ਕੈਪਟਨ ਨੇ ਕਾਂਗਰਸ ’ਚ ਮੂਸੇਵਾਲਾ ਦੀ ਐਂਟਰੀ ’ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਸ਼ਾਂਤੀ ਚਾਹੁੰਦਾ ਹੈ

12/05/2021 12:07:18 AM

ਚੰਡੀਗੜ੍ਹ(ਅਸ਼ਵਨੀ)- ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਐਂਟਰੀ ’ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਇੱਕ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਅੱਜ ਮੂਸੇਵਾਲੇ ਨੂੰ ਕਾਂਗਰਸ ਵਿਚ ਲੈ ਆਏ ਹਨ, ਜਿਸ ’ਤੇ ਮਾਨਸਾ ਵਿਚ ਵਿਰੋਧ ਹੋ ਰਿਹਾ ਹੈ। ਸਵਾਲ ਚੁੱਕੇ ਜਾ ਰਹੇ ਹਨ ਕਿ ਅਜਿਹੇ ‘ਗੈਂਗਸਟਰ’ ਨੂੰ ਕਿਉਂ ਲਿਆਂਦਾ ਗਿਆ ਹੈ।
ਕੈਪਟਨ ਨੇ ਕਿਹਾ ਕਿ ਛੋਟੇ ਬੱਚਿਆਂ ਲਈ ਤਾਂ ਪਿਸਟਲ ਚੰਗੀ ਲੱਗਦੀ ਹੈ ਪਰ ਪੰਜਾਬ ਨੇ ਪਾਕਿਸਤਾਨ ਨਾਲ ਲੜਾਈ ਅਤੇ ਅੱਤਵਾਦ ਨੂੰ ਝੱਲਿਆ ਹੈ। ਹੁਣ ਕੋਈ ਨਹੀਂ ਚਾਹੁੰਦਾ ਕਿ ਇੱਥੋਂ ਦੀ ਆਬੋ-ਹਵਾ ਖ਼ਰਾਬ ਹੋਵੇ। ਕੈਪਟਨ ਨੇ ਕਿਹਾ ਕਿ ਉਹ ਵੀ ਮੂਸੇਵਾਲੇ ਤਕ ਪਹੁੰਚ ਕਰ ਸਕਦੇ ਸਨ ਪਰ ਉਨ੍ਹਾਂ ਨੇ ਨਹੀਂ ਕੀਤਾ ਕਿਉਂਕਿ ਇਹ ਗਲਤ ਹੈ। ਇਹ ਖੂਨ-ਖਰਾਬੇ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਪੰਜਾਬ ਵਿਚ ਖੂਨ-ਖ਼ਰਾਬਾ ਕੋਈ ਨਹੀਂ ਚਾਹੁੰਦਾ, ਪੰਜਾਬ ਸ਼ਾਂਤੀ ਚਾਹੁੰਦਾ ਹੈ। ਉਂਝ ਵੀ ਮੂਸੇਵਾਲੇ ’ਤੇ ਪੁਲਸ ਕੇਸ ਚੱਲ ਰਿਹਾ ਹੈ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਗੈਂਗਸਟਰਾਂ ਨੂੰ ਜੇਲ੍ਹਾਂ ਵਿਚ ਪਾਇਆ ਸੀ ਕਿਉਂਕਿ ਗੈਂਗਸਟ੍ਰਿਜ਼ਮ ਅਤੇ ਟੈਰੇਰਿਜ਼ਮ ਇਕੱਠੇ ਹੋ ਗਏ ਸਨ। ਇਸ ਲਈ ਉਨ੍ਹਾਂ ਨੇ ਪੰਜਾਬ ਦੇ ਕਾਫ਼ੀ ਵੱਡੇ ਹਿੱਸੇ ਤੋਂ ਗੈਂਗਸਟਰਾਂ ਦਾ ਸਫਾਇਆ ਕੀਤਾ। ਸਿਰਫ ਮਾਲੇਰਕੋਟਲਾ ਬਚਿਆ ਸੀ।

ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਪਟਿਆਲਾ 'ਚ ਪ੍ਰਦਰਸ਼ਨਕਾਰੀ ਨਰਸਾਂ ਤੇ ਸਹਾਇਕ ਸਟਾਫ ’ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਨਿਖੇਧੀ

