ਬਾਗੀ ਕਾਂਗਰਸੀ ਵਿਧਾਇਕਾਂ ਦੇ ਸੁਰ ਪਏ ਨਰਮ, ਕਿਹਾ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ

12/11/2019 10:19:24 AM

ਚੰਡੀਗੜ੍ਹ/ਪਟਿਆਲਾ (ਭੁੱਲਰ): ਪਿਛਲੇ ਦਿਨਾਂ ’ਚ ਕੈਪਟਨ ਸਰਕਾਰ ਖਿਲਾਫ ਅਫਸਰਸ਼ਾਹੀ ਦੇ ਮੁੱਦੇ ਨੂੰ ਲੈ ਕੇ ਬਾਗੀ ਤੇਵਰ ਦਿਖਾਉਣ ਵਾਲੇ ਵਿਧਾਇਕਾਂ ਦੇ ਸੁਰ ਹੁਣ ਨਰਮ ਪੈ ਗਏ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਜ਼ਿਲੇ ਪਟਿਆਲਾ ਨਾਲ ਸਬੰਧਤ 4 ਵਿਧਾਇਕ ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ ਅਤੇ ਰਾਜਿੰਦਰ ਸਿੰਘ ਨੇ ਕੈ. ਅਮਰਿੰਦਰ ਸਿੰਘ ਦੇ ਵਿਦੇਸ਼ ਦੌਰੇ ਸਮੇਂ ਪੁਲਸ ਵਲੋਂ ਵਿਧਾਇਕ ਦੇ ਫੋਨ ਦੀ ਰਿਕਾਰਡਿੰਗ ਅਤੇ ਕੁੱਝ ਅਧਿਕਾਰੀਆਂ ਵਲੋਂ ਰਿਸ਼ਵਤ ਮੰਗਣ ਦੇ ਮੁੱਦਿਆਂ ’ਤੇ ਕਾਫੀ ਤਿੱਖਾ ਸੁਰ ਅਪਣਾ ਲਇਆ ਸੀ। ਨਿਰਮਲ ਸਿੰਘ ਨੇ ਤਾਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਤੱਕ ਦੇਣ ਦੀ ਗੱਲ ਕਹਿ ਦਿੱਤੀ ਸੀ। ਇਸੇ ਦੌਰਾਨ ਵਿਧਾਇਕ ਹਰਦਿਆਲ ਕੰਬੋਜ ਦੇ ਬੇਟੇ ਦੀ ਨਵਜੋਤ ਕੌਰ ਸਿੱਧੂ ਨਾਲ ਤਸਵੀਰ ਵਾਇਰਲ ਹੋਣ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਹੋਰ ਗਰਮ ਹੋ ਗਿਆ। ਇਸ ਕਾਰਣ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਖੁਦ ਦਖਲ ਦੇਣਾ ਪਿਆ ਸੀ ਤੇ ਉਨ੍ਹਾਂ ਨੇ ਵਿਧਾਇਕਾਂ ਦਾ ਪੱਖ ਲੈਂਦਿਆਂ ਉਨ੍ਹਾਂ ਦੀਆਂ ਸ਼ਿਕਾਇਤਾਂ ਮੁੱਖ ਮੰਤਰੀ ਕੋਲ ਉਠਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਇਕ ਪੁਲਸ ਇੰਸਪੈਕਟਰ ਖਿਲਾਫ ਰਿਸ਼ਵਤ ਦਾ ਮਾਮਲਾ ਦਰਜ ਹੋਣ ਅਤੇ ਐੱਸ. ਡੀ. ਐੱਮ. ਖਿਲਾਫ਼ ਕਾਰਵਾਈ ਸ਼ੁਰੂ ਹੋਣ ਸਮੇਤ ਕਈ ਮਾਮਲਿਆਂ ’ਚ ਕਾਰਵਾਈ ਸ਼ੁਰੂ ਹੋਈ।

ਪਾਰਟੀ ਤੇ ਮੁੱਖ ਮੰਤਰੀ ਨਾਲ ਕੋਈ ਨਾਰਾਜ਼ਗੀ ਨਹੀਂ ਸਿਰਫ਼ ਅਫ਼ਸਰਸ਼ਾਹੀ ਪ੍ਰਤੀ ਸ਼ਿਕਾਇਤ ਸੀ
ਕੱਲ੍ਹ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਜਾਖੜ ਵਲੋਂ ਦਿੱਲੀ ਰੈਲੀ ਦੀ ਤਿਆਰੀ ਲਈ ਸੱਦੀ ਗਈ ਮੀਟਿੰਗ ’ਚ ਦਾਗੀ ਵਿਧਾਇਕਾਂ ਦੇ ਸੁਰ ਨਰਮ ਦਿਖਾਈ ਦਿੱਤੇ। ਭਾਵੇਂ ਵਿਧਾਇਕਾਂ ਵਲੋਂ ਅਫ਼ਸਰਸ਼ਾਹੀ ਖਿਲਾਫ ਗੱਲ ਤਾਂ ਉਠਾਈ ਗਈ ਪਰ ਮੁੱਖ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਕਾਰਵਾਈ ’ਤੇ ਤਸੱਲੀ ਪ੍ਰਗਟ ਕਰਦਿਆਂ ਬਾਕੀ ਮਸਲੇ ਵੀ ਛੇਤੀ ਹੱਲ ਹੋਣ ਦੀ ਉਮੀਦ ਜਤਾਈ। ਮਦਨ ਲਾਲ ਜਲਾਲਪੁਰ ਦਾ ਕਹਿਣਾ ਸੀ ਕਿ ਪਾਰਟੀ ਤੇ ਸਰਕਾਰ ਨਾਲ ਉਨ੍ਹਾਂ ਦਾ ਕੋਈ ਗਿਲਾ ਨਹੀਂ ਤੇ ਉਨ੍ਹਾਂ ਨੂੰ ਮੁੱਖ ਮੰਤਰੀ ’ਤੇ ਵੀ ਪੂਰਾ ਭਰੋਸਾ ਹੈ, ਉਨ੍ਹਾਂ ਨੂੰ ਸਿਰਫ਼ ਅਫ਼ਸਰਸ਼ਾਹੀ ਪ੍ਰਤੀ ਸ਼ਿਕਾਇਤ ਸੀ। ਇਸੇ ਤਰ੍ਹਾਂ ਨਿਰਮਲ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦੂਰ ਹੋਣ ਲੱਗੀਆਂ ਹਨ। ਜਾਖੜ ਨੇ ਵੀ ਅੱਜ ਮੁੜ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਉਹ ਖੁਦ ਹੱਲ ਕਰਵਾਉਣਗੇ।


Shyna

Content Editor

Related News