ਕੈਪਟਨ ਖੁਦ ਐਲਾਨਣ ਵਿੱਤੀ ਐਮਰਜੈਂਸੀ : ਸੁਖਬੀਰ

02/24/2018 7:41:09 AM

ਝੁਨੀਰ (ਮਾਨਸਾ) (ਸੰਦੀਪ ਮਿੱਤਲ) - ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਕਿੱਥੇ ਹੈ ਕਿਉਂਕਿ ਪੰਜਾਬ ਦੇ ਲੋਕ ਹੁਣ ਆਪਣੇ ਵੱਲੋਂ ਚੁਣੀ ਸਰਕਾਰ ਨੂੰ ਲੱਭ ਰਹੇ ਹਨ। ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਨੇ ਅਕਾਲੀ ਸਰਕਾਰ ਵੇਲੇ ਮਿਲੀਆਂ ਸਹੂਲਤਾਂ ਖੋਹ ਕੇ ਪੰਜਾਬ ਦੇ ਲੋਕਾਂ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ। ਉਹ ਅੱਜ ਕਸਬਾ ਝੁਨੀਰ ਵਿਖੇ ਕਾਂਗਰਸ ਸਰਕਾਰ ਦੀ 'ਪੋਲ ਖੋਲ੍ਹ' ਰੈਲੀ 'ਚ ਹਲਕੇ ਦੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ. ਬਾਦਲ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਕੋਲ ਮੰਨ ਰਹੇ ਹਨ ਕਿ ਪੰਜਾਬ ਦੇ ਵਿੱਤੀ ਹਾਲਾਤ ਮਾੜੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਖੁਦ ਤੁਰੰਤ ਪੰਜਾਬ 'ਚ ਵਿੱਤੀ ਐਮਰਜੈਂਸੀ ਦਾ ਐਲਾਨ ਕਰਨ ਕਿਉਂਕਿ ਹੁਣ ਅਜਿਹੇ ਹਾਲਾਤ ਬਣ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਸੂਬਾ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਤੋਂ ਦੁਖੀ ਹੈ ਕਿਉਂਕਿ ਸੂਬਾ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਕੀਤੇ ਵੱਡੇ-ਵੱਡੇ ਵਾਅਦਿਆ ਨੂੰ ਕਾਂਗਰਸ ਸਰਕਾਰ ਬਣਦਿਆਂ ਸਾਰ ਪੂਰਾ ਤਾਂ ਕੀ ਕਰਨਾ ਸੀ ਸਗੋਂ ਅਕਾਲੀ ਸਰਕਾਰ ਵੇਲੇ ਮਿਲੀਆਂ ਸਹੂਲਤਾਂ ਵੀ ਖੋਹ ਕੇ ਚੋਣ ਮਨੋਰਥ ਪੱਤਰ ਨੂੰ ਗੱਪ ਸਾਬਤ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜੋਤਸ਼ੀ ਨੇ ਸਰਕਾਰ ਬਣਨ ਤੋਂ ਪਹਿਲਾ ਦੱਸ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਜ਼ਰੂਰ ਬਣੇਗੀ ਪਰ ਚੱਲੇਗੀ ਸਿਰਫ 2 ਸਾਲ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਅੰਦਰ 2019 'ਚ ਵਿਧਾਨ ਚੋਣਾਂ ਹੋਈਆਂ ਤਾਂ ਪੰਜਾਬ ਅੰਦਰ ਮੁੜ ਅਕਾਲੀ ਸਰਕਾਰ ਬਣਦਿਆਂ ਸਾਰ ਲੋਕਾਂ ਲਈ ਅਕਾਲੀ ਸਰਕਾਰ ਵੇਲੇ ਮਿਲਦੀਆਂ ਸਹੂਲਤਾਂ ਮੁੜ ਬਹਾਲ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ  ਬਠਿੰਡਾ ਵਿਚ ਏਮਜ਼ ਪ੍ਰਾਜੈਕਟ ਇਸ ਲਈ ਪੱਛੜ ਗਿਆ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਲੋੜੀਂਦੇ ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜ਼ਿਆਦਾਤਰ ਰਜਵਾਹਿਆਂ/ਖਾਲ਼ਾਂ ਦੀ ਉਸਾਰੀ ਦਾ ਕੰਮ ਅਕਾਲੀ-ਭਾਜਪਾ ਸਰਕਾਰ ਵੇਲੇ ਤਕਰੀਬਨ 800 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਦਿੱਤਾ ਗਿਆ ਸੀ ਅਤੇ ਜਿਹੜਾ ਰਹਿ ਗਿਆ ਸੀ, ਉਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜੋਜੋ ਸਰਵਿਸ ਟੈਕਸ ਵਸੂਲ ਕੇ ਪੰਜਾਬ ਅੰਦਰ ਗੁੰਡਾ ਟੈਕਸ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ ਪਰ ਮੁੱਖ ਮੰਤਰੀ ਪੰਜਾਬ ਇਸ ਮਸਲੇ ਨੂੰ ਲੈ ਕੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ।
ਇਸ ਮੌਕੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਕਾਂਗਰਸੀ ਆਗੂਆਂ ਵੱਲੋਂ ਪੁਲਸ ਨਾਲ ਰਲ ਕੇ ਅਕਾਲੀ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਹਰ ਕਿਸਮ ਦੀ ਬੇਇਨਸਾਫੀ ਦਾ ਜ਼ਬਰਦਸਤ ਵਿਰੋਧ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਕਾਂਗਰਸ ਸਰਕਾਰ 'ਤੇ ਸਵਾਲ ਉਠਾ ਰਹੇ ਹਨ ਕਿ ਕਿੱਥੇ ਹੋਈ ਕਿਸਾਨ ਕਰਜ਼ਾ ਮੁਆਫੀ, ਕਿਥੇ ਨੌਜਵਾਨਾਂ ਨੂੰ ਸਮਾਰਟ ਫੋਨ ਅਤੇ ਰੋਜ਼ਗਾਰ ਮਿਲਿਆ, ਕਿਸਾਨ, ਮਜ਼ਦੂਰ ਅਤ ਮੁਲਾਜ਼ਮ ਕਿਉਂ ਸੜਕਾਂ 'ਤੇ ਹਨ? ਅਤੇ ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਸ ਵੱਲੋਂ ਟੈਕਸਾਂ ਤੋਂ ਇਲਾਵਾ ਐਕਸਾਈਜ਼, ਜੀ. ਐੱਸ. ਟੀ., ਬਿਜਲੀ ਦਰਾਂ ਅਤੇ ਰਜਿਸਟਰੀਆਂ ਤੋਂ ਇਕੱਠਾ ਕੀਤਾ ਪੈਸਾ ਕਿੱਥੇ ਚਲਾ ਗਿਆ?
ਇਸ ਮੌਕੇ ਵਿਧਾਇਕ ਸਰਦੂਲਗੜ੍ਹ ਦਿਲਰਾਜ ਸਿੰਘ ਭੂੰਦੜ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਮਾਨਸਾ ਸੁਖਵਿੰਦਰ ਸਿੰਘ ਔਲਖ, ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਪ੍ਰਧਾਨ ਪ੍ਰੇਮ ਅਰੋੜਾ, ਅਵਤਾਰ ਸਿੰਘ ਰਾੜਾ, ਹਰਬੰਸ ਗੋਲੂ, ਬੱਬੀ ਬਾਦਲ, ਜਗਸੀਰ ਸਿੰਘ ਅੱਕਾਂਵਾਲੀ, ਜਗਪ੍ਰੀਤ ਜੱਗ, ਰਘਵੀਰ ਸਿੰਘ ਮਾਨਸਾ, ਡਾ. ਨਿਸ਼ਾਨ ਸਿੰਘ, ਰੇਸ਼ਮ ਸਿੰਘ ਬਣਾਂਵਾਲੀ, ਜ਼ਿਲਾ ਯੂਥ ਦੇ ਪ੍ਰਧਾਨ ਅਵਤਾਰ ਸਿੰਘ ਰਾੜਾ, ਸ਼ਾਮ ਲਾਲ ਧਲੇਵਾਂ, ਮੇਵਾ ਸਿੰਘ ਬਾਂਦਰਾ, ਸ਼ਰਨਜੀਤ ਕੌਰ ਚਹਿਲ, ਹਰਮਨਜੀਤ ਸਿੰਘ ਭੰਮਾ, ਬੌਬੀ ਜੈਨ ਸਰਦੂਲਗੜ੍ਹ, ਕਰਨੀ ਮਾਨਸਾ, ਸੁਖਦੇਵ ਚੈਨੇਵਾਲਾ, ਦੀਪਾ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਆਗੂ ਵੀ ਮੌਜੂਦ ਸਨ।