ਕੈਪਟਨ ਸਰਕਾਰ ਦੇ ਬਜਟ ਨੇ ਲੋਕਾਂ ਦੇ ਸੁਪਨੇ ਕੀਤੇ ਚਕਨਾਚੂਰ : ਨੰਗਲ

03/25/2018 2:56:59 AM

ਫਗਵਾੜਾ, (ਰੁਪਿੰਦਰ ਕੌਰ)-  ਲੋਕ ਇਨਸਾਫ ਪਾਰਟੀ ਦੇ ਆਗੂ ਜਰਨੈਲ ਨੰਗਲ ਨੇ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਡੇ-ਵੱਡੇ ਸੁਪਨੇ ਦਿਖਾ ਕੇ ਸੱਤਾ 'ਚ ਆਈ ਸੀ ਪਰ ਲੋਕਾਂ ਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ। ਹੁਣ ਕੈਪਟਨ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਫਲਾਪ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰੀ ਨੂੰ ਕੋਈ ਸਹੂਲਤ ਤਾਂ ਦਿੱਤੀ ਨਹੀਂ, ਸਗੋਂ ਉਨ੍ਹਾਂ ਦੀ ਨਾਜਾਇਜ਼ ਲੁੱਟ ਲਈ 2400 ਰੁਪਏ ਦਾ ਸਾਲਾਨਾ ਬੋਝ ਜ਼ਰੂਰ ਪਾ ਦਿੱਤਾ। 
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਪੜ੍ਹਦੇ 12ਵੀਂ ਕਲਾਸ ਤਕ ਸਰਕਾਰੀ ਸਕੂਲਾਂ 'ਚ ਫ੍ਰੀ ਕਿਤਾਬਾਂ ਦੇਣ ਦਾ ਸੁਪਨਾ ਵੀ ਦਿਖਾਇਆ ਹੈ ਪਰ  ਇਸ ਸੈਸ਼ਨ ਦੀਆਂ ਕਿਤਾਬਾਂ ਤਾਂ ਮਿਲੀਆਂ ਨਹੀਂ। ਬਜਟ 'ਚ ਇਹ ਵੀ ਨਹੀਂ ਦੱਸਿਆ ਕਿ ਹਰ ਘਰ 'ਚ ਸਰਕਾਰੀ ਨੌਕਰੀ ਕਦੋਂ ਮਿਲੇਗੀ ਹਰ ਨੌਜਵਾਨ ਨੂੰ ਸਮਾਰਟ ਫੋਨ ਕਦੋਂ ਦੇਣਾ ਹੈ। ਬੁਢਾਪਾ ਤੇ ਵਿਧਵਾ ਪੈਨਸ਼ਨ 2500 ਰੁਪਏ ਕਦੋਂ ਕਰਨੀ ਹੈ। 
ਉਨ੍ਹਾਂ ਕਿਹਾ ਕਿ ਪੰਜਾਬ 'ਚ 1300 ਰੁਪਏ ਦੇ ਕਰੀਬ ਪਿੰਡ ਹਨ ਤੇ ਸਰਕਾਰ ਕਹਿ ਰਹੀ ਹੈ ਕਿ 1500 ਸਕੂਲਾਂ 'ਚ ਆਰ. ਓ. ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਆਰ. ਓ. ਬਾਅਦ 'ਚ ਲਗਾ ਲਿਓ ਪਹਿਲਾਂ ਸਕੂਲਾਂ 'ਚ ਜਿਹੜੇ ਟੀਚਰ ਭੁੱਖ ਹੜਤਾਲਾਂ ਕਰਦੇ ਹਨ, ਉਨ੍ਹਾਂ ਨੂੰ ਤਨਖਾਹਾਂ ਜ਼ਰੂਰ ਦਿਓ। ਇਹ ਬਜਟ ਮਨਪ੍ਰੀਤ ਬਾਦਲ ਦਾ ਫਲਾਪ ਸ਼ੋਅ ਸਾਬਿਤ ਹੋਇਆ ਹੈ।