ਕੈਪਟਨ ਸਰਕਾਰ ਦਾ ਇਕ ਸਾਲ ਪੂਰਾ, ਪਰ ਵਾਅਦੇ ਰਹੇ ਸਾਰੇ ਅਧੂਰੇ

03/17/2018 5:22:32 PM

ਜਲੰਧਰ (ਰਵਿੰਦਰ)— ਪੰਜਾਬ 'ਚ ਕੈਪਟਨ ਸਰਕਾਰ ਦੇ ਗਠਨ ਦਾ ਇਕ ਸਾਲ ਪੂਰਾ ਹੋ ਗਿਆ ਹੈ। ਸਰਕਾਰ ਭਾਵੇਂ ਹੀ ਆਪਣੇ ਇਕ ਸਾਲ ਦੇ ਸੈਸ਼ਨ ਨੂੰ ਉਪਲੱਬਧੀਆਂ ਨਾਲ ਭਰਿਆ ਦੱਸੇ ਪਰ ਚੋਣਾਂ ਤੋਂ ਪਹਿਲਾਂ ਉਸ ਵੱਲੋਂ ਜਨਤਾ ਨਾਲ ਕੀਤੇ ਗਏ 'ਵੱਡੇ ਵਾਅਦੇ' ਪੂਰੇ ਨਹੀਂ ਹੋਏ ਹਨ। ਚੋਣਾਂ 'ਚ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵਾਲਾ ਮੁਫਤ ਸਮਾਰਟ ਫੋਨ ਦਾ ਮੁੱਦਾ ਹੋਵੇ ਜਾਂ ਹਰ ਘਰ 'ਚ ਨੌਕਰੀ ਦੇਣ ਦਾ ਮੁੱਦਾ, ਸਰਕਾਰ ਆਪਣੇ ਇਨ੍ਹਾਂ ਵਾਅਦਿਆਂ 'ਤੇ ਖਰੀ ਨਹੀਂ ਉਤਰੀ। ਦੇਸ਼ ਦੀ 70 ਫੀਸਦੀ ਆਬਾਦੀ ਨੌਜਵਾਨ ਵਰਗ 'ਚੋਂ ਹੈ। ਪੰਜਾਬ 'ਚ ਵੀ 1.97 ਕਰੋੜ ਵੋਟਰਾਂ 'ਚੋਂ 1.25 ਕਰੋੜ ਵੋਟਰ 18 ਤੋਂ 40 ਸਾਲ ਦੀ ਉਮਰ ਦੇ ਹਨ। 3.67 ਲੱਖ ਵੋਟਰ ਤਾਂ 18-19 ਸਾਲ ਦੀ ਉਮਰ ਦੇ ਹੀ ਹਨ। ਇਨ੍ਹਾਂ ਨੌਜਵਾਨਾਂ ਨੂੰ ਸੱਤਾ 'ਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਵੱਡੇ-ਵੱਡੇ ਸੁਪਨੇ ਦਿਖਾਏ ਸਨ। 
ਸਭ ਤੋਂ ਵੱਡਾ ਸੁਪਨਾ ਸੀ ਉਨ੍ਹਾਂ ਨੂੰ ਰੋਜ਼ਗਾਰ ਦੇਣ ਦਾ, ਦੂਜਾ ਵਾਅਦਾ ਸੀ ਸਮਾਰਟ ਫੋਨ ਦੇਣ ਦਾ ਅਤੇ ਤੀਜਾ ਵਾਅਦਾ ਸੀ ਸਸਤੀ ਸਿੱਖਿਆ ਦੇਣ ਦਾ। ਵਾਅਦਾ ਤਾਂ ਹਰ ਘਰ ਰੋਜ਼ਗਾਰ ਅਤੇ ਹਰ ਸਾਲ ਤਕਰੀਬਨ 2 ਲੱਖ ਨਵੇਂ ਰੋਜ਼ਗਾਰ ਪੈਦਾ ਕਰਨ ਦਾ ਵੀ ਕੀਤਾ ਸੀ ਪਰ ਇਕ ਸਾਲ 'ਚ ਸਰਕਾਰ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਨਹੀਂ ਲਗਾ ਸਕੀ। ਨੌਜਵਾਨਾਂ ਦਾ ਹਰ ਸੁਪਨਾ ਚਕਨਾਚੂਰ ਹੋ ਗਿਆ। ਨਾ ਘਰ-ਘਰ ਰੋਜ਼ਗਾਰ ਮਿਲਿਆ ਅਤੇ ਨਾ ਸਮਾਰਟ ਫੋਨ ਅਤੇ ਨਾ ਸਸਤੀ ਸਿੱਖਿਆ। 