ਹਵਾ ਹੋਏ ਕੈਪਟਨ ਸਰਕਾਰ ਵਲੋਂ ਜਨਤਾ ਨਾਲ ਕੀਤੇ ਦਾਅਵੇ, ਪੰਜਾਬ ਦੇ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ

05/22/2017 7:27:40 PM

ਚੰਡੀਗੜ੍ਹ/ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਰਕਾਰ ਵਲੋ ਲੋਕਾਂ ਨੂੰ ਸਸਤੀ ਰੇਤਾ ਮੁਹੱਈਆ ਕਰਵਾਉਣ ਲਈ ਸੂਬੇ ਦੀਆਂ 89 ਖੱਡਾਂ ਦੀ ਈ-ਟੈਂਡਰਿੰਗ ਰਾਹੀਂ ਨਿਲਾਮੀ ਕਰਵਾਈ ਗਈ, ਜਿਸ ਤਹਿਤ ਸਰਕਾਰ ਨੂੰ 1026 ਕਰੋੜ ਰੁਪਏ ਦਾ ਮਾਲੀਆ ਤਾਂ ਇਕੱਠਾ ਹੋ ਜਾਵੇਗਾ ਪਰ ਕੈਪਟਨ ਸਰਕਾਰ ਦਾ ਸੂਬੇ ਦੇ ਲੋਕਾਂ ਨਾਲ ਕੀਤਾ ਸਸਤੀ ਰੇਤਾ ਦੇਣ ਦਾ ਵਾਅਦਾ ਹਵਾ ਹੋ ਜਾਏਗਾ। ਜਾਣਕਾਰੀ ਅਨੁਸਾਰ ਸਰਕਾਰ ਦੇ ਨਿਯਮਾਂ ਅਨੁਸਾਰ ਜੇਕਰ ਠੇਕੇਦਾਰਾਂ ਵਲੋਂ 1026 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਲਈ ਨਿਰਧਾਰਿਤ 89 ਖੱਡਾਂ ''ਚੋਂ ਤੈਅ ਕੀਤੇ ਗਏ ਮੀਟ੍ਰਿਕ ਟਨ ਦੇ ਹਿਸਾਬ ਨਾਲ ਰੇਤਾ ਭਰੀ ਗਈ ਤਾਂ ਅੰਦਾਜ਼ਨ 25 ਹਜ਼ਾਰ ਰੁਪਏ ਦਾ 1 ਹਜ਼ਾਰ ਫੁੱਟ ਦਾ ਰੇਤ ਦਾ ਟਿੱਪਰ ਖੱਡ ''ਚੋਂ ਭਰਿਆ ਜਾਵੇਗਾ ਤੇ ਢੋਆ-ਢੁਆਈ ਦੇ ਖਰਚੇ ਵੱਖਰੇ ਪੈਣ ਕਾਰਨ ਰੇਤਾ ਦਾ ਟਿੱਪਰ 30 ਤੋਂ 40 ਹਜ਼ਾਰ ਰੁਪਏ ਲੋਕਾਂ ਤਕ ਪਹੁੰਚੇਗਾ। ਠੇਕੇਦਾਰਾਂ ਵਲੋਂ ਆਪਸੀ ਖਹਿਬਾਜ਼ੀ ਕਾਰਨ ਇਹ ਰੇਤਾ ਦੀਆਂ ਖੱਡਾਂ ਬੇਤਹਾਸ਼ਾ ਮਹਿੰਗੀਆਂ ਹੋ ਗਈਆਂ ਹਨ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿਛਲੇ ਸਾਲ ਅਕਾਲੀ-ਭਾਜਪਾ ਸਰਕਾਰ ਦੀ ਸ਼ਹਿ ''ਤੇ ਰੇਤ ਮਾਫ਼ੀਆ ਵਲੋਂ ਰਾਜਸੀ ਆਗੂਆਂ ਦਾ ਹਿੱਸਾ-ਪੱਤੀ ਰੱਖ ਕੇ ਕਰੋੜਾਂ ਰੁਪਏ ਕਮਾਏ ਗਏ ਤੇ ਮੋਟੀ ਕਮਾਈ ਹੋਣ ਦੇ ਬਹਿਕਾਵੇ ''ਚ ਆ ਕੇ ਰੇਤਾ ਦੇ ਨਵੇਂ ਬਣੇ ਠੇਕੇਦਾਰਾਂ ਨੇ ਈ-ਟੈਂਡਰਿੰਗ ਰਾਹੀਂ ਮਹਿੰਗੀਆਂ ਖੱਡਾਂ ਖਰੀਦ ਤਾਂ ਲਈਆਂ ਪਰ ਇਹ ਖੱਡਾਂ ਦੀ ਨਿਲਾਮੀ ਸਿਰੇ ਚਾੜ੍ਹਨ ਲਈ ਠੇਕੇਦਾਰ 2 ਦਿਨਾਂ ''ਚ ਬਿਆਨਾ ਰਕਮ ਤੋਂ ਇਲਾਵਾ 25 ਫੀਸਦੀ ਰਕਮ ਜਮ੍ਹਾ ਕਰਵਾਉਣਗੇ ਜਾਂ ਨਹੀਂ, ਇਸ ਬਾਰੇ ਵੀ ਸ਼ੰਕੇ ਖੜ੍ਹੇ ਹੋ ਗਏ ਹਨ। ਪੰਜਾਬ ਸਰਕਾਰ ਨੇ ਰੇਤਾ ਦੀ ਨਾਜਾਇਜ਼ ਮਾਈਨਿੰਗ ਤਾਂ ਸਖਤੀ ਨਾਲ ਬੰਦ ਕਰਵਾ ਦਿੱਤੀ ਹੈ, ਜਿਸ ਕਾਰਨ ਰੇਤਾ ਤੇ ਬੱਜਰੀ ਦੇ ਭਾਅ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਨਾਲੋਂ ਵੀ ਮਹਿੰਗੇ ਹੋ ਗਏ ਪਰ ਹੁਣ ਮਹਿੰਗੀਆਂ ਖੱਡਾਂ ਦੀ ਨਿਲਾਮੀ ਤੋਂ ਬਾਅਦ ਇਹ ਖਣਿਜ ਪਦਾਰਥ ਸਸਤੇ ਹੁੰਦੇ ਦਿਖਾਈ ਨਹੀਂ ਦੇ ਰਹੇ, ਜਿਸ ਕਾਰਨ ਕੈਪਟਨ ਸਰਕਾਰ ਲਈ ਲੋਕਾਂ ਨੂੰ ਸਸਤੀ ਰੇਤਾ ਮੁਹੱਈਆ ਕਰਵਾਉਣਾ ਗਲੇ ਦੀ ਹੱਡੀ ਬਣਿਆ ਹੋਇਆ ਹੈ।
ਰੂਪਨਗਰ ਜ਼ਿਲੇ ''ਚ 4 ਲੱਖ 24 ਹਜ਼ਾਰ ਦਾ ਭਰੇਗਾ ਰੇਤਾ ਦਾ ਟਿੱਪਰ
ਰੇਤਾ ਦੇ ਭਰੇ ਇਹ ਟਿੱਪਰ ਦਾ ਰੇਟ ਸੁਣ ਕੇ ਲੋਕ ਇਕ ਵਾਰ ਤਾਂ ਹੈਰਾਨ-ਪ੍ਰੇਸ਼ਾਨ ਹੋਣਗੇ ਪਰ ਇਹ ਬਿਲਕੁਲ ਸੱਚ ਹੈ ਕਿ ਰੂਪਨਗਰ ਜ਼ਿਲੇ ਦੀ ਸਭ ਤੋਂ ਮਹਿੰਗੀ ਖੱਡ ਬਰਾਮਦ ਰੈਲ 51 ਕਰੋੜ ਰੁਪਏ ''ਚ ਈ-ਟੈਂਡਰਿੰਗ ਰਾਹੀਂ ਨਿਲਾਮ ਹੋਈ, ਜਿਸ ''ਚੋਂ 30915 ਮੀਟ੍ਰਿਕ ਟਨ ਰੇਤਾ ਪ੍ਰਤੀ ਸਾਲ ਨਿਯਮਾਂ ਅਨੁਸਾਰ ਟਰੱਕਾਂ ''ਚ ਭਰੀ ਜਾਵੇਗੀ। ਇਸ ਹਿਸਾਬ ਨਾਲ ਖੱਡ ''ਚੋਂ ਰੇਤਾ ਦਾ ਟਿੱਪਰ 4 ਲੱਖ 24 ਹਜ਼ਾਰ ਰੁਪਏ ਦਾ ਭਰਿਆ ਜਾਵੇਗਾ, ਜੋ ਕਿ ਆਪਣੇ ਆਪ ''ਚ ਰਿਕਾਰਡ ਹੋਵੇਗਾ, ਜਿਸ ਨੂੰ ਖਰੀਦਣਾ ਬਿਲਕੁਲ ਅਸੰਭਵ ਹੈ, ਇਸ ਲਈ ਪੰਜਾਬ ਸਰਕਾਰ ਦੀਆਂ 89 ਖੱਡਾਂ ਦੀ ਨਿਲਾਮੀ ''ਚੋਂ ਕਿੰਨੀਆਂ ਖੱਡਾਂ ਸਿਰੇ ਚੜ੍ਹਨਗੀਆਂ, ਇਹ ਆਉਣ ਵਾਲੇਦਿਨਾਂ ''ਚ ਠੇਕੇਦਾਰ ਵਲੋਂ 25 ਫੀਸਦੀ ਰਕਮ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਮਹਿੰਗੀਆਂ ਖੱਡਾਂ ਲੈਣ ਵਾਲੇ ਠੇਕੇਦਾਰ ਭੱਜਣ ਲੱਗੇ
ਠੇਕੇਦਾਰਾਂ ਨੇ ਪੰਜਾਬ ਦੀਆਂ ਖੱਡਾਂ 1026 ਕਰੋੜ ''ਚ ਖਰੀਦ ਤਾਂ ਲਈਆਂ ਪਰ ਕੁਝ ਖੱਡਾਂ ''ਤੇ ਹਾਲਾਤ ਇਹ ਬਣੇ ਹੋਏ ਹਨ ਕਿ ਉਸ ਖੱਡ ''ਚੋਂ ਰੇਤਾ ਵੇਚਣ ਲਈ ਇਕ ਟਿੱਪਰ 1 ਲੱਖ ਰੁਪਏ ਤੋਂ ਵੱਧ ''ਚ ਭਰਨਾ ਪਵੇਗਾ, ਜੋ ਕਿ ਸੰਭਵ ਨਹੀਂ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲੇ ਦੀਆਂ 2 ਖੱਡਾਂ, ਜੋ ਕਿ ਠੇਕੇਦਾਰ ਵਲੋਂ ਕਰੋੜਾਂ ਰੁਪਏ ''ਚ ਖਰੀਦ ਤਾਂ ਲਈਆਂ ਗਈਆਂ ਪਰ ਉਸ ਨੇ ਜ਼ੁਬਾਨੀ ਤੌਰ ''ਤੇ ਮਾਈਨਿੰਗ ਵਿਭਾਗ ਨੂੰ ਕਹਿ ਦਿੱਤਾ ਕਿ ਗਲਤੀ ਨਾਲ ਈ-ਟੈਂਡਰਿੰਗ ਮੌਕੇ ਇਕ ਜ਼ੀਰੋ ਵੱਧ ਪੈ ਗਈ, ਜਿਸ ਕਾਰਨ ਉਹ ਇਹ ਖੱਡ ਛੱਡ ਰਿਹਾ ਹੈ ਜਿਸ ਦੀ ਮਾਈਨਿੰਗ ਵਿਭਾਗ ਦੇ ਇਕ ਅਧਿਕਾਰੀ ਵਲੋਂ ਪੁਸ਼ਟੀ ਵੀ ਕੀਤੀ ਗਈ। ਹੋਰ ਤਾਂ ਹੋਰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵਲੋਂ ਰੇਤਾ ਦੀਆਂ ਖੱਡਾਂ ਲੈਣ ਵਾਲੇ ਠੇਕੇਦਾਰਾਂ ਨੂੰ 25 ਫੀਸਦੀ ਰਕਮ ਜਮ੍ਹਾ ਕਰਵਾਉਣ ਲਈ ਫੋਨ ਕੀਤੇ ਜਾ ਰਹੇ ਪਰ ਇਹ ਖੱਡਾਂ ਲੈਣ ਵਾਲੇ ਕਈ ਠੇਕੇਦਾਰਾਂ ਵਲੋਂ ਵਿਭਾਗ ਦੇ ਫੋਨ ਹੀ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਇਨ੍ਹਾਂ ਸਾਰੀਆਂ ਖੱਡਾਂ ਦੀ ਬੋਲੀ ਸਿਰੇ ਚੜ੍ਹਨੀ ਮੁਸ਼ਕਿਲ ਜਾਪਦੀ ਹੈ।

Gurminder Singh

This news is Content Editor Gurminder Singh