ਕੈਪਟਨ ਵਲੋਂ ASI ਸਮੇਤ 5 ਪੁਲਸ ਮੁਲਾਜ਼ਮ ਮੁਅੱਤਲ

09/14/2019 9:31:51 PM

ਅੰਮ੍ਰਿਤਸਰ,(ਸੰਜੀਵ): ਥਾਣਾ ਲੋਪੋਕੇ ਦੇ ਪਿੰਡ ਚੋਗਾਵਾਂ 'ਚ ਤਰਨਤਾਰਨ ਤੋਂ ਆਈ ਰੇਡ ਪਾਰਟੀ ਨੂੰ ਬੰਧਕ ਬਣਾ ਕੇ ਸਬ-ਇੰਸਪੈਕਟਰ ਬਲਦੇਵ ਸਿੰਘ 'ਤੇ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏ. ਐੱਸ. ਆਈ. ਸਮੇਤ 5 ਪੁਲਸ ਮੁਲਾਜ਼ਮਾਂ ਨੂੰ ਡਿਸਮਿਸ ਕਰਨ ਤੇ ਹਮਲਾਵਰਾਂ ਨੂੰ ਛੇਤੀ ਗ੍ਰਿਫਤਾਰ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸਬ-ਇੰਸਪੈਕਟਰ 'ਤੇ ਹੋਏ ਹਮਲੇ 'ਚ ਥਾਣਾ ਲੋਪੋਕੇ ਦੀ ਪੁਲਸ ਨੇ ਪਵਨਦੀਪ ਸਿੰਘ, ਗਗਨਦੀਪ ਸਿੰਘ, ਸ਼ਮਸ਼ੇਰ ਸਿੰਘ, ਜਤਿੰਦਰ ਸਿੰਘ ਉਰਫ ਕਾਲਾ ਸਰਪੰਚ ਵਾਸੀ ਚੋਗਾਵਾਂ ਤੇ ਉਨ੍ਹਾਂ ਦੇ 30 ਦੇ ਕਰੀਬ ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕਰ ਕੇ ਗੁਰਜਿੰਦਰ ਸਿੰਘ ਵਾਸੀ ਭੁੱਲਰ, ਸ਼ੁੱਭ ਵਾਸੀ ਪਟਿਆਲਾ, ਦਿਲਬਾਗ ਸਿੰਘ ਵਾਸੀ ਚੋਗਾਵਾਂ, ਸਰਮੇਲ ਸਿੰਘ ਵਾਸੀ ਚੋਗਾਵਾਂ ਤੇ ਸ਼ਮਸ਼ੇਰ ਸਿੰਘ ਨੰਬਰਦਾਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪੁਸ਼ਟੀ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਕੀਤੀ, ਉਥੇ ਹੀ ਤਰਨਤਾਰਨ ਦੇ ਥਾਣੇ ਕੱਚਾ-ਪੱਕਾ ਦੇ ਇੰਚਾਰਜ ਝਿਲਮਿਲ ਸਿੰਘ ਨੂੰ ਬਹਾਲ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਵੱਲੋਂ ਡਿਸਮਿਸ ਕੀਤੇ ਗਏ ਮੁਲਾਜ਼ਮ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਵੱਲੋਂ ਭੇਜੀ ਗਈ ਜਾਂਚ ਰਿਪੋਰਟ 'ਤੇ ਰੇਡ ਪਾਰਟੀ 'ਚ ਸ਼ਾਮਲ ਏ. ਐੱਸ. ਆਈ. ਸਵਿੰਦਰ ਸਿੰਘ, ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ, ਕਾਂਸਟੇਬਲ ਨਿਸ਼ਾਨ ਸਿੰਘ ਤੇ ਪੰਜਾਬ ਹੋਮਗਾਰਡ ਦੇ ਜਵਾਨ ਦਰਸ਼ਨ ਸਿੰਘ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ। ਜਦੋਂ ਕਿ ਥਾਣਾ ਕੱਚਾ-ਪੱਕਾ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਝਿਰਮਿਲ ਨੂੰ ਡਿਊਟੀ 'ਚ ਕੋਤਾਹੀ ਵਰਤਣ ਦੇ ਦੋਸ਼ 'ਚ ਪੁਲਸ ਲਾਈਨ ਭੇਜ ਦਿੱਤਾ ਗਿਆ ਹੈ।