50 ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਪਰ 1 ਸਾਲ ਵਿਚ ਇਕ ਵੀ ਸਮਾਰਟ ਫੋਨ ਨਹੀਂ ਦਿੱਤਾ। 
ਕੈਪਟਨ ਸਰਕਾਰ ਇਕ ਸਾਲ 'ਚ ਸਿਰਫ 20 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਕੀ ਅਤੇ ਉਹ ਵੀ ਪ੍ਰਾਈਵੇਟ ਸੈਕਟਰ ਵਿਚ। ਹਾਲਾਤ ਇਸ ਕਦਰ ਬੁਰੇ ਰਹੇ ਕਿ ਇਨ੍ਹਾਂ ਨੌਜਵਾਨਾਂ ਨੂੰ 8 ਤੋਂ 10 ਹਜ਼ਾਰ ਰੁਪਏ ਦੀ ਨੌਕਰੀ ਦੇ ਪ੍ਰਮਾਣ ਪੱਤਰ ਦਿੱਤੇ ਗਏ। ਨੌਜਵਾਨਾਂ ਦਾ ਗੁੱਸਾ ਸਿਖਰਾਂ 'ਤੇ ਹੈ ਅਤੇ ਕੈਪਟਨ ਸਰਕਾਰ ਕੋਲ ਨੌਜਵਾਨਾਂ ਦੇ ਭਵਿੱਖ ਦੀ ਵੀ ਕੋਈ ਯੋਜਨਾ ਦਿਖਾਈ ਨਹੀਂ ਦੇ ਰਹੀ ਹੈ।
ਪੰਜਾਬ ਨੂੰ ਮਜ਼ਬੂਤ ਬਣਾਉਣ ਦੀ ਬਜਾਏ ਵਿਦੇਸ਼ ਦੌੜ ਰਿਹਾ ਹੈ ਨੌਜਵਾਨ
ਇਕ ਸਮਾਂ ਸੀ ਜਦੋਂ ਪੰਜਾਬ ਦਾ ਨੌਜਵਾਨ ਫੌਜ, ਪੁਲਸ, ਖੇਡ, ਡਾਕਟਰੀ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਨੂੰ ਅਹਿਮੀਅਤ ਦਿੰਦਾ ਸੀ ਅਤੇ ਪੰਜਾਬ ਵਿਚ ਹੀ ਰਹਿ ਕੇ ਭਵਿੱਖ ਦੇ ਸੁਪਨੇ ਦੇਖਦਾ ਸੀ। ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਨੇ ਪੰਜਾਬ ਦੇ ਹਾਲਾਤ ਇਸ ਕਦਰ ਵਿਗਾੜ ਦਿੱਤੇ ਹਨ ਕਿ ਨਾ ਤਾਂ ਪੰਜਾਬ 'ਚ ਵਪਾਰ ਰਿਹਾ ਅਤੇ ਨਾ ਰੋਜ਼ਗਾਰ। ਬੇਰੋਜ਼ਗਾਰੀ ਅਤੇ ਸੂਬੇ 'ਚ ਵੱਧਦੀ ਨਸ਼ੇ ਦੀ ਲਤ ਨੇ ਮਾਤਾ-ਪਿਤਾ ਨੂੰ ਵੀ ਡਰਾ ਦਿੱਤਾ। 
