ਕੈਪਟਨ ਸਰਕਾਰ ਨੇ ਪੰਜਾਬ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦਿੱਤਾ : ''ਆਪ''

07/11/2019 12:33:38 AM

ਜਲੰਧਰ(ਬੁਲੰਦ)- ਕੈਪਟਨ ਸਰਕਾਰ ਪੰਜਾਬ 'ਚ ਲੋਕਾਂ ਨੂੰ ਲੁੱਟਣ 'ਤੇ ਲੱਗੀ ਹੈ। ਤਿੰਨ ਪ੍ਰਾਈਵੇਟ ਕੰਪਨੀਆਂ ਨੂੰ 2800 ਕਰੋੜ ਰੁਪਏ ਸਾਲਾਨਾ ਦੇ ਕੇ ਕੁੱਝ ਪੈਸੇ 'ਚ ਉਸ ਤੋਂ ਬਿਜਲੀ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ 10 ਰੁਪਏ ਯੂਨਿਟ ਦੇ ਹਿਸਾਬ ਨਾਲ ਵੇਚ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਨਾਲ ਜੁੜੇ ਨੇਤਾਵਾਂ ਚੇਅਰਮੈਨ ਵਿਧਾਇਕ ਪ੍ਰਿੰ. ਬੁੱਧ ਰਾਮ, ਸਟੇਟ ਕੋਆਰਡੀਨੇਟਰ ਵਿਧਾਇਕ ਮੀਤ ਹੇਅਰ, ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਤੇ ਸੁਖਵਿੰਦਰ ਸੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਇਸ ਮੌਕੇ ਆਪ ਨੇਤਾਵਾਂ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਲੋਕਾਂ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੀ ਹੈ। ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਕੋਈ ਵਾਅਦੇ ਪੂਰੇ ਨਹੀਂ ਕੀਤੇ ਉਲਟਾ ਬਿਜਲੀ ਦੇਸ਼ 'ਚ ਸਭ ਤੋਂ ਮਹਿੰਗੇ ਰੇਟਾਂ 'ਤੇ ਲੋਕਾਂ ਨੂੰ ਵੇਚ ਕੇ ਪ੍ਰਾਈਵੇਟ ਕੰਪਨੀਆਂ ਦੇ ਖਜ਼ਾਨੇ ਭਰੇ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਆਪ ਦੁਆਰਾ ਪੰਜਾਬ 'ਚ ਬਿਜਲੀ ਦੇ ਵਧੇ ਰੇਟਾਂ ਨੂੰ ਲੈ ਕੇ ਬਿਜਲੀ ਮੋਰਚਾ ਲਾਉਣ ਜਾ ਰਹੀ ਹੈ ਜਿਸ ਤਹਿਤ ਬਿਜਲੀ ਦੇ ਰੇਟ ਘੱਟ ਕਰਨ ਲਈ ਪੰਜਾਬ ਸਰਕਾਰ 'ਤੇ ਦਬਾਅ ਪਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਕਾਲੀਆਂ ਦੇ ਰਾਜ 'ਚ ਸਸਤੀ ਬਿਜਲੀ ਪੈਦਾ ਕਰਨ ਵਾਲੇ ਰੋਪੜ ਤੇ ਬਠਿੰਡਾ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਸੀ। ਇਸੇ ਰਾਹ 'ਤੇ ਚਲਦੇ ਹੋਏ ਕੈਪਟਨ ਸਰਕਾਰ ਪ੍ਰਾਈਵੇਟ ਕੰਪਨੀਆਂ ਤੋਂ ਬਿਜਲੀ ਖਰੀਦ ਰਹੀ ਹੈ ਤੇ ਆਪਣੇ ਪਲਾਂਟ ਬੰਦ ਰੱਖੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਸਰਕਾਰ ਦੀ ਤਰਜ਼ 'ਤੇ ਇਕ ਰੁਪਏ ਪ੍ਰਤੀ ਯੂਨਿਟ ਬਿਜਲੀ ਲੋਕਾਂ ਨੂੰ ਦੇਣੀ ਚਾਹੀਦੀ ਹੈ। ਇਸ ਮੌਕੇ ਨੇਤਾਵਾਂ ਨੇ ਕਿਹਾ ਕਿ ਬਿਜਲੀ ਮੋਰਚਾ ਨੂੰ ਸਫਲ ਬਣਾਉਣ ਲਈ ਰਾਜ 'ਚ ਹਰ ਜ਼ਿਲੇ ਦੇ ਹਰ ਹਲਕੇ 'ਚ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਜ਼ਿਲਾ ਪੱਧਰ 'ਤੇ ਪ੍ਰਸ਼ਾਸਨ ਦੇ ਜ਼ਰੀਏ ਸਰਕਾਰ 'ਤੇ ਦਬਾਅ ਬਣਾਉਗੀਆਂ । ਇਸਦੇ ਲਈ ਰੋਸ ਪ੍ਰਦਰਸ਼ਨ ਜਾਂ ਸਰਕਾਰ ਦੇ ਨੇਤਾਵਾਂ ਦਾ ਘਿਰਾਓ ਕੀਤਾ ਜਾਵੇਗਾ।

