''ਬਰਗਾੜੀ ਮੋਰਚੇ'' ਦੇ ਇਕੱਠ ਤੋਂ ਘਬਰਾਈ ਕੈਪਟਨ ਸਰਕਾਰ, ਕੀਤੀ ਮੀਟਿੰਗ

10/11/2018 11:37:20 AM

ਚੰਡੀਗੜ੍ਹ : ਪੰਜਾਬ ਦੇ ਲੋਕਾਂ 'ਚ ਬੇਅਦਬੀ ਅਤੇ ਗੋਲੀਕਾਂਡ ਦੇ ਮੁੱਦੇ 'ਤੇ ਹੋ ਰਹੀ ਲਾਮਬੰਦੀ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਐਤਵਾਰ ਨੂੰ ਬਰਗਾੜੀ 'ਚ ਹੋਏ ਇਕੱਠ ਮਗਰੋਂ ਮੁੱਖ ਮੰਤਰੀ ਤੇ ਸੀਨੀਅਰ ਆਗੂਆਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਸਾਫ ਦੇਖੀਆਂ ਜਾ ਸਕਦੀਆਂ ਹਨ। ਇਸ ਸੰਕਟ ਨੂੰ ਵਿਚਾਰਨ ਲਈ ਮੁੱਖ ਮੰਤਰੀ ਨੇ ਮੰਗਲਵਾਰ ਸ਼ਾਮ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਮੀਟਿੰਗ 'ਚ ਮੁੱਖ ਮੰਤਰੀ ਦੇ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਡੀ. ਜੀ. ਪੀ. ਸੁਰੇਸ਼ ਅਰੋੜਾ, ਡੀ. ਜੀ. ਪੀ. (ਇੰਟੈਲੀਜੈਂਸ) ਦਿਨਕਰ ਗੁਪਤਾ ਤੇ ਹੋਰ ਅਧਿਕਾਰੀ ਸ਼ਾਮਲ ਸਨ। ਸੂਤਰਾਂ ਮੁਤਾਬਕ ਬਰਗਾੜੀ 'ਚ ਆਪ ਮੁਹਾਰੀ ਪਹੁੰਚੀ ਵੱਡੀ ਭੀੜ ਮੁੱਖ ਮੰਤਰੀ ਤੇ ਹੋਰਨਾਂ ਦਾ ਵਿਸ਼ਾ ਰਹੀ। ਸੀਨੀਅਰ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਕੀਤਾ ਕਿ ਬਰਗਾੜੀ ਮੋਰਚੇ ਦੇ ਲੰਬਾ ਸਮਾਂ ਲੱਗੇ ਰਹਿਣ ਕਾਰਨ ਹਾਕਮ ਪਾਰਟੀ ਨੂੰ ਨਾ ਸਿਰਫ ਸਿਆਸੀ ਤੌਰ 'ਤੇ ਹੀ ਭਵਿੱਖ 'ਚ ਵੱਡੇ ਸੰਕਟ 'ਚੋਂ ਲੰਘਣਾ ਪੈ ਸਕਦਾ ਹੈ, ਸਗੋਂ ਕਾਨੂੰਨ ਵਿਵਸਥਾ ਦੀ ਸਥਿਤੀ ਕਾਰਨ ਵੀ ਇਹ ਮਾਮਲਾ ਬੇਹੱਦ ਗੰਭੀਰ ਬਣਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਬੇਅਦਬੀ ਮਾਮਲਿਆਂ 'ਤੇ ਸਿਆਸੀ ਤੌਰ 'ਤੇ ਘਿਰਿਆ ਹੋਇਆ ਹੈ।