ਚੋਣ ਵਾਅਦੇ ਪੂਰੇ ਕਰਨ ਲਈ ਕੈਪਟਨ ਸਰਕਾਰ ਦੀ ਨੀਅਤ ਬਿਲਕੁਲ ਸਾਫ : ਧਰਮਸੌਤ

07/31/2021 11:44:56 PM

ਨਾਭਾ(ਭੂਪਾ, ਸਤੀਸ਼)- ਕਾਂਗਰਸ ਪਾਰਟੀ ਵੱਲੋਂ ਕੀਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਨੀਅਤ ਬਿਲਕੁਲ ਸਾਫ ਹੈ। ਇਹ ਸਪੱਸ਼ਟ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਜਿਸ ਦ੍ਰਿੜਤਾ ਅਤੇ ਸਮਰੱਥਾ ਦੀ ਜ਼ਰੂਰਤ ਹੁੰਦੀ ਹੈ ਉਹ ਕੈਪਟਨ ਅਮਰਿੰਦਰ ਸਿੰਘ ’ਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜ ਮਹੀਨਿਆਂ ਦਾ ਸਮਾਂ ਬਹੁਤ ਲੰਮਾ ਹੈ, ਕੈਪਟਨ ਸਾਹਿਬ ਦੇ ਇਸ਼ਾਰੇ ਨਾਲ ਪੰਜ ਦਿਨਾਂ ’ਚ ਚੋਣ ਵਾਅਦੇ ਪੂਰੇ ਹੋ ਜਾਣਗੇ।

ਇਹ ਵੀ ਪੜ੍ਹੋ- ਵਿਧਾਨ ਸਭਾ ਚੋਣਾਂ 'ਚ ਜਿੱਤ ਨੂੰ ਪੱਕਾ ਕਰਨ ਲਈ ਸਰਕਾਰ ਤੇ ਪਾਰਟੀ ਲੀਡਰਸ਼ਿਪ ਮਿਲ ਕੇ ਕਰੇਗੀ ਕੰਮ : ਕੈਪਟਨ

ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਢੇ 4 ਸਾਲਾਂ ’ਚ ਜਿੱਥੇ ਕੈਪਟਨ ਸਰਕਾਰ ਨੇ ਸੂਬੇ ਨੂੰ ਵਿਕਾਸ ਦੀ ਲੀਹ ’ਤੇ ਤੋਰ ਦਿੱਤਾ ਹੈ। ਉਨ੍ਹਾਂ ਰਿਜ਼ਰਵ ਹਲਕੇ ਨਾਭਾ ਦੇ ਸਮੂਹ ਸੀਨੀਅਰ ਅਹੁਦੇਦਾਰਾਂ ਨਾਲ ਇਕ ਸਾਂਝੀ ਮੀਟਿੰਗ ’ਚ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਸਰਗਰਮੀਆਂ ਵਧਾਉਣ ਦੀ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ 2022 ਦੀਆਂ ਚੋਣਾਂ ’ਚ ਬੇਮਿਸਾਲ ਜਿੱਤ ਹਾਸਲ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਮੁੜ ਸੱਤਾ ’ਚ ਲਿਆਉਣਾ ਹੈ। ਇਸ ਮੌਕੇ ਰਜਨੀਸ਼ ਮਿੱਤਲ ਸ਼ੈਂਟੀ ਪ੍ਰਧਾਨ ਨਗਰ ਕੌਂਸਲ ਨਾਭਾ ਨੇ ਕਿਹਾ ਕਿ ਮਾਣਯੋਗ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਆਪਣੇ ਨਾਂ ਦੀ ਤਰ੍ਹਾਂ ਸਾਧੂ ਅਤੇ ਸਾਫ ਅਕਸ ਵਾਲੇ ਅਜਿਹੇ ਜੁਝਾਰੂ ਇਨਸਾਨ ਹਨ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਸਮਰਥਨ ’ਚ ਖੜ੍ਹਨ ਕਾਰਨ ਮੋਦੀ ਸਰਕਾਰ ਦੀ ਸਾਜ਼ਿਸ਼ ਅਧੀਨ ਸ਼ੁਰੂ ਕੀਤੀ ਜਾ ਰਹੀ ਸੀ. ਬੀ. ਆਈ. ਅਤੇ ਈ. ਡੀ. ਜਾਂਚ ਧਰਮਸੌਤ ਦੇ ਅਕਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ ਕਿਉਂਕਿ ਸਾਧੂ ਸਿੰਘ ਧਰਮਸੌਤ ਕੈਬਨਿਟ ਮੰਤਰੀ ਜ਼ਮੀਨ ਨਾਲ ਜੁੜੇ ਹੋਏ ਨੇਤਾ ਹਨ। ਉਨ੍ਹਾਂ ਕਿਹਾ ਕਿ ਈ. ਡੀ. ਜਾਂ ਸੀ. ਬੀ. ਆਈ. ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਾ. ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਆਦਿ ਸਮੇਤ ਕਈ ਕੇਂਦਰੀ ਮੰਤਰੀਆਂ ਅਤੇ ਸੂਬਾ ਮੰਤਰੀਆਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ ਪਰ ਕਿਸੇ ਵੀ ਜਾਂਚ ਨੂੰ ਪੂਰਾ ਹੋਣ ਤੋਂ ਪਹਿਲਾਂ ਵਿਅਕਤੀ ਨੂੰ ਨਿਸ਼ਾਨੇ ’ਤੇ ਰੱਖਣਾ ਕੋਝੀ ਰਾਜਨੀਤੀ ਦਾ ਹੀ ਨਤੀਜਾ ਹਨ।

ਇਹ ਵੀ ਪੜ੍ਹੋ- ਅੰਗ੍ਰੇਜ਼ਾਂ ਕੋਲੋਂ ਮਾਫੀਆਂ ਮੰਗਣ ਵਾਲਿਆਂ ਦੇ ਬੁੱਤ ਤਾਂ ਸਰਕਾਰਾਂ ਨੇ ਸੰਸਦ ’ਚ ਲਾਏ ਪਰ ਸ਼ਹੀਦਾਂ ਨੂੰ ਵਿਸਾਰਿਆ: ਮਾਨ

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਜਤਿੰਦਰ ਜੱਤੀ ਆਡ਼੍ਹਤੀਆ ਐਸੋਸੀਏਸ਼ਨ ਪ੍ਰਧਾਨ, ਚੇਅਰਮੈਨ ਮਾਰਕੀਟ ਕਮੇਟੀ ਨਾਭਾ ਜਗਜੀਤ ਸਿੰਘ ਦੁਲੱਦੀ, ਬਲਾਕ ਸੰਮਤੀ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ, ਪਰਮਜੀਤ ਸਿੰਘ ਕੱਲਰਮਾਜਰੀ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਪੀ. ਏ. ਟੂ. ਕੈਬਨਿਟ ਮੰਤਰੀ ਚਰਨਜੀਤ ਬਾਤਿਸ਼, ਚੁੰਨੀ ਲਾਲ ਭਾਦਸੋਂ, ਬਲਵਿੰਦਰ ਬਿੱਟੂ ਦਿਹਾਤੀ ਕਾਂਗਰਸ ਪ੍ਰਧਾਨ ਆਦਿ ਨੇ ਇਕ ਸੁਰ ਹੋ ਕੇ ਕਿਹਾ ਕਿ ਕਾਂਗਰਸ ਅਤੇ ਕਾਂਗਰਸੀ ਬੇਦਾਗ ਸ਼ਖਸੀਅਤ, ਪੰਜਾਬ ਅਤੇ ਪੰਜਾਬੀਅਤ ਦੇ ਸੱਚੇ ਪਹਿਰੇਦਾਰ ਸਾਧੂ ਸਿੰਘ ਧਰਮਸੌਤ ਨਾਲ ਚੱਟਾਨ ਵਾਂਗ ਖੜ੍ਹੇ ਸਨ ਅਤੇ ਰਹਿਣਗੇ।

Bharat Thapa

This news is Content Editor Bharat Thapa