ਪੰਜਾਬ ਨੂੰ ਚਲਾਉਣ ਵਿਚ ਸਿੱਧੂ, ਚੰਨੀ ਅਤੇ ਰੰਧਾਵਾ ਨਾਕਾਬਿਲ
ਕੈਪਟਨ ਨੇ ਕਿਹਾ ਕਿ ਨਾ ਤਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਰਟੀ ਚਲਾਉਣ ਲਈ ਕਾਬਿਲ ਹਨ ਅਤੇ ਨਾ ਹੀ ਮੁੱਖ ਮੰਤਰੀ ਚੰਨੀ ਸਰਕਾਰ ਚਲਾਉਣ ਦੇ ਕਾਬਿਲ ਹਨ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੁੱਖ ਮੰਤਰੀ ਬਣਨ ਦੀ ਇੱਛਾ ਵਿਚ ਕਿਸੇ ਨੂੰ ਚੱਲਣ ਨਹੀਂ ਦੇਣਗੇ। ਕੈਪਟਨ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਮੇਰੀ ਪਿੱਠ ਵਿਚ ਛੁਰਾ ਮਾਰਿਆ ਹੈ। ਹੁਣ ਇਹ ਆਪਸ ਵਿਚ ਲੜ ਰਹੇ ਹਨ। ਕੈਪਟਨ ਨੇ ਇਹ ਵੀ ਕਿਹਾ ਕਿ ਚੰਨੀ ਸਰਕਾਰ ਅੱਜ ਉਪਲਬਧੀਆਂ ਦਾ ਬਿਓਰਾ ਦੇ ਰਹੀ ਹੈ ਪਰ ਇਹ ਉਹੀ ਉਪਲਬਧੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਅਮਲੀਜ਼ਾਮਾ ਪੁਆਇਆ। ਪੰਜਾਬ ਕੋਲ ਨਵੀਂਆਂ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ ਦਾ ਪੈਸਾ ਨਹੀਂ ਹੈ। ਐਲਾਨ ਤਾਂ ਕੋਈ ਵੀ ਕਰ ਸਕਦਾ ਹੈ ਪਰ ਹਕੀਕਤ ਵਿਚ ਸਭ ਝੂਠ ਹੈ। ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਬਹੁ-ਕਰੋੜੀ ਸਹਾਇਕ ਪ੍ਰੋਫੈਸਰ ਘੁਟਾਲੇ 'ਚ ਸਿੱਖਿਆ ਮੰਤਰੀ ਪਰਗਟ ਸਿੰਘ ਦੇਣ ਅਸਤੀਫਾ : ਸੁਖਬੀਰ ਬਾਦਲ

ਸਿੱਧੂ ਨੂੰ ਪ੍ਰਧਾਨ ਬਣਾਉਣ ਲਈ ਸਿਰਫ਼ 4 ਵਿਧਾਇਕ ਸਨ ਸਹਿਮਤ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਕਾਂਗਰਸ ਹਾਈਕਮਾਨ ਨਾਲ ਹੋਈ ਵਿਧਾਇਕਾਂ ਦੀ ਮੁਲਾਕਾਤ ਦੌਰਾਨ 80 ਵਿਚੋਂ ਸਿਰਫ਼ 4 ਵਿਧਾਇਕਾਂ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ’ਤੇ ਸਹਿਮਤੀ ਜਤਾਈ ਸੀ। ਇੱਕ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ 76 ਵਿਧਾਇਕਾਂ ਨੇ ਸਿੱਧੂ ਦੇ ਨਾਮ ’ਤੇ ਵਿਰੋਧ ਜਤਾਇਆ ਸੀ ਪਰ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਹੀ ਪੰਜਾਬ ਕਾਂਗਰਸ ਪ੍ਰਧਾਨ ਬਣਾਇਆ। ਕੈਪਟਨ ਨੇ ਕਿਹਾ ਕਿ ਦਿੱਲੀ ਵਿਚ ਹਾਈਕਮਾਨ ਨੇ ਜੋ ਵਿਧਾਇਕਾਂ ਨਾਲ ਗੱਲਬਾਤ ਕੀਤੀ, ਉਹ ਤਾਂ ਸਿਰਫ਼ ਉਨ੍ਹਾਂ ਨੂੰ ਕੱਢਣ ਲਈ ਡਰਾਮਾ ਸੀ।

