ਕੈਪਟਨ ਸਰਕਾਰ ਧੱਕੇਸ਼ਾਹੀ ਨਾਲ ਦਬਾ ਨਹੀਂ ਸਕਦੀ ਅਧਿਆਪਕਾਂ ਦੀ ਆਵਾਜ਼: ਰੰਧਾਵਾ

03/31/2021 8:08:01 PM

ਜ਼ੀਰਕਪੁਰ, (ਮੇਸ਼ੀ)- ਵਿਸ਼ਵ ਵਿਚ ਫੈਲੀ ਕੋਰੋਨਾ ਮਹਾਂਮਾਰੀ ਨੇ ਜਿੱਥੇ ਆਮ ਲੋਕਾਂ ’ਤੇ ਤਸ਼ੱਦਦ ਵਰਾਇਆ ਹੈ, ਉਥੇ ਹੀ ਪੰਜਾਬ ਦੀ ਕੈਪਟਨ ਸਰਕਾਰ ਨੇ ਇਸ ਬੀਮਾਰੀ ਦਾ ਰਾਜਨੀਤੀਕਰਨ ਕਰ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਥਾਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦਾ ਕੰਮ ਕੀਤਾ ਹੈ। ਸਕੂਲ ਬੰਦ ਹੋਣ ਕਾਰਣ ਸਿੱਖਿਆ ਦਾ ਨਿਘਾਰ ਹੋਇਆ ਹੈ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਪ੍ਰਾਈਵੇਟ ਅਤੇ ਠੇਕੇਦਾਰੀ ਭਾਅ ’ਤੇ ਪੜ੍ਹਾ ਰਹੇ ਹਜ਼ਾਰਾਂ ਅਧਿਆਪਕ ਬੇਰੋਜ਼ਗਾਰੀ ਦੀ ਮਾਰ ਹੇਠ ਆ ਗਏ ਹਨ। ਮੋਦੀ ਸਰਕਾਰ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਅਤੇ ਬਾਦਲ ਸਰਕਾਰ ਦੇ ਭ੍ਰਮਿਤ ਕਰਨ ਵਾਲੇ ਪੂਰਨਿਆਂ ਨੂੰ ਅਪਣਾ ਕੇ ਘਰ-ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਨੇ ਟੈੱਟ ਪਾਸ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣਨ ਦੀ ਥਾਂ ਔਰਤਾਂ, ਬਜ਼ੁਰਗਾਂ ਅਤੇ ਕੁੜੀਆਂ 'ਤੇ ਪੁਲਸ ਬਲ ਦਾ ਪ੍ਰਯੋਗ ਕਰ ਕੇ ਮਾਨਵਤਾ ਦਾ ਘਾਣ ਕੀਤਾ। ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਿੰਘ ਰੰਧਾਵਾ ਨੇ ‘ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ’ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਤੁੱਕ ਦਾ ਸਹਾਰਾ ਲੈਂਦੇ ਹੋਏ ਸੂਬਾ ਸਰਕਾਰ ਵਲੋਂ ਕੀਤੇ ਗਏ ਔਰਤਾਂ 'ਤੇ ਜੁਲਮ ਦੀ ਘੋਰ ਨਿੰਦਾ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ’ਤੇ ਵਰਦਿਆਂ ਕਿਹਾ ਕਿ ਕੈਪਟਨ ਸਰਕਾਰ ਹੱਕ ਮੰਗ ਰਹੇ ਅਧਿਆਪਕਾਂ ਦੀ ਗੱਲ ਸੁਣੇ ਅਤੇ ਦਿੱਲੀ ਦੇ ਤਰਜ਼ ’ਤੇ ਸਿੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਡੰਡੇ ਦੀ ਥਾਂ ਨੌਕਰੀ ਦੇਵੇ, ਨਹੀਂ ਤਾਂ 2022 ਵਿਚ ਇਹੀ ਲੋਕ ਤੁਹਾਡਾ ਸਿਆਸੀ ਬਿਸਤਰਾ ਗੋਲ ਕਰ ਦੇਣਗੇ।

Bharat Thapa

This news is Content Editor Bharat Thapa