ਅੱਜ ਹਾਲਾਤ ਇਹ ਹਨ ਕਿ ਮਾਤਾ-ਪਿਤਾ ਖੁਦ ਚਾਹੁੰਦੇ ਹਨ ਕਿ 10ਵੀਂ ਦੀ ਪ੍ਰੀਖਿਆ ਪਾਸ ਕਰਦੇ ਹੀ ਆਪਣੇ ਬੇਟੇ ਨੂੰ ਉਹ ਵਿਦੇਸ਼ੀ ਧਰਤੀ 'ਤੇ ਭੇਜ ਦੇਣ। ਇਕ ਅੰਕੜੇ ਮੁਤਾਬਕ ਸਿਰਫ ਪੰਜਾਬ ਤੋਂ ਹੀ ਹਰ ਸਾਲ 500 ਕਰੋੜ ਦੀ ਰਾਸ਼ੀ ਵਿਦੇਸ਼ਾਂ ਵਿਚ ਪੜ੍ਹਾਈ ਦੇ ਨਾਂ 'ਤੇ ਸ਼ਿਫਟ ਹੋ ਰਹੀ ਹੈ।
ਇੰਡਸਟਰੀ ਨੂੰ ਨਹੀਂ ਮਿਲੀ ਕੋਈ ਰਾਹਤ, ਨਹੀਂ ਆ ਸਕੀ ਨਵੀਂ ਪਾਲਿਸੀ
ਇੰਡਸਟਰੀ 'ਤੇ ਹਰ ਤਰ੍ਹਾਂ ਦਾ ਬੋਝ ਘੱਟ ਕਰਨ ਅਤੇ ਇੰਡਸਟਰੀ ਨੂੰ ਵੱਡੀ ਰਾਹਤ ਦਾ ਸੁਪਨਾ ਦਿਖਾ ਕੇ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਉਦਯੋਗਪਤੀਆਂ ਦਾ ਦਿਲ ਜਿੱਤਿਆ ਸੀ। 10 ਸਾਲ ਤੱਕ ਸਰਕਾਰ ਦੀ ਮਾਰ ਸਹਿ ਰਹੀ ਇੰਡਸਟਰੀ ਨੂੰ ਕਾਂਗਰਸ ਤੋਂ ਕੁਝ ਉਮੀਦਾਂ ਜਾਗੀਆਂ ਸਨ। 90 ਦਿਨਾਂ 'ਚ ਨਹੀਂ ਇੰਡਸਟਰੀ ਪਾਲਿਸੀ ਲਿਆਉਣ ਦਾ ਵਾਅਦਾ ਸੀ ਪਰ ਹੋਇਆ ਕੁਝ ਵੀ ਨਹੀਂ। ਉਲਟਾ ਕੇਂਦਰ ਦੀ ਨੋਟਬੰਦੀ ਅਤੇ ਜੀ. ਐੱਸ. ਟੀ. ਨੇ ਇੰਡਸਟਰੀ ਨੂੰ ਤਬਾਹ ਕਰਕੇ ਰੱਖ ਦਿੱਤਾ ਪਰ ਪੰਜਾਬ ਸਰਕਾਰ ਹੱਥ 'ਤੇ ਹੱਥ ਧਰੀ ਤਮਾਸ਼ਾ ਦੇਖਦੀ ਰਹੀ। ਫੋਕਲ ਪੁਆਇੰਟ ਅਤੇ ਉਦਯੋਗਿਕ ਖੇਤਰਾਂ ਦਾ ਕੋਈ ਵਿਕਾਸ ਨਹੀਂ ਹੋ ਸਕਿਆ।
ਰੀਅਲ ਅਸਟੇਟ ਕਾਰੋਬਾਰ ਕੀਤਾ ਚੌਪਟ