ਅਰੂਸਾ ਆਲਮ ’ਤੇ ਹਮਲਾ ਛੋਟੀ ਸੋਚ ਦਰਾਉਂਦਾ ਹੈ
ਕੈਪਟਨ ਨੇ ਅਰੂਸਾ ਆਲਮ ਦੇ ਜ਼ਰੀਏ ਉਨ੍ਹਾਂ ’ਤੇ ਹੋਏ ਨਿੱਜੀ ਹਮਲਿਆਂ ’ਤੇ ਕਿਹਾ ਕਿ ਇਹ ਛੋਟੀ ਸੋਚ ਦਰਸਾਉਂਦਾ ਹੈ। ਅਜਿਹੇ ਲੋਕ ਔਰਤ ਦੀ ਕਾਬਲੀਅਤ ’ਤੇ ਭਰੋਸਾ ਨਹੀਂ ਰੱਖਦੇ ਹਨ। ਇਨ੍ਹਾਂ ਦੀ ਸੋਚ ਹੈ ਕਿ ਜੇਕਰ ਕੋਈ ਔਰਤ ਨਾਲ ਹੈ ਤਾਂ ਉਸਦੇ ਹੋਰ ਕਾਰਣ ਹਨ, ਜਦੋਂਕਿ ਅਰੂਸਾ ਆਲਮ ਡਿਫੈਂਸ ਅਤੇ ਵਿਦੇਸ਼ੀ ਮਾਮਲਿਆਂ ਦੀ ਚੰਗੀ ਸਮਝ ਰੱਖਦੇ ਹਨ। ਮੇਰਾ ਵੀ ਇਨ੍ਹਾਂ ਖੇਤਰਾਂ ਵਿਚ ਰੁਝਾਨ ਹੈ।

ਇਹ ਵੀ ਪੜ੍ਹੋ: ਬੇਅਦਬੀ ਤੇ ਡਰੱਗਸ ਮਾਮਲੇ ’ਚ ਜਾਂਚ ਅੱਗੇ ਵਧੀ, ਇਕ ਮਹੀਨੇ ’ਚ ਕੁਝ ਨਾ ਕੁੱਝ ਨਤੀਜੇ ਸਾਹਮਣੇ ਹੋਣਗੇ : ਰੰਧਾਵਾ

ਸੋਮਵਾਰ ਜਾਂ ਮੰਗਲਵਾਰ ਨੂੰ ਕਰਨਗੇ ਪਾਰਟੀ ਦੇ ਮੈਂਬਰਾਂ ਦਾ ਐਲਾਨ
ਕੈਪਟਨ ਨੇ ਕਿਹਾ ਕਿ ਉਹ ਅਗਲੇ ਸੋਮਵਾਰ ਜਾਂ ਮੰਗਲਵਾਰ ਨੂੰ ਆਪਣੀ ਨਵੀਂ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕਰਨਗੇ। ਕੈਪਟਨ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੇ ਗਠਜੋੜ ਵਿਚ ਆਉਣ ਵਾਲੀਆਂ ਸਾਰੀਆਂ ਪਾਰਟੀਆਂ ਨੇ ਉਨ੍ਹਾਂ ਨੂੰ ਕਿਸੇ ਵੱਡੀ ਜ਼ਿੰਮੇਵਾਰੀ ਨੂੰ ਦੇਣ ’ਤੇ ਸਹਿਮਤੀ ਜਤਾਈ ਤਾਂ ਉਹ ਉਸ ਜਿੰਮੇਵਾਰੀ ਨੂੰ ਸੰਭਾਲਣਗੇ। ਭਾਵੇਂ ਹੀ ਉਹ ਮੁੱਖ ਮੰਤਰੀ ਅਹੁਦੇ ਦੀ ਜਿੰਮੇਵਾਰੀ ਹੀ ਕਿਉਂ ਨਾ ਹੋਵੇ।       

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Bharat Thapa

This news is Content Editor Bharat Thapa