕਾਲੀਆਂ ਦੇ ਦੋਸ਼ਾਂ ਨੂੰ ਤੱਥਾਂ ਤੇ ਅੰਕੜਿਆਂ ਦਾ ਹਵਾਲਾ ਦੇ ਕੇ ਨਕਾਰਦਿਆਂ ਹੋਇਆ ਮੁੱਖ ਮੰਤਰੀ ਨੇ ਅਕਾਲੀ ਲੀਡਰਸ਼ਿਪ ਨੂੰ ਆਪਣੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਲੋਕਾਂ ਦੀ ਭਲਾਈ ਲਈ ਕੀਤੀ ਇਕ ਵੀ ਪ੍ਰਾਪਤੀ ਦੱਸਣ ਲਈ ਵੰਗਾਰਿਆ। ਅਕਾਲੀਆਂ ਵਲੋਂ ਕੋਰੇ ਝੂਠ ਤੇ ਬੇਬੁਨਿਆਦ ਦਾਅਵਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਕੋਝੇ ਯਤਨ ਕਰਨ 'ਤੇ ਫਿਟਕਾਰ ਲਾਉਂਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀਆਂ ਨੇ ਤਾਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਦੇ ਪਿਛਲੇ ਸ਼ਾਸਨਕਾਲ ਦੌਰਾਨ ਵਿਕਾਸ ਦੀਆਂ ਪਾਈਆਂ ਪੈੜਾਂ ਨੂੰ ਵੀ ਮਲੀਆਮੇਟ ਕਰਕੇ ਰੱਖ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਰਕਾਰ ਦੇ ਦਾਅਵਿਆਂ ਦੀ ਤਸਦੀਕ ਲਈ ਤੱਥਾਂ ਦਾ ਹਵਾਲਾ ਦਿੰਦਿਆਂ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ 10 ਸਾਲਾਂ ਦੀ ਨਖਿੱਧ ਕਾਰਗੁਜ਼ਾਰੀ ਦੇ ਮੁਕਾਬਲੇ ਪਿਛਲੇ 30 ਮਹੀਨਿਆਂ 'ਚ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂ ਤੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਿਆਂ ਦੀ ਦਲਦਲ 'ਚ ਧੱਕਣ ਲਈ ਅਕਾਲੀ ਜ਼ਿੰਮੇਵਾਰ ਹਨ, ਜਦਕਿ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ, ਜਿਸ ਨਾਲ ਬਹੁਤੇ ਵੱਡੇ ਤਸਕਰ ਮਜ਼ਬੂਰ ਹੋ ਕੇ ਸੂਬਾ ਛੱਡ ਕੇ ਭੱਜ ਗਏ। ਇਸੇ ਤਰ੍ਹਾਂ ਸਰਕਾਰ ਦੀ ਸਖ਼ਤੀ ਕਾਰਨ 27,744 ਐਨ. ਡੀ. ਪੀ. ਐਸ ਮਾਮਲੇ ਦਰਜ ਕੀਤੇ ਗਏ, ਜਦਕਿ 33,622 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਇਲਾਵਾ ਵੱਡੀ ਮਾਤਰਾ 'ਚ ਨਸ਼ੇ ਬਰਾਮਦ ਕੀਤੇ ਗਏ। ਕੈਪਟਨ ਨੇ ਕਿਹਾ ਕਿ ਸਿਰਫ ਇਹੋ ਕੁਝ ਨਹੀਂ ਕੀਤਾ ਸਗੋਂ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਵਿਚ ਗ੍ਰਸਤ ਵਿਅਕਤੀਆਂ ਦੇ ਇਲਾਜ ਤੇ ਮੁੜ ਵਸੇਬੇ ਨੂੰ ਵੀ ਯਕੀਨੀ ਬਣਾਇਆ। ਜਿਸ ਤਹਿਤ ਹੁਣ ਤੱਕ 178 ਓ. ਪੀ. ਡੀ ਕਲੀਨਿਕਾਂ 'ਚ 87 ਹਜ਼ਾਰ ਨਸ਼ਾ ਗ੍ਰਸਤ ਵਿਅਕਤੀ ਇਲਾਜ ਕਰਵਾ ਚੁੱਕੇ ਹਨ। ਇਸੇ ਲੜੀ 'ਚ ਨਸ਼ਿਆਂ ਵਿਰੁੱਧ ਲੜਾਈ ਲਈ ਨਿਵੇਕਲੀ ਡੈਪੋ ਸਕੀਮ ਸ਼ੁਰੂ ਕੀਤੀ ਗਈ, ਜਿਸ ਨਾਲ 5.5 ਲੱਖ ਵਾਲੰਟੀਅਰ ਜੁੜੇ ਜਦਕਿ 7.5 ਲੱਖ ਬੱਡੀ ਗਰੁੱਪਾਂ 'ਚ 37.5 ਲੱਖ ਵਿਅਕਤੀ ਦਰਜ ਹੋਏ।