ਰਾਜ 'ਚ ਜਦੋਂ 2002 ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਸੂਬੇ ਵਿਚ ਰੀਅਲ ਅਸਟੇਟ ਕਾਰੋਬਾਰ ਵਿਚ ਖੂਬ ਉਛਾਲ ਆਇਆ ਸੀ ਪਰ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਵਿਚ ਰੀਅਲ ਅਸਟੇਟ ਦਾ ਕਾਰੋਬਾਰ ਬਰਬਾਦ ਹੋ ਗਿਆ ਸੀ। ਬੇਹੱਦ ਉਮੀਦਾਂ ਸਨ ਕਿ ਦੁਬਾਰਾ ਕਾਂਗਰਸ ਸਰਕਾਰ ਆਉਣ 'ਤੇ ਵੱਡੀ ਰਾਹਤ ਮਿਲੇਗੀ। ਇਸੇ ਉਮੀਦ ਨਾਲ ਕਾਰੋਬਾਰੀਆਂ ਨੇ ਕਾਂਗਰਸ ਨੂੰ ਵੋਟ ਪਾਈ ਪਰ ਇਕ ਸਾਲ 'ਚ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਏ ਅਤੇ ਰੀਅਲ ਅਸਟੇਟ ਕਾਰੋਬਾਰੀਆਂ ਨੂੰ ਰਾਹਤ ਦੇਣ ਦੀ ਬਜਾਏ ਹੁਣ ਸਰਕਾਰ ਉਨ੍ਹਾਂ ਨੂੰ ਚੋਰ ਤਕ ਕਹਿਣ ਲੱਗੀ ਹੈ।
ਘੱਟ ਨਹੀਂ ਹੋਈਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ
ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਐਲਾਨ ਕਰ ਕੇ ਕਾਂਗਰਸ ਨੇ ਸੱਤਾ 'ਚ ਕਦਮ ਰੱਖਿਆ। ਕਰਜ਼ਾ ਮੁਆਫੀ ਦਾ ਐਲਾਨ ਤਾਂ ਹੋਇਆ ਪਰ ਅੱਧਾ-ਅਧੂਰਾ। ਸਿਰਫ ਛੋਟੇ ਕਿਸਾਨਾਂ ਨੂੰ ਹੀ ਇਕ ਤੋਂ ਦੋ ਲੱਖ ਤੱਕ ਦੀ ਰਾਹਤ ਮਿਲ ਸਕੀ। ਕਿਸਾਨ ਅਤੇ ਕਿਰਸਾਨੀ ਅੱਜ ਵੀ ਬਦਹਾਲ ਹੈ ਅਤੇ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਵੀ ਪ੍ਰਦੇਸ਼ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਘੱਟ ਨਹੀਂ ਹੋਏ। ਇਕ ਸਾਲ ਦੇ ਅੰਦਰ 321 ਕਿਸਾਨਾਂ ਨੇ ਮੌਤ ਨੂੰ ਗਲੇ ਲਾਇਆ।
ਵਿਦੇਸ਼ਾਂ ਵਿਚ ਨਹੀਂ ਸੁਧਰ ਸਕੀ ਪੰਜਾਬ ਦੀ ਸਾਖ
