ਕੈਪਟਨ ਦਾ ਚੋਣ ਮੈਨੀਫੈਸਟੋ ਸਾਬਿਤ ਹੋਇਆ ਝੂਠੀ ਕਿਤਾਬ : ਤਰੁਣ ਚੁੱਘ

01/14/2018 6:55:00 AM

ਲੁਧਿਆਣਾ  (ਗੁਪਤਾ) - ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਵਾਲੀ ਕੈਪਟਨ ਸਰਕਾਰ ਦਾ ਚੋਣ ਮੈਨੀਫੈਸਟੋ ਝੂਠੀ ਕਿਤਾਬ ਸਾਬਿਤ ਹੋਇਆ ਹੈ। ਕੈਪਟਨ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਭਾਰਤੀ ਜਨਤਾ ਪਾਰਟੀ 16 ਜਨਵਰੀ ਤੋਂ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਮੁੱਖ ਦਫਤਰਾਂ ਵਿਚ ਧਰਨੇ ਲਾਏਗੀ।
ਚੁੱਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਦੇ 10 ਮਹੀਨਿਆਂ ਦੇ ਕਾਰਜਕਾਲ ਵਿਚ 300 ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਕਾਂਗਰਸ ਦੀ ਗੁੰਡਾਗਰਦੀ ਦਿਨੋਂ-ਦਿਨ ਵੱਧ ਰਹੀ ਹੈ, ਸ਼ਹਿਰਾਂ ਵਿਚ ਗੁੰਡਾਗਰਦੀ ਤੇ ਗੈਂਗਵਾਰ ਹੋ ਰਹੇ ਹਨ। ਸ਼੍ਰੀ ਚੁੱਘ ਨੇ ਇਕ ਸਵਾਲ ਦੇ ਜਵਾਬ 'ਤੇ ਪੰਜਾਬ ਸਰਕਾਰ ਦੀਆਂ ਅਸਫਲਤਾਵਾਂ ਗਿਣਾਉਂਦੇ ਹੋਏ ਕਿਹਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਪੈਨਸ਼ਨ, ਹਰ ਘਰ ਵਿਚ ਨੌਕਰੀ, ਸਮਾਰਟ ਫੋਨ, ਸ਼ਗਨ ਸਕੀਮ ਆਦਿ ਕਈ ਕੰਮ ਬੰਦ ਕਰ ਕੇ ਜਨਤਾ ਨਾਲ ਸ਼ਰੇਆਮ ਧੋਖਾ ਅਤੇ ਵਾਅਦਾ ਖਿਲਾਫੀ ਕੀਤੀ ਹੈ। ਪੁਲਸ ਪ੍ਰਸ਼ਾਸਨ ਨੇ ਕਾਂਗਰਸ ਦੀ ਗੁੰਡਾਗੁਰਦੀ 'ਤੇ ਅੱਖਾਂ ਬੰਦ ਕਰ ਲਈਆਂ ਹਨ, ਜੋ ਲੋਕਤੰਤਰ ਦੀ ਸ਼ਰੇਆਮ ਹੱਤਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂ ਅੰਮ੍ਰਿਤਸਰ, ਮਾਨਸਾ, ਬਠਿੰਡਾ, ਫਿਰੋਜ਼ਪੁਰ, ਨਵਾਂਸ਼ਹਿਰ ਸਮੇਤ ਕਈ ਥਾਵਾਂ 'ਤੇ ਆਪਣੇ ਵਿਰੋਧੀਆਂ 'ਤੇ ਹਮਲਾ ਕਰ ਚੁੱਕੇ ਹਨ। ਸਰਕਾਰ ਨੇ ਗਊਸ਼ਾਲਾ ਨੂੰ ਮੁਫ਼ਤ ਬਿਜਲੀ ਦੇਣ 'ਤੇ ਰੋਕ ਲਾ ਕੇ ਕਰੋੜਾਂ ਗਊ ਭਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਸ ਮੌਕੇ ਜ਼ਿਲਾ ਭਾਜਪਾ ਪ੍ਰਧਾਨ ਰਵਿੰਦਰ ਅਰੋੜਾ, ਗੁਰਦੇਵ ਸ਼ਰਮਾ, ਸਤੀਸ਼ ਮਲਹੋਤਰਾ, ਜਤਿੰਦਰ ਮਿੱਤਲ, ਰਜਨੀਸ਼ ਧੀਮਾਨ, ਕਮਲ, ਪਰਮਿੰਦਰ ਮਹਿਤਾ ਆਦਿ ਹਾਜ਼ਰ ਸਨ।