ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਦਿੱਤਾ 100 ਕਰੋੜ ਦਾ ਤੋਹਫਾ

02/22/2018 12:52:27 AM

ਅੰਮ੍ਰਿਤਸਰ (ਵੜੈਚ)— ਨਗਰ ਨਿਗਮ ਦੇ ਇਤਿਹਾਸ 'ਚ ਪਹਿਲੀ ਵਾਰ ਮੀਟਿੰਗ ਹਾਲ ਵਿਚ ਕੌਂਸਲਰਾਂ ਨਾਲ ਰੂ-ਬ-ਰੂ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੇ ਭਲਾਈ ਕੰਮਾਂ ਲਈ 100 ਕਰੋੜ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਜ਼ਰੀਏ ਨਗਰ ਨਿਗਮ ਅੰਮ੍ਰਿਤਸਰ ਨੂੰ 100 ਕਰੋੜ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਸੰਖੇਪ ਜਿਹੇ ਭਾਸ਼ਣ 'ਚ ਕਿਹਾ ਕਿ ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਲੁਧਿਆਣਾ ਦੇ ਮੇਅਰਾਂ ਨੂੰ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਨਿਗਮ ਵਿਚ ਪਹਿਲੀ ਵਾਰ ਮੁੱਖ ਮੰਤਰੀ ਪਹੁੰਚੇ। ਰਿੰਟੂ ਨੇ ਕਿਹਾ ਕਿ ਨਿਗਮ ਨੂੰ ਘੱਟੋ-ਘੱਟ 200 ਕਰੋੜ ਰੁਪਏ ਕਰਜ਼ ਦੇ ਤੌਰ 'ਤੇ ਹੀ ਦਿੱਤੇ ਜਾਣ, ਡੇਢ ਸਾਲਾਂ ਵਿਚ ਸਾਰੇ ਪੈਸੇ ਵਾਪਸ ਕਰ ਦਿਆਂਗੇ। ਸਰਕਾਰ ਵੱਲੋਂ ਆਇਆ ਇਕ-ਇਕ ਪੈਸਾ ਈਮਾਨਦਾਰੀ ਨਾਲ ਖਰਚ ਕੀਤਾ ਜਾਵੇਗਾ। ਨਿਗਮ ਦਾ 20 ਕਰੋੜ ਰੁਪਏ ਮਹੀਨੇ ਦਾ ਖਰਚ ਹੈ, ਜਿਸ ਵਿਚੋਂ ਸਾਢੇ 17 ਕਰੋੜ ਤਨਖਾਹਾਂ ਦਾ ਚਲਾ ਜਾਂਦਾ ਹੈ।
ਕੈਪਟਨ ਸਾਹਿਬ! ਸਿੱਧੂ ਸਾਹਿਬ ਕੋਲ ਬੜਾ ਮਾਲ ਹੈ
ਰਿੰਟੂ ਦੀ ਇਸ ਗੱਲ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਕੋਲ ਕਰੋੜਾਂ ਦੇ ਨੋਟਾਂ ਵਾਲਾ ਦਰੱਖਤ ਹੈ। ਸਿੱਧੂ ਨੇ ਮੁੱਖ ਮੰਤਰੀ ਦੀ ਤਾਰੀਫ ਕਰਦਿਆਂ ਕਿਹਾ ਕਿ ਸਵਾ 4 ਸਾਲਾਂ 'ਚ ਪਿਛਲੇ 40 ਸਾਲਾਂ ਨਾਲੋਂ ਵੱਧ ਵਿਕਾਸ ਕੰਮ ਕਰ ਕੇ ਜਨਤਾ ਦੀਆਂ ਉਮੀਦਾਂ 'ਤੇ ਖਰਾ ਉਤਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਖੂਹ ਪਿਆਸੇ ਕੋਲ ਚੱਲ ਕੇ ਆਇਆ ਹੈ, ਕੌਂਸਲਰਾਂ ਦੀਆਂ ਉਮੀਦਾਂ ਦਾ ਵਿਸ਼ਵਾਸ ਟੁੱਟਣ ਨਹੀਂ ਦਿਆਂਗੇ। 
2 ਮਿੰਟ ਦੀ ਸਪੀਚ, ਘੰਟਿਆਂ ਦੀ ਉਡੀਕ
ਨਿਗਮ ਦੇ ਮੀਟਿੰਗ ਹਾਲ 'ਚ ਕੌਂਸਲਰਾਂ ਤੇ ਅਧਿਅਕਾਰੀਆਂ ਨੂੰ ਮੁੱਖ ਮੰਤਰੀ ਦੇ ਆਉਣ 'ਤੇ ਲੰਬੀ ਉਡੀਕ ਕਰਨੀ ਪਈ। ਨਿਰਧਾਰਤ ਸਮੇਂ ਅਨੁਸਾਰ ਕੌਂਸਲਰਾਂ ਨੂੰ ਦੁਪਹਿਰ ਡੇਢ ਵਜੇ ਦਾ ਸਮਾਂ ਦਿੱਤਾ ਗਿਆ ਸੀ, ਜਦ ਕਿ ਰੁਝੇਵਿਆਂ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਲ 'ਚ ਕਰੀਬ ਸਵਾ 4 ਵਜੇ ਪਹੁੰਚੇ।
ਕੌਂਸਲਰਾਂ ਦੀ ਘੱਟ ਰਹੀ ਗਿਣਤੀ
85 ਕੌਂਸਲਰਾਂ ਦੇ ਮੁਕਾਬਲੇ ਮੀਟਿੰਗ ਹਾਲ 'ਚ ਕੌਂਸਲਰਾਂ ਦੀ ਗਿਣਤੀ ਘੱਟ ਦੇਖਣ ਨੂੰ ਮਿਲੀ। 43 ਦੇ ਕਰੀਬ 14 ਮਹਿਲਾ ਕੌਂਸਲਰ ਹੀ ਆਏ। ਭਾਜਪਾ ਕੌਂਸਲਰ ਸੰਧਿਆ ਸਿੱਕਾ ਨੂੰ ਛੱਡ ਕੇ ਗਠਜੋੜ ਦੇ ਕੌਂਸਲਰ ਵੀ ਨਹੀਂ ਦੇਖੇ ਗਏ। ਮਹਿਲਾ ਕੌਂਸਲਰ ਦੀ ਜਗ੍ਹਾ ਕੌਂਸਲਰ ਪਤੀ ਅਤੇ ਪੁੱਤਰ ਕੌਂਸਲਰਾਂ ਦੀਆਂ ਕੁਰਸੀਆਂ 'ਤੇ ਨਜ਼ਰ ਆਏ, ਜਿਨ੍ਹਾਂ ਨੂੰ ਐਕਸੀਅਨ ਸੰਜੇ ਕੰਵਰ ਨੇ ਕੌਂਸਲਰਾਂ ਦੀਆਂ ਕੁਰਸੀਆਂ ਦੀ ਜਗ੍ਹਾ ਪਿੱਛੇ ਕੁਰਸੀਆਂ 'ਤੇ ਜਾਣ ਲਈ ਕਿਹਾ ਪਰ ਕੋਈ ਟੱਸ ਤੋਂ ਮੱਸ ਨਹੀਂ ਹੋਇਆ।
ਨਵੀ ਭਗਤ ਨੇ ਕੀਤੀ ਕਬੀਰ ਜਯੰਤੀ ਦੀ ਛੁੱਟੀ ਦੀ ਮੰਗ
