ਕੈਪਟਨ ਸਰਕਾਰ ਦੇ ਰੁਜ਼ਗਾਰ ਮੇਲੇ ਸਿਆਸੀ ਡਰਾਮਾ : ਡਾ. ਚੀਮਾ

08/20/2017 8:38:09 AM

ਚੰਡੀਗੜ੍ਹ  (ਭੁੱਲਰ) - ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਰੁਜ਼ਗਾਰ ਮੇਲਿਆਂ ਨੂੰ ਮਹਿਜ਼ ਇਕ ਡਰਾਮਾ ਕਰਾਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਪਹਿਲਾਂ ਤੋਂ ਵੱਖ-ਵੱਖ ਵਿੱਦਿਅਕ ਅਦਾਰਿਆਂ ਵੱਲੋਂ ਲਗਾਤਾਰ ਚੱਲ ਰਹੀ ''ਪਲੇਸਮੈਂਟ'' ਪ੍ਰਕਿਰਿਆ ਉਪਰ ਸਰਕਾਰੀ ਮੋਹਰ ਲਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਕੰਮ ਕਰ ਰਹੀ ਹੈ। ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਖਾਲੀ ਅਸਾਮੀਆਂ ਨੂੰ ਭਰਨ ਵਾਸਤੇ ਹਾਲੇ ਤੱਕ ਕੋਈ ਵੀ ਗੰਭੀਰ ਯਤਨ ਨਹੀਂ ਕੀਤਾ ਅਤੇ ਉਲਟਾ ਕੁਝ ਮਹਿਕਮਿਆਂ ਵਿਚ ਸੈਂਕੜਿਆਂ ਦੀ ਗਿਣਤੀ 'ਚ ਕੰਮ ਕਰ ਰਹੇ ''ਆਊਟਸੋਰਸ'' ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਸੁਵਿਧਾ ਕੇਂਦਰਾਂ ਨੂੰ ਬੰਦ ਕਰ ਕੇ ਵੀ ਪੰਜਾਬ ਦੀ ਸਰਕਾਰ ਨੇ ਪਹਿਲਾਂ ਤੋਂ ਰੁਜ਼ਗਾਰ ਵਿਚ ਲੱਗੇ ਪੜ੍ਹੇ-ਲਿਖੇ ਨੌਜਵਾਨਾਂ ਦੇ ਢਿੱਡ 'ਤੇ ਲੱਤ ਮਾਰੀ ਹੈ। ਇਸੇ ਤਰ੍ਹਾਂ ਸੂਬੇ ਵਿਚ ਵਿਕਾਸ ਕਾਰਜਾਂ ਵਿਚ ਮੁਕੰਮਲ ਤੌਰ 'ਤੇ ਖੜੋਤ ਆਉਣ ਕਰ ਕੇ ਇਸ ਪੇਸ਼ੇ ਨਾਲ ਜੁੜੇ ਰਾਜ ਮਿਸਤਰੀ ਅਤੇ ਮਜ਼ਦੂਰ ਬੇਰੁਜ਼ਗਾਰ ਹੋਈ ਬੈਠੇ ਹਨ। ਮਨਰੇਗਾ ਸਕੀਮ ਬੰਦ ਹੋਣ ਕਾਰਨ ਪੇਂਡੂ ਮਜ਼ਦੂਰਾਂ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ। ਟਰੱਕ ਯੂਨੀਅਨਾਂ ਭੰਗ ਕਰਨ ਕਰ ਕੇ ਸਵੈ-ਰੁਜ਼ਗਾਰ ਨਾਲ ਆਪਣੀ ਮਿਹਨਤ ਨਾਲ ਪੈਰਾਂ 'ਤੇ ਖੜ੍ਹੇ ਮਿਹਨਤੀ ਟਰੱਕ ਆਪ੍ਰੇਟਰ ਭੁੱਖਮਰੀ ਵੱਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਪੰਜਾਬ ਦੇ ਵੱਖ-ਵੱਖ ਇੰਜੀਨੀਅਰਿੰਗ ਅਤੇ ਹੋਰ ਤਕਨੀਕੀ ਕਾਲਜਾਂ ਜਿਨ੍ਹਾਂ ਵਿਚ ਦੇਸ਼ ਦੀਆਂ ਵੱਡੀਆਂ ਕੰਪਨੀਆਂ ਵੱਲੋਂ ਹਰ ਸਾਲ ਆ ਕੇ ''ਪਲੇਸਮੈਂਟ ਕੈਂਪ'' ਲਾਏ ਜਾਂਦੇ ਹਨ, ਨੂੰ ਸਰਕਾਰ ਦੀ ਉਪਲਬਧੀ ਵਜੋਂ ਪੇਸ਼ ਕਰਨ ਵਾਸਤੇ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਸਰਕਾਰ ਆਪਣੇ ਖਾਤੇ ਵਿਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।