ਨਸ਼ੇ ਦੀ ਅਜਿਹੀ ਦਲਦਲ ਪੰਜਾਬ ਵਿਚ ਫੈਲ ਚੁੱਕੀ ਹੈ ਕਿ ਵਿਦੇਸ਼ਾਂ ਵਿਚ ਜਿਸ ਪੰਜਾਬ ਦੀ ਕਦੇ ਤੂਤੀ ਬੋਲਦੀ ਸੀ, ਉਥੇ ਆਉਣੋਂ ਵਿਦੇਸ਼ੀ ਵੀ ਡਰਨ ਲੱਗੇ ਸਨ। ਗੁਟਕਾ ਸਾਹਿਬ ਹੱਥ ਵਿਚ ਲੈ ਕੇ 40 ਦਿਨਾ ਦੇ ਅੰਦਰ ਪ੍ਰਦੇਸ਼ ਤੋਂ ਨਸ਼ੇ ਦਾ ਖਾਤਮਾ ਕਰਨ ਦੀ ਕਸਮ ਖਾਣ ਵਾਲੇ ਪ੍ਰਦੇਸ਼ ਦੇ ਮੁੱਖ ਮੰਤਰੀ ਨਸ਼ੇ 'ਤੇ ਲਗਾਮ ਨਹੀਂ ਲਾ ਸਕੇ ਅਤੇ ਨਾ ਹੀ ਵਿਦੇਸ਼ਾਂ 'ਚ ਪੰਜਾਬ ਦੀ ਸਾਖ ਨੂੰ ਦੁਬਾਰਾ ਬਹਾਲ ਕਰ ਸਕੇ।
ਆਪਣੀਆਂ ਨਾਕਾਮੀਆਂ ਨਾਲ ਜੂਝਦੀ ਰਹੀ ਸਰਕਾਰ
ਪ੍ਰਦੇਸ਼ ਨੂੰ ਮਾੜੇ ਆਰਥਿਕ ਹਾਲਾਤ ਤੋਂ ਉਭਾਰਨ ਪ੍ਰਤੀ ਵੀ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ। ਸਿਰਫ ਮੀਟਿੰਗਾਂ ਦੇ ਦੌਰ ਤਕ ਹਰ ਕੰਮ ਸੀਮਿਤ ਰਿਹਾ। ਇਕ ਪਾਸੇ ਕੈਬਨਿਟ ਛੋਟੀ ਰੱਖੀ ਕਿ ਪ੍ਰਦੇਸ਼ 'ਤੇ ਆਰਥਿਕ ਬੋਝ ਘੱਟ ਪਏ ਪਰ ਸਲਾਹਕਾਰਾਂ ਅਤੇ ਓ. ਐੱਸ. .ਡੀਜ਼ ਦੀ ਇੰਨੀ ਵੱਡੀ ਫੌਜ ਖੜ੍ਹੀ ਕਰ ਲਈ ਕਿ ਸਰਕਾਰ ਆਪਣੀਆਂ ਹੀ ਨਾਕਾਮੀਆਂ ਨਾਲ ਜੂਝਦੀ ਰਹੀ। 
ਗਰੀਬਾਂ ਦਾ ਦਾਣਾ-ਪਾਣੀ ਠੰਡੇ ਬਸਤੇ ਵਿਚ
ਕਾਂਗਰਸ ਨੇ ਆਪਣੇ ਚੋਣ ਐਲਾਨ ਪੱਤਰ 'ਚ ਗਰੀਬਾਂ ਦੀ ਵੋਟ ਹਾਸਲ ਕਰਨ ਲਈ ਉਨ੍ਹਾਂ ਨੂੰ ਨੀਲੇ ਕਾਰਡ 'ਤੇ ਚਾਹਪੱਤੀ ਅਤੇ ਖੰਡ ਦੇਣ ਦਾ ਵਾਅਦਾ ਵੀ ਕੀਤਾ ਸੀ। 500 ਕਰੋੜ ਦੀ ਵਿਵਸਥਾ ਵੀ ਰੱਖੀ ਗਈ ਸੀ ਪਰ 1 ਸਾਲ ਵਿਚ ਇਕ ਵੀ ਗਰੀਬ ਤਕ ਖੰਡ ਅਤੇ ਚਾਹਪੱਤੀ ਨਹੀਂ ਪਹੁੰਚ ਸਕੀ।
ਕੇਬਲ ਮਾਫੀਆ, ਡਰੱਗ ਮਾਫੀਆ, ਰੇਤ ਮਾਫੀਆ 'ਤੇ ਨਹੀਂ ਲੱਗ ਸਕੀ ਲਗਾਮ: ਆਪੋਜ਼ੀਸ਼ਨ 'ਚ ਰਹਿੰਦੇ ਹੋਏ ਕਾਂਗਰਸ ਦਾ ਸਭ ਤੋਂ ਵੱਡਾ ਮੁੱਦਾ ਪ੍ਰਦੇਸ਼ 'ਚ ਮਾਫੀਆ ਰਾਜ ਦਾ ਸੀ। ਉਹ ਭਾਵੇਂ ਕੇਬਲ ਮਾਫੀਆ ਦਾ ਸੀ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ ਜਾਂ ਰੇਤ ਮਾਫੀਆ ਦਾ ਪਰ ਸੱਤਾ 'ਚ ਆਉਂਦੇ ਸਾਰ ਹੀ ਕਾਂਗਰਸ ਸਭ ਭੁੱਲ ਗਈ ਅਤੇ ਅੱਜ ਇਨ੍ਹਾਂ ਸਭ ਕਾਰੋਬਾਰਾਂ 'ਤੇ ਖੁਦ ਕਾਂਗਰਸੀ ਨੇਤਾਵਾਂ ਦਾ ਰਾਜ ਹੈ। 
ਰਾਣਾ ਗੁਰਜੀਤ ਸਿੰਘ ਅਤੇ ਸੁਰੇਸ਼ ਕੁਮਾਰ ਨੂੰ ਲੱਗਾ ਝਟਕਾ
ਕੈਪਟਨ ਨੂੰ ਇਕ ਸਾਲ ਦੀ ਸਰਕਾਰ ਦੇ ਅੰਦਰ 2 ਵੱਡੇ ਝਟਕੇ ਲੱਗੇ। ਪਹਿਲਾ ਝਟਕਾ ਆਪਣੇ ਖਾਸਮ ਖਾਸ ਸਾਥੀ ਰਾਣਾ ਗੁਰਜੀਤ ਸਿੰਘ ਦੀ ਕੁਰਸੀ ਚਲੇ ਜਾਣਾ ਅਤੇ ਬਾਅਦ 'ਚ ਸਰਕਾਰ 'ਚ ਆਪਣੇ ਖਾਸ ਵਿਸ਼ਵਾਸ ਪਾਤਰ ਸੁਰੇਸ਼ ਕੁਮਾਰ ਨੂੰ ਹਾਈ ਕੋਰਟ ਤੋਂ ਝਟਕਾ ਲੱਗਣ ਤੋਂ ਬਾਅਦ ਕੈਪਟਨ ਦੇ ਭੱਥੇ ਦੇ ਤੀਰ ਖੁੰਢੇ ਪੈਂਦੇ ਦਿਖਾਈ ਦਿੱਤੇ। ਇਹ ਹੀ ਨਹੀਂ, ਸਲਾਹਕਾਰਾਂ ਅਤੇ ਓ. ਐੱਸ. ਡੀਜ਼ ਦੀ ਫੌਜ ਨੂੰ ਲੈ ਕੇ ਵੀ ਕੈਪਟਨ ਦੋਸ਼ਾਂ ਨਾਲ ਘਿਰੇ ਰਹੇ।
ਉਪਲੱਬਧੀਆਂ
1) ਲਾਲ ਬੱਤੀ ਕਲਚਰ ਖਤਮ ਕੀਤਾ।
2) ਟਰਾਂਸਪੋਰਟ ਯੂਨੀਅਨਾਂ ਭੰਗ ਕੀਤੀਆਂ।
3) ਇੰਡਸਟਰੀ ਨੂੰ 5 ਰੁਪਏ ਬਿਜਲੀ ਦੀ ਰਾਹਤ।
4) ਗੈਂਗਸਟਰਾਂ ਦਾ ਕਾਫੀ ਹੱਦ ਤੱਕ ਸਫਾਇਆ। 70 ਤੋਂ ਵੱਧ ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ। ਵਿੱਕੀ ਗੌਂਡਰ ਵਰਗੇ ਗੈਂਗਸਟਰ ਦਾ ਐਨਕਾਊਂਟਰ।
5) 7 ਟਾਰਗੇਟ ਕਿਲਿੰਗ ਅਤੇ ਨਾਭਾ ਜੇਲ ਬ੍ਰੇਕ ਕਾਂਡ ਦੇ ਮਾਮਲੇ ਹੱਲ ਕੀਤੇ। 40 ਤੋਂ ਵੱਧ ਅੱਤਵਾਦੀ ਵੱਖ-ਵੱਖ ਸੰਗਠਨਾਂ ਦੇ ਦਬੋਚੇ ਗਏ।
6)  ਛੋਟੇ ਕਿਸਾਨਾਂ ਦੀ ਕਰਜ਼ਾ ਮੁਆਫੀ ਵੱਲ ਵਧਾਏ ਕਦਮ।