ਕੌਂਸਲਰ ਨਵਦੀਪ ਕੁਮਾਰ ਨਵੀ ਭਗਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਜਾਰੀ ਪੱਤਰ ਜ਼ਰੀਏ ਭਗਤ ਕਬੀਰ ਜੀ ਦੇ ਜਨਮ ਦਿਹਾੜੇ 'ਤੇ ਸਰਕਾਰੀ ਛੁੱਟੀ ਦੀ ਮੰਗ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਦੇ ਓ. ਐੱਸ. ਡੀ. ਐੱਮ. ਐੱਸ. ਵਿਰਕ ਨੂੰ ਪੱਤਰ ਭੇਟ ਕਰਦਿਆਂ ਵੱਖ-ਵੱਖ ਸੰਸਥਾਵਾਂ ਵੱਲੋਂ ਛੁੱਟੀ ਦੀ ਮੰਗ ਨਾਲ ਸਬੰਧਤ ਰਿਕਾਰਡ ਵੀ ਦਿੱਤਾ।
ਇਨ੍ਹਾਂ ਨੇ ਭਰੀਆਂ ਹਾਜ਼ਰੀਆਂ
ਨਗਰ ਨਿਗਮ ਹਾਊਸ 'ਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਸ਼ਹਿਰ ਦੇ ਐੱਮ. ਐੱਲ. ਏ. ਡਾ. ਰਾਜ ਕੁਮਾਰ, ਓਮ ਪ੍ਰਕਾਸ਼ ਸੋਨੀ, ਇੰਦਰਬੀਰ ਸਿੰਘ ਬੁਲਾਰੀਆ ਤੇ ਸੁਨੀਲ ਦੱਤੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਉਨ੍ਹਾਂ ਤੋਂ ਇਲਾਵਾ ਕਮਿਸ਼ਨਰ ਸੋਨਾਲੀ ਗਿਰੀ, ਸੰਯੁਕਤ ਕਮਿਸ਼ਨਰ ਸੌਰਭ ਅਰੋੜਾ, ਰਾਜਕੰਵਲਪ੍ਰੀਤ ਪਾਲ ਸਿੰਘ ਲੱਕੀ, ਮਮਤਾ ਦੱਤਾ, ਰਮਨ ਬਖਸ਼ੀ, ਯੂਨਿਸ ਕੁਮਾਰ, ਸੰਦੀਪ ਕੁਮਾਰ ਰਿੰਕਾ, ਜਤਿੰਦਰ ਸੋਨੀਆ, ਦਮਨਦੀਪ ਸਿੰਘ, ਵਿਕਾਸ ਸੋਨੀ, ਨਵਦੀਪ ਕੁਮਾਰ, ਅਜੀਤ ਸਿੰਘ ਭਾਟੀਆ, ਬਲਵਿੰਦਰ ਸਿੰਘ ਨਵਾਂ ਪਿੰਡ, ਸਤੀਸ਼ ਬੱਲੂ, ਪ੍ਰਿਯੰਕਾ ਸ਼ਰਮਾ, ਰਿਤੇਸ਼ ਸ਼ਰਮਾ, ਐਡਵੋਕੇਟ ਬਲਵਿੰਦਰ ਸਿੰਘ, ਪ੍ਰਮੋਦ ਬੱਬਲ, ਸੁਖਦੇਵ ਸਿੰਘ ਚਾਹਲ, ਗੁਰਮੀਤ ਕੌਰ, ਗੁਰਦੀਪ ਪਹਿਲਵਾਨ, ਪਰਮਿੰਦਰ ਕੌਰ ਹੁੰਦਲ, ਸੁਰਜੀਤ ਕੌਰ ਸੰਧੂ, ਸ਼ਿੰਦਰ ਕੌਰ, ਜਰਨੈਲ ਸਿੰਘ ਭੁੱਲਰ, ਬਲਦੇਵ ਸਿੰਘ, ਅਨੇਕ ਸਿੰਘ ਤੇ ਸਵਰਨ ਸਿੰਘ ਗਿੱਲ ਸਮੇਤ ਕਈ ਕੌਂਸਲਰ ਸਥਾਨਕ ਸਰਕਾਰਾਂ ਵਿਭਾਗ ਤੇ ਪੁਲਸ ਅਧਿਕਾਰੀ ਮੌਜੂਦ ਸਨ।