ਅੱਖਾਂ ''ਚ ਘੱਟਾ ਪਾਉਣ ਵਾਲੀ ਹੈ ਸੁਮੇਧ ਸੈਣੀ ਖ਼ਿਲਾਫ਼ ਕੈਪਟਨ ਸਰਕਾਰ ਦੀ ਕਾਰਵਾਈ: ਸੰਧਵਾਂ

05/13/2020 2:00:28 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਅਤੇ ਵਿਧਾਇਕ ਕੁਲਤਾਰ ਸੰਧਵਾਂ ਨੇ ਬਹੁਚਰਚਿਤ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਖ਼ਿਲਾਫ਼ ਇਕ ਸਾਬਕਾ ਆਈ. ਏ. ਐੱਸ. ਅਫ਼ਸਰ ਦੇ ਪੁੱਤਰ ਨੂੰ ਕਤਲ ਕਰਨ ਦੇ ਕਥਿਤ ਦੋਸ਼ 'ਚ 29 ਸਾਲਾਂ ਬਾਅਦ ਦਰਜ ਹੋਏ ਸੰਵੇਦਨਸ਼ੀਲ ਮਾਮਲੇ 'ਤੇ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਮਹਿਜ਼ ਡਰਾਮਾ ਕਰਾਰ ਦਿੱਤਾ ਹੈ। ਕੁਲਤਾਰ ਸਿੰਘ ਸੰਧਵਾਂ ਨੇ ਸਵਾਲ ਉਠਾਏ ਕਿ ਆਮ ਲੋਕਾਂ ਨੂੰ ਐਫ. ਆਈ. ਆਰ ਦਰਜ ਹੋਣ ਸਾਰ ਚੁੱਕ ਲਿਆ ਜਾਂਦਾ ਹੈ। ਇਨ੍ਹਾਂ ਹੀ ਨਹੀਂ ਬਹੁਤ ਕੇਸਾਂ 'ਚ ਪਹਿਲਾਂ ਥਾਣੇ 'ਚ ਬੰਦ ਕੀਤਾ ਜਾਂਦਾ ਹੈ ਅਤੇ ਫਿਰ ਮੁਕੱਦਮਾ ਦਰਜ ਕਰਨ ਦੀ ਕਾਰਵਾਈ ਹੁੰਦੀ ਹੈ ਪਰ ਸੁਮੇਧ ਸਿੰਘ ਸੈਣੀ ਵਰਗੇ ਚਰਚਿਤ ਅਤੇ ਪ੍ਰਭਾਵਸ਼ਾਲੀ ਸ਼ਖ਼ਸ ਨੂੰ ਮੁਕੱਦਮਾ ਦਰਜ ਕਰਨ ਉਪਰੰਤ ਤੁਰੰਤ ਗ੍ਰਿਫ਼ਤਾਰ ਕਰਨ ਦੀ ਥਾਂ ਜਾਣ ਬੁੱਝ ਕੇ ਐਨਾ ਸਮਾਂ ਕਿਉਂ ਦਿੱਤਾ ਗਿਆ ਕਿ ਉਹ ਅਗਾਊਂ ਜਮਾਨਤ ਲੈ ਕੇ ਗ੍ਰਿਫ਼ਤਾਰੀ ਤੋਂ ਬਚ ਸਕੇ? ਸੰਧਵਾਂ ਨੇ ਕਿਹਾ ਕਿ ਅਸੀਂ ਕਾਨੂੰਨ ਅਤੇ ਅਦਾਲਤਾਂ 'ਚ ਅਟੁੱਟ ਵਿਸ਼ਵਾਸ ਰੱਖਦੇ ਹਾਂ। ਅਦਾਲਤਾਂ ਦੇ ਫ਼ੈਸਲਿਆਂ ਦਾ ਸਨਮਾਨ ਕਰਦੇ ਹਾਂ ਪਰ ਆਮ ਆਦਮੀ ਹੋਣ ਦੇ ਨਾਤੇ ਮਨ 'ਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਪੁਲਸ, ਕਾਨੂੰਨ ਅਤੇ ਅਦਾਲਤ ਸਾਧਾਰਨ ਲੋਕਾਂ ਪ੍ਰਤੀ ਇਸ ਪੱਧਰ ਦਾ ਰਵੱਈਆ ਰੱਖਣ 'ਚ ਕਿਉਂ ਉੱਕ ਜਾਂਦੀਆਂ ਹਨ?

ਇਹ ਵੀ ਪੜ੍ਹੋ : ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਹਿ ਸੂਬਿਆਂ 'ਚ ਭੇਜਣ ਦੇ ਖਰਚ 'ਤੇ ਹੋਣ ਲੱਗੀ ਸਿਆਸਤ 

ਸੰਧਵਾਂ ਨੇ ਕਿਹਾ ਕਿ ਸੁਮੇਧ ਸਿੰਘ ਸੈਣੀ ਦਾ ਪਿਛੋਕੜ ਵਿਵਾਦਾਂ ਭਰਿਆ ਅਤੇ ਦਾਗ਼ੀ ਹੋਣ ਦੇ ਬਾਵਜੂਦ ਵੀ ਉਹ ਮਾਮਲਿਆਂ 'ਚ ਘਿਰ ਜਾਣ ਤੋਂ ਬਾਅਦ ਵੀ ਗ੍ਰਿਫ਼ਤਾਰੀਆਂ ਤੋਂ ਕਿਵੇਂ ਬਚ ਜਾਂਦਾ ਹੈ? ਕੁਲਤਾਰ ਸੰਧਵਾਂ ਨੇ ਕਿਹਾ ਕਿ ਜੇਕਰ ਸਰਕਾਰਾਂ ਗੰਭੀਰਤਾ ਨਾਲ ਨਿਰਪੱਖ ਕਾਰਵਾਈ ਕਰਦੀਆਂ ਤਾਂ ਸੁਮੇਧ ਸਿੰਘ ਸੈਣੀ ਵਲੋਂ ਕੀਤੇ ਗਏ ਗੁਨਾਹਾਂ ਦੇ ਬਦਲੇ ਹੁਣ ਤੱਕ ਸੁਮੇਧ ਸਿੰਘ ਸੈਣੀ ਨੂੰ ਫਾਂਸੀ ਹੋ ਚੁੱਕੀ ਹੁੰਦੀ ਪਰ ਪਹਿਲਾਂ ਬਾਦਲ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਨੇ ਸੁਮੇਧ ਸਿੰਘ ਸੈਣੀ ਨੂੰ ਹਰ ਕਦਮ 'ਤੇ ਬਚਾਇਆ ਹੈ। ਸੰਧਵਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ 'ਚ ਸੁਮੇਧ ਸਿੰਘ ਸੈਣੀ ਦੀ ਤਤਕਾਲੀ ਡੀ. ਜੀ. ਪੀ. ਵਜੋਂ ਨਿਭਾਈ ਗਈ ਭੂਮਿਕਾ ਕਿਸੇ 'ਖਲਨਾਇਕ' ਤੋਂ ਘੱਟ ਨਹੀਂ ਪਰ ਬਾਦਲਾਂ ਦੀਆਂ ਅੱਖਾਂ ਦੇ ਤਾਰੇ ਸੁਮੇਧ ਸਿੰਘ ਸੈਣੀ 'ਤੇ ਕੈਪਟਨ ਅਮਰਿੰਦਰ ਸਿੰਘ ਵੀ ਬਾਦਲਾਂ ਜਿੰਨ੍ਹੇ ਹੀ ਮਿਹਰਬਾਨ ਹਨ। ਇਸ ਲਈ ਸੁਮੇਧ ਸਿੰਘ ਸੈਣੀ ਖ਼ਿਲਾਫ਼ ਪੰਜਾਬ ਪੁਲਸ ਅਤੇ ਐਡਵੋਕੇਟ ਜਨਰਲ ਦਫ਼ਤਰ ਵਲੋਂ ਹੋ ਰਹੀ ਕਾਰਵਾਈ ਅਤੇ ਪੈਰਵੀ ਸਿਰਫ਼ ਡਰਾਮਾ ਅਤੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਤੋਂ ਵੱਧ ਕੁੱਝ ਵੀ ਨਹੀਂ ਹੈ।

ਇਹ ਵੀ ਪੜ੍ਹੋ : ਕੋਰੋਨਾ ਕਹਿਰ : ਪੰਜਾਬ ਸਰਕਾਰ ਵੱਲੋਂ 'ਰੈਂਡਮ ਟੈਸਟਿੰਗ' ਜਲਦ ਸ਼ੁਰੂ ਕਰਨ ਦੀ ਸੰਭਾਵਨਾ   

ਸੰਧਵਾਂ ਨੇ ਸਵਾਲ ਉਠਾਇਆ ਕਿ 1994 'ਚ ਲੁਧਿਆਣਾ ਦੀ ਸੈਣੀ ਮੋਟਰਜ਼ ਨਾਲ ਸਬੰਧਿਤ ਵਿਨੋਦ ਕੁਮਾਰ, ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਡਰਾਈਵਰ ਦੇ ਕਤਲ ਕੇਸ 'ਚ ਜੇਕਰ ਕੋਈ ਆਮ ਬੰਦਾ ਫਸਿਆ ਹੁੰਦਾ ਤਾਂ ਹੁਣ ਤੱਕ ਜੇਲ੍ਹਾਂ 'ਚ ਸੜ ਚੁੱਕਾ ਹੁੰਦਾ ਪਰ ਸੁਮੇਧ ਸਿੰਘ ਸੈਣੀ ਦਾ ਅਜੇ ਤੱਕ ਵਾਲ ਵੀ ਬਾਂਕਾ ਨਹੀਂ ਹੋਇਆ। ਸੰਧਵਾਂ ਨੇ ਕਿਹਾ ਕਿ 2022 'ਚ ਜੇਕਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ ਤਾਂ ਆਮ ਆਦਮੀ ਦੀ ਸਰਕਾਰ ਅਜਿਹੇ ਕਿਸੇ ਵੀ 'ਦਰਿੰਦਾ ਪ੍ਰਵਿਰਤੀ' ਵਾਲੇ ਸ਼ਖ਼ਸ ਨੂੰ ਬਖ਼ਸ਼ੇਗੀ ਨਹੀਂ, ਚਾਹੇ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ?

 

Anuradha

This news is Content Editor Anuradha