ਪਾਰਟੀ ਦੀ ਗੁੱਟਬੰਦੀ ਨੂੰ ਲੈ ਕੇ ਸਵਾਲਾਂ ਤੋਂ ਬਚਦੇ ਦਿਖੇ ਪਾਰਟੀ ਨੇਤਾ, ਬਣੀ ਵੀਡੀਓ ਤਾਂ ਮੀਡੀਆ ਕਰਮਚਾਰੀਆਂ ਨਾਲ ਉਲਝੇ ਵਰਕਰ
ਉਧਰ ਪਾਰਟੀ ਦੇ ਨੇਤਾ ਪ੍ਰੈਸ ਕਾਨਫਰੰਸ ਦੇ ਦੌਰਾਨ ਜ਼ਿਲਾ ਪੱਧਰ 'ਤੇ ਫੈਲੀ ਗੁੱਟਬੰਦੀ ਦੇ ਸਵਾਲਾਂ ਤੋਂ ਬਚਦੇ ਦਿਖਾਈ ਦਿੱਤੇ। ਜਦ ਕਿ ਇਸ ਤੋਂ ਪਹਿਲਾਂ ਬੈਠਕ 'ਚ ਪਾਰਟੀ ਦੇ ਨੇਤਾਵਾਂ ਨੇ ਹੀ ਆਪਣੀ ਪਾਰਟੀ ਦੇ ਨੇਤਾਵਾਂ 'ਤੇ ਵਿਧਾਇਕਾਂ ਦੇ ਸਾਹਮਣੇ ਦੋਸ਼ ਲਾਏ ਕਿ ਕੁੱਝ ਨੇਤਾ ਆਪਣੇ ਸੀਨੀਅਰ ਨੇਤਾਵਾਂ ਨੂੰ ਦਰਕਿਨਾਰ ਕਰ ਰਹੇ ਹਨ ਤੇ ਪਾਰਟੀ 'ਚ ਅਨੁਸ਼ਾਸਨ ਕਾਇਮ ਨਹੀਂ ਰੱਖਿਆ ਜਾ ਰਿਹਾ। ਇਸ ਵਿਚਾਲੇ ਕੁੱਝ ਮੀਡੀਆ ਕਰਮਚਾਰੀ ਨੇ ਜਦੋਂ ਇਸ ਤਰ੍ਹਾਂ ਦੀ ਗੱਲਾਂ ਕਰ ਰਹੇ ਆਪ ਦੇ ਜ਼ਿਲਾ ਇਕਾਈ ਦੇ ਨੇਤਾਵਾਂ ਦੀ ਵੀਡਿਓ ਰਿਕਾਰਡਿੰਗ ਕੀਤੀ ਤਾਂ ਪਾਰਟੀ ਵਰਕਰ ਮੀਡੀਆ ਕਰਮਚਾਰੀਆਂ ਨਾਲ ਬਹਿਸ ਕਰਨ ਲੱਗੇ ਤੇ ਮਾਮਲਾ ਉਸ ਸਮੇਂ ਕਾਫੀ ਗਰਮਾ ਗਿਆ ਜਦ ਆਪ ਦੇ ਨੇਤਾ ਮੀਡੀਆ ਕਰਮਚਾਰੀਆਂ ਨਾਲ ਰਿਕਾਰਡਿੰਗ ਡਲੀਟ ਕਰਨ ਨੂੰ ਕਹਿਣ ਲੱਗੇ। ਜਿਸ ਨਾਲ ਦੋਨਾਂ ਧਿਰਾਂ 'ਚ ਕਾਫੀ ਸਮੇਂ ਬਹਿਸ ਚਲਦੀ ਰਹੀ ਪਰ ਜਦ ਪਾਰਟੀ ਵਿਧਾਇਕਾਂ ਮੀਤ ਹੇਅਰ ਤੇ ਹੋਰਾਂ ਤੋਂ ਪਾਰਟੀ ਦੀ ਜ਼ਿਲਾ ਪੱਧਰ ਦੀ ਗੁੱਟਬਾਰੀ ਬਾਰੇ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਸਵਾਲਾਂ ਤੋਂ ਪੱਲਾ ਝਾੜਨਾ ਹੀ ਬਿਹਤਰ ਸਮਝਿਆ । ਇਸ ਮੌਕੇ ਡਾ. ਸ਼ਿਵਦਿਆਲ ਮਾਲੀ, ਡਾ. ਸੰਜੀਵ ਸ਼ਰਮਾ, ਤਰਨਦੀਪ ਸਿੰਘ ਸਨੀ, ਰਤਨ ਸਿੰਘ , ਰਵਿੰਦਰ ਰੇਖੀ, ਲਖਵੀਰ ਸਿੰਘ, ਸੁਭਾਸ਼ ਪ੍ਰਭਾਕਰ, ਸੁਨੀਤਾ, ਪੂਜਾ ਆਦਿ ਵੀ ਮੌਜੂਦ ਸਨ।

Karan Kumar

This news is Content Editor Karan Kumar