ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਮਾਮਲੇ 'ਚ ਕੈਪਟਨ ਦਾ ਵੱਡਾ ਬਿਆਨ

08/04/2020 6:22:55 PM

ਚੰਡੀਗੜ੍ਹ(ਵੈਬਡੈਸਕ) ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਵਿਅਕਤੀਆਂ ਬਾਬਤ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤੀ ਵਰਤਣ ਦੇ ਸੰਕੇਤ ਦਿੱਤੇ ਹਨ।ਕੈਪਟਨ ਨੇ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਕਿ ਇਕ ਪਾਸੇ ਕੋਰੋਨਾ ਨੇ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਜਿਸ ਕਾਰਨ ਪੂਰਾ ਵਿਸ਼ਵ ਮੁਸੀਬਤ 'ਚ ਫਸਿਆ ਪਿਆ ਹੈ ।ਪੰਜਾਬ ਇਸ ਦੌਰਾਨ ਬਹੁਤ ਵਧੀਆ ਤਰੀਕੇ ਨਾਲ ਨਜਿੱਠ ਰਿਹਾ ਹੈ ਪਰ ਦੂਜੇ ਪਾਸੇ ਮਾੜੇ ਅਨਸਰਾਂ ਨੇ ਗ਼ੈਰ-ਕਾਨੂੰਨੀ ਕੰਮ ਕਰਕੇ ਜ਼ਹਿਰੀਲੀ ਸ਼ਰਾਬ ਪਿਆਈ ਜਿਸ ਕਾਰਨ 111 ਲੋਕਾਂ ਦੀ ਮੌਤ ਹੋ ਗਈ।ਕੈਪਟਨ ਨੇ ਕਿਹਾ ਕਿ ਸ਼ਰਾਬ ਦੀ ਸਿਪਲਾਈ ਕਰਨ ਵਾਲਿਆਂ ਨੂੰ ਸਭ ਪਤਾ ਸੀ ਕਿ ਇਸਨੂੰ ਪੀ ਕੇ ਲੋਕ ਮਰ ਸਕਦੇ ਨੇ ਪਰ ਉਹਨਾਂ ਨੇ ਇਸ ਗੱਲ ਨੂੰ ਨਜ਼ਰ-ਅੰਦਾਜ਼ ਕਰੀ ਰੱਖਿਆ, ਜਿਸ ਕਾਰਨ ਇਹ ਸਿੱਧੇ ਤੌਰ 'ਤੇ 'ਲੋਕਾਂ ਦਾ ਖ਼ੂਨ' ਕਰਨ ਬਰਾਬਰ ਹੈ। ਕੈਪਟਨ ਨੇ ਕਿਹਾ ਕਿ ਪੂਰਾ ਪੁਲਸ ਮਹਿਕਮਾ ਤੇ ਐਕਸਾਈਜ਼ ਮਹਿਕਮਾ ਇਧਰ ਲਗਾ ਦਿੱਤਾ ਹੈ ਅਤੇ 2 ਦਿਨਾਂ 'ਚ ਅਸੀਂ ਇਸ ਮਸਲੇ ਦੇ ਮੁਲਜ਼ਮਾਂ ਨੂੰ ਸਭ ਦੇ ਸਾਹਮਣੇ ਲਿਆਵਾਂਗੇ। ਇਸ ਕੰਮ 'ਚ ਚਾਹੇ ਕੋਈ ਵੀ ਵੱਡਾ ਬੰਦਾ, ਸਿਆਸਤਦਾਨ ਜਾਂ ਮਹਿਕਮੇ ਨਾਲ ਜੁੜਿਆ ਬੰਦਾ ਸ਼ਾਮਲ ਹੋਵੇ, ਕੋਈ ਨਹੀਂ ਬਖ਼ਸ਼ਿਆ ਜਾਵੇਗਾ।ਕੈਪਟਨ ਨੇ ਅੱਗੇ ਬੋਲਦਿਆਂ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਚਾਹੇ ਗੁਜਰਾਤ ਜਾਂ ਆਸਾਮ 'ਚ ਹੁੰਦੀਆਂ ਨੇ ਪਰ ਮੈਂ ਪੰਜਾਬ 'ਚ ਨਹੀਂ ਹੋਣ ਦੇਣੀਆਂ। ਜ਼ਹਿਰੀਲੀ ਸ਼ਰਾਬ ਦਾ ਸ਼ਿਕਾਰ ਹੋਏ ਪਰਿਵਾਰਾਂ ਨਾਲ ਕੈਪਟਨ ਨੇ ਹਮਦਰਦੀ ਜ਼ਾਹਿਰ ਕਰਦਿਆਂ ਦਾਅਵਾ ਕੀਤਾ ਕਿ ਇਸ ਮਸਲੇ ਦੇ ਗੁਨਾਹਗਾਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਕੈਪਟਨ ਨੇ ਕਿਹਾ ਕਿ ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਸ਼ਰਾਬ ਮਾਫੀਏ ਨੂੰ ਖ਼ਤਮ ਕਰ ਦਿਆਂਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੁਧਿਆਣੇ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਪਟਨ ਨੂੰ ਵਿਸ਼ੇਸ਼ ਕਦਮ ਉਠਾਉਣ ਦੀ ਮੰਗ ਕੀਤੀ ਸੀ। ਬਿੱਟੂ ਨੇ ਫੇਸਬੁੱਕ ਤੇ ਲਾਈਵ ਹੋ ਕੇ ਇਸ ਮਾਮਲੇ 'ਚ ਦੋਸ਼ੀ ਧਿਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ।ਅਜਿਹੇ ਮਾਮਲਿਆਂ 'ਤੇ ਸਖ਼ਤ ਕਾਰਵਾਈ ਕਰਨ ਲਈ ਰਵਨੀਤ ਬਿੱਟੂ ਨੇ ਕੈਪਟਨ ਨੂੰ ਵਿਸ਼ੇਸ਼ ਤੌਰ 'ਤੇ ਅਪੀਲ ਕਰਦਿਆਂ ਕਿਹਾ ਸੀ ਕਿ ਉਹ ਚਾਹੇ ਵਿਧਾਨ ਸਭਾ 'ਚ ਵਿਸ਼ੇਸ਼ ਬਿਲ ਲੈ ਕੇ ਆਉਣ ਪਰ ਮੁਲਜ਼ਮ ਧਿਰ ਨੂੰ ਸਜਾਵਾਂ ਜ਼ਰੂਰ ਮਿਲਣੀਆਂ ਚਾਹੀਦੀਆਂ ਨੇ ਤਾਂ ਜੋ ਲੋਕਾਂ ਦਾ ਲੋਕਤੰਤਰ 'ਚੋਂ ਉੱਠ ਰਿਹਾ ਵਿਸ਼ਵਾਸ ਬਰਕਰਾਕ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ:-ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਰਵਨੀਤ ਬਿੱਟੂ ਦੀ ਕੈਪਟਨ ਨੂੰ ਸਲਾਹ

Harnek Seechewal

This news is Content Editor Harnek Seechewal