ਕੈਪਟਨ ਸਰਕਾਰ ਦੇ ਮੰਤਰੀ ਇਮਰਾਨ ਖਾਨ ਨੂੰ ਮਿਲਣਗੇ

08/08/2019 11:20:22 PM

ਚੰਡੀਗੜ੍ਹ,(ਭੁੱਲਰ): ਭਾਰਤੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮੰਤਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣਗੇ। ਇਸ ਦੀ ਪੁਸ਼ਟੀ ਕਰਦਿਆਂ ਰਾਜ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਉਥੋਂ ਦੇ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਮੰਗਿਆ ਗਿਆ ਹੈ ਤੇ ਇਹ ਮਿਲਣੀ 22 ਤੋਂ 28 ਅਗਸਤ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਕੈਪਟਨ ਸਰਕਾਰ ਦੇ ਵਫ਼ਦ 'ਚ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨਾਲ ਸਬੰਧਤ ਕਮੇਟੀਆਂ ਦੇ ਮੈਂਬਰ ਮੰਤਰੀ ਸ਼ਾਮਲ ਹੋਣਗੇ। ਇਨ੍ਹਾਂ ਵਿਚ ਓ. ਪੀ. ਸੋਨੀ ਤੇ ਚਰਨਜੀਤ ਚੰਨੀ ਦੇ ਨਾਮ ਵੀ ਸ਼ਾਮਲ ਹਨ। ਰੰਧਾਵਾ ਅਨੁਸਾਰ ਪੰਜਾਬ ਦੇ ਮੰਤਰੀਆਂ ਦਾ ਇਹ ਵਫ਼ਦ ਮੁੱਖ ਤੌਰ 'ਤੇ ਪਾਕਿਸਤਾਨ ਵਲੋਂ ਭਾਰਤ ਨਾਲ ਵਪਾਰਕ ਸਬੰਧਾਂ 'ਤੇ ਰੋਕ ਲਾਉਣ ਤੋਂ ਬਾਅਦ ਪੰਜਾਬ ਦੇ ਸਬੰਧਾਂ ਨੂੰ ਲੈ ਕੇ ਪੈਦਾ ਹੋਈ ਸਥਿਤੀ ਅਤੇ ਕਰਤਾਰਪੁਰ ਕੋਰੀਡੋਰ ਦੇ ਕੰਮ ਨੂੰ ਨਿਰਵਿਘਨ ਪੂਰਾ ਕਰਵਾਉਣ ਦੇ ਮੁੱਦੇ 'ਤੇ ਗੱਲਬਾਤ ਕਰੇਗਾ। ਇਸ ਤੋਂ ਇਲਾਵਾ ਪਾਕਿਸਤਾਨ ਵਿਚ ਮਨਾਏ ਜਾਣ ਵਾਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਨ੍ਹਾਂ ਸਮਾਰੋਹਾਂ 'ਚ ਹਿੱਸਾ ਲੈਣ ਲਈ ਪਹਿਲਾ ਜਥਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਾਵੇਗਾ।