ਕੈਪਟਨ ਸਰਕਾਰ ਨੇ ਬੱਸਾਂ ਦੇ ਕਿਰਾਏ ''ਚ ਵਾਧਾ ਕਰ ਕੇ ਪਾਇਆ ਲੋਕਾਂ ''ਤੇ ਵਾਧੂ ਬੋਝ : ਬਰਾੜ

06/20/2017 4:50:39 PM


ਸ੍ਰੀ ਮੁਕਤਸਰ ਸਾਹਿਬ(ਪਵਨ, ਭੁਪਿੰਦਰ, ਖੁਰਾਣਾ)-ਕਾਂਗਰਸ ਸਰਕਾਰ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ 70 ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਗਈਆਂ ਪਰ ਸਰਕਾਰ ਹਾਲੇ ਤੱਕ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ 'ਚ ਨਾਕਾਮ ਸਿੱਧ ਹੋ ਰਹੀ ਹੈ।
ਇਸ ਤੋਂ ਇਲਾਵਾ ਪੰਜਾਬ 'ਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਦਿਨੋਂ-ਦਿਨ ਗੁੰਡਾਗਰਦੀ 'ਚ ਵਾਧਾ ਹੋ ਰਿਹਾ ਹੈ ਤੇ ਹਰੇਕ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਕਾਕਾ ਬਰਾੜ ਨੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। 
ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਕਿਰਾਏ 'ਚ ਵਾਧਾ ਕਰ ਕੇ ਪਹਿਲਾਂ ਹੀ ਮਹਿੰਗਾਈ ਦੀ ਚੱਕੀ 'ਚ ਪਿੱਸ ਰਹੇ ਲੋਕਾਂ ਦੀਆਂ ਜੇਬਾਂ 'ਤੇ ਵਾਧੂ ਬੋਝ ਪਾਇਆ ਗਿਆ ਹੈ। ਇਨ੍ਹਾਂ ਤਿੰਨ ਮਹੀਨਿਆਂ 'ਚ ਹੀ ਕੈਪਟਨ ਸਰਕਾਰ ਦਾ ਰੰਗ ਦਿਸਣ ਲੱਗ ਪਿਆ ਹੈ ਤੇ ਰੋਜ਼ਾਨਾ ਨਵੇਂ-ਨਵੇਂ ਫਰਮਾਨ ਜਾਰੀ ਕਰ ਕੇ ਹਰੇਕ ਵਰਗ ਨੂੰ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਾਕਾ ਬਰਾੜ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਜਨਤਾ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ, ਜੋ ਕਿ ਹੁਣ ਸਿਰਫ ਕਾਗਜ਼ੀ ਬਿਆਨਬਾਜ਼ੀ ਤੱਕ ਹੀ ਸੀਮਿਤ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਬਜ਼ੁਰਗਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਪਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਜਿਹੜੀ ਪਹਿਲਾਂ ਪੈਨਸ਼ਨ 500 ਰੁਪਏ ਮਿਲਦੀ ਸੀ, ਉਹ ਵੀ ਬੰਦ ਹੋ ਗਈ ਹੈ ਤੇ ਬਜ਼ੁਰਗ ਬੈਂਕਾਂ ਦੇ ਚੱਕਰ ਲਾ ਕੇ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਪਹਿਲਾਂ ਵੀ ਪੰਜਾਬੀਆਂ ਨੂੰ ਲੁੱਟਿਆ ਤੇ ਕੁੱਟਿਆ ਸੀ ਤੇ ਹੁਣ ਵੀ ਇਸੇ ਤਰ੍ਹਾਂ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਇਸ ਗਰਮੀ ਦੇ ਮੌਸਮ 'ਚ ਟੈਂਕੀਆਂ 'ਤੇ ਚੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਕਿ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ ਪੰਜਾਬੀਆਂ ਦੇ ਹੱਕਾਂ ਲਈ ਸੰਘਰਸ਼ ਵਿੱਢੇਗੀ। ਇਸ ਮੌਕੇ ਵਰਿੰਦਰ ਸਿੰਘ, ਸੁਰਜੀਤ ਸਿੰਘ, ਦਾਰਾ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ ਢਿੱਲੋਂ, ਜਗਦੀਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ।