ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

04/29/2020 2:01:16 PM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਸੂਬੇ 'ਚ ਬੇਮੌਸਮੇ ਮੀਂਹ ਕਾਰਨ ਸੁੰਗੜੇ ਅਤੇ ਚਮਕ ਗੁਆ ਚੁੱਕੇ ਕਣਕ ਦੇ ਦਾਣਿਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਇਸ ਦੌਰਾਨ ਕਿਹਾ ਕਿ ਨਿਰਧਾਰਤ ਸ਼ਰਤਾਂ 'ਚ ਢਿੱਲ ਦਿੰਦਿਆਂ ਇਸ ਦੀ ਖਰੀਦ ਦੀ ਕੀਮਤ 'ਚ ਕਟੌਤੀ ਲਾਗੂ ਕੀਤੇ ਜਾਣ ਦੇ ਕਦਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਚ ਮੁੱਖ ਮੰਤਰੀ ਨੇ ਇਸ ਗੱਲ 'ਤੇ ਦੁੱਖ ਜ਼ਾਹਰ ਕੀਤਾ ਕਿ ਛੋਟਾਂ ਦੇਣ ਲਈ ਸੂਬਾ ਸਰਕਾਰ ਵਲੋਂ ਪੇਸ਼ ਕੀਤੀ ਪਹਿਲੀ ਨੁਮਾਇੰਦਗੀ ਸਵੀਕਾਰ ਕਰਦਿਆਂ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲਾ ਨੇ ਘੱਟੋ-ਘੱਟ ਸਮਰਥਨ ਮੁੱਲ 'ਤੇ ਭਾਰੀ ਕੀਮਤ ਕਟੌਤੀ ਲਗਾ ਦਿੱਤੀ ਹੈ, ਜਿਸ ਨਾਲ ਅੱਗੇ ਕਿਸਾਨਾਂ 'ਤੇ ਭਾਰੀ ਬੋਝ ਪਵੇਗਾ, ਜੋ ਕਿ ਪਹਿਲਾ ਹੀ ਲਾਕਡਾਊਨ ਦੇ ਕਾਰਨ ਆਮਦਨ ਘਟਣ ਕਾਰਨ ਘਾਟਾ ਸਹਿਣ ਕਰ ਰਹੇ ਹਨ।

ਕੈਪਟਨ ਨੇ ਕੀਮਤ 'ਚ ਕਟੌਤੀ ਦੇ ਬਿਨਾਂ ਛੋਟਾਂ ਦੀ ਆਗਿਆ ਦੇਣ ਦੀ ਆਪਣੀ ਮੰਗ ਦੁਹਰਾਉਂਦਿਆਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮੰਤਰਾਲਾ ਨੂੰ ਆਪਣੇ ਪਹਿਲੇ ਫੈਸਲੇ ਦੀ ਤੁਰੰਤ ਸਮੀਖਿਆ ਕਰਨ ਦੀ ਸਲਾਹ ਦੇਣ। ਸੁੰਗੜੇ ਦਾਣੇ 'ਤੇ ਪ੍ਰਤੀ ਕੁਇੰਟਲ 4.81 ਰੁਪਏ ਤੋਂ 24.06 ਰੁਪਏ ਤੱਕ ਅਤੇ ਚਮਕ ਫਿੱਕੀ ਵਾਲੇ ਦਾਣਿਆਂ 'ਤੇ 4.81 ਰੁਪਏ ਕੀਮਤ ਕਟੌਤੀ ਕੀਤੀ ਗਈ ਹੈ।

ਪੰਜਾਬ 'ਚ ਮੰਗਲਵਾਰ 6,58,211 ਮੀਟ੍ਰਿਕ ਟਨ ਕਣਕ ਦੀ ਹੋਈ ਖ਼ਰੀਦ
ਪੰਜਾਬ ਰਾਜ 'ਚ ਅੱਜ ਕਣਕ ਦੀ ਖਰੀਦ ਦੇ 14ਵੇਂ ਦਿਨ 6,58,211 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ, ਜਿਸ 'ਚੋਂ ਸਰਕਾਰੀ ਏਜੰਸੀਆਂ ਵਲੋਂ 6,55,273 ਮੀਟ੍ਰਿਕ ਟਨ ਅਤੇ ਆੜ੍ਹਤੀਆਂ ਵਲੋਂ 2,938 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ 'ਚ 6,55,273 ਮੀਟ੍ਰਿਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਦੁਆਰਾ ਕੀਤੀ ਗਈ ਹੈ, ਜਿਸ 'ਚੋਂ ਪਨਗ੍ਰੇਨ ਵਲੋਂ 1,57,780 ਮੀਟ੍ਰਿਕ ਟਨ, ਮਾਰਕਫੈੱਡ ਵਲੋਂ 1,52,173 ਮੀਟ੍ਰਿਕ ਟਨ ਅਤੇ ਪਨਸਪ ਵਲੋਂ 1,11,308 ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਹੈ । ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 1,06,507 ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਹੈ। ਕੇਂਦਰ ਸਰਕਾਰ ਦੀ ਏਜੰਸੀ ਐੱਫ.ਸੀ.ਆਈ. ਵਲੋਂ 77,877 ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਹੈ। ਇਸ ਤੋਂ ਇਲਾਵਾ ਪਨਗ੍ਰੇਨ ਵਲੋਂ ਪੰਜਾਬ 'ਚ ਜਨਤਕ ਵੰਡ ਲਈ 49,628 ਮੀਟ੍ਰਿਕ ਟਨ ਕਣਕ ਵੀ ਖਰੀਦੀ ਗਈ ਹੈ। ਬੁਲਾਰੇ ਨੇ ਦੱਸਿਆ 14ਵੇਂ ਦਿਨ ਦੀ ਖਰੀਦ ਸਮੇਤ ਹੁਣ ਤੱਕ ਪੰਜਾਬ 'ਚ ਕੁਲ 61,65,203 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਅੱਜ ਪੰਜਾਬ ਦੀਆਂ ਮੰਡੀਆਂ 'ਚੋਂ 5.22 ਲੱਖ ਮੀਟ੍ਰਿਕ ਟਨ ਕਣਕ ਦੀ ਚੁਕਾਈ ਕੀਤੀ ਗਈ ਹੈ।

Anuradha

This news is Content Editor Anuradha