ਵਧੀਆ ਸਰਕਾਰ ਚਲਾਉਣ ਲਈ ਪ੍ਰਕਾਸ਼ ਸਿੰਘ ਬਾਦਲ ਕੋਲੋਂ ਜਾਦੂਗਰੀ ਸਿੱਖਣ ਕੈਪਟਨ : ਪ੍ਰੋ. ਚੰਦੂਮਾਜਰਾ

10/30/2017 7:02:12 AM

ਫਤਿਹਗੜ੍ਹ ਸਾਹਿਬ (ਜਗਦੇਵ) - ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਪੰਜਾਬ 'ਚ ਸ਼ਰਾਬ ਸਸਤੀ ਕਰ ਕੇ ਲੋਕਾਂ ਨੂੰ ਸ਼ਰਾਬੀ ਬਣਾਉਣ ਲੱਗੇ ਹੋਏ ਹਨ, ਜਦਕਿ ਹੋਰ ਬੁਨਿਆਦੀ ਮਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸੁਨੀਲ ਜਾਖੜ ਵੱਲੋਂ ਬਿਜਲੀ ਦੇ ਰੇਟਾਂ ਦੇ ਵਧਣ ਦਾ ਭਾਂਡਾ ਅਕਾਲੀ ਸਰਕਾਰ ਸਿਰ ਭੰਨਣਾ ਕੈਪਟਨ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ ਜਦਕਿ ਸੁਨੀਲ ਜਾਖੜ ਨੂੰ ਚਾਹੀਦਾ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮਾੜੇ ਪ੍ਰਬੰਧਾਂ ਵੱਲ ਧਿਆਨ ਦੇਣ। ਉਨ੍ਹਾਂ ਸੁਨੀਲ ਜਾਖੜ ਤੋਂ ਸਵਾਲ ਕਰਦਿਆਂ ਕਿਹਾ ਕਿ ਪੰਜਾਬ 'ਚ 800 ਸਕੂਲ ਬੰਦ ਕਰਨੇ, ਨਾਜਾਇਜ਼ ਮਾਈਨਿੰਗ, ਸ਼ਰਾਬ ਦੇ ਰੇਟ ਵਧਾਉਣੇ, ਨੌਜਵਾਨਾਂ ਨੂੰ ਨੌਕਰੀਆਂ ਤੋਂ ਕੱਢਣਾ, ਆਂਗਣਵਾੜੀ ਵਰਕਰਾਂ 'ਤੇ ਤਸ਼ੱਦਦ ਕਰਨਾ ਆਦਿ ਅਜਿਹੇ ਫੈਸਲੇ ਵੀ ਕੀ ਬਾਦਲ ਸਰਕਾਰ ਸਮੇਂ ਦੇ ਫੈਸਲੇ ਹਨ? ਜਿਸ ਨੂੰ ਸਪੱਸ਼ਟ ਕਰਨ ਦੀ ਲੋੜ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਸਰਕਾਰ ਦੀਆਂ ਖਾਮੀਆਂ ਤੇ ਨਾਲਾਇਕੀਆਂ ਸਮਝਣ ਦੀ ਲੋੜ ਹੈ।  
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਧੀਆ ਸਰਕਾਰ ਚਲਾਉਣ ਲਈ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਜਾਦੂਗਰੀ ਸਿੱਖਣ ਕਿ ਕਿਸ ਤਰ੍ਹਾਂ ਰਾਜ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰ ਕੇ ਸਵੱਛ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ, ਅਮਰਿੰਦਰ ਸਿੰਘ ਲਿਬੜਾ, ਇੰਦਰਜੀਤ ਸਿੰਘ ਸੰਧੂ, ਹਰਵਿੰਦਰ ਸਿੰਘ ਬੱਬਲ, ਦਰਬਾਰਾ ਸਿੰਘ ਰੰਧਾਵਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਚੇਅਰਮੈਨ ਬਲਜੀਤ ਸਿੰਘ ਭੁੱਟਾ, ਅਮਰਜੀਤ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ, ਓ. ਐੱਸ. ਡੀ. ਹਰਦੇਵ ਸਿੰਘ ਹਰਪਾਲਪੁਰ, ਭਾਜਪਾ ਆਗੂ ਨਰੇਸ਼ ਸਰੀਨ, ਸੋਹਣ ਲਾਲ, ਸੁਰਿੰਦਰ ਸਿੰਘ ਸੁਹਾਗਹੇੜੀ, ਲਖਵੀਰ ਸਿੰਘ ਸੋਢਾ, ਸੁਰਜੀਤ ਸਿੰਘ, ਸਾਬਕਾ ਚੇਅਰਮੈਨ ਲਖਵੀਰ ਸਿੰਘ ਥਾਂਬਲਾ, ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।