ਕੈਪਟਨ ਨੇ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾ ਕੇ ਕੀਤੀ ਮੇਜ਼ਬਾਨੀ

09/08/2021 8:15:21 PM

ਚੰਡੀਗੜ੍ਹ (ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਲੰਪੀਅਨ ਖਿਡਾਰੀਆਂ ਦੇ ਮਾਣ 'ਚ ਆਪਣੇ ਨਿਵਾਸ 'ਤੇ ਕੀਤੀ ਮੇਜ਼ਬਾਨੀ ਦੇ ਮਾਹੌਲ ਨੂੰ ਆਨੰਦਮਈ ਤੇ ਯਾਦਗਾਰੀ ਬਣਾ ਦਿੱਤਾ। ਮੁੱਖ ਮੰਤਰੀ ਵੱਲੋਂ ਸੂਬੇ ਦੇ ਓਲੰਪੀਅਨਾਂ ਤੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨਾਲ ਕੀਤੇ ਵਾਅਦੇ ਮੁਤਾਬਕ ਇਨ੍ਹਾਂ ਪਲਾਂ ਨੂੰ ਅੱਜ ਸਾਕਾਰ ਰੂਪ ਦਿੱਤਾ। ਪੰਜਾਬ ਨਾਲ ਸਬੰਧਤ ਭਾਰਤੀ ਓਲੰਪੀਅਨਾਂ ਦੇ ਮਾਣ ਵਿਚ ਬਣਿਆ ਇਹ ਮਾਹੌਲ ਉਨਾਂ ਦੀ ਓਲੰਪਿਕ ਸ਼ਾਨ ਦੇ ਦਿਨਾਂ ਨੂੰ ਮੁੜ ਤਾਜ਼ਾ ਕਰ ਗਿਆ। ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਲਾਅਨ ਖੁਸ਼ੀਆਂ ਨਾਲ ਚਹਿਕ ਰਿਹਾ ਸੀ ਅਤੇ ਮੁੱਖ ਮੰਤਰੀ ਵੱਲੋਂ ਬਹੁਤ ਹੀ ਸ਼ਿੱਦਤ ਨਾਲ ਆਪਣੇ ਮਾਣਮੱਤੇ ਮਹਿਮਾਨਾਂ ਲਈ ਤਿਆਰ ਕੀਤਾ ਖਾਣਾ ਮਹਿਕਾਂ ਬਿਖੇਰ ਰਿਹਾ ਸੀ।

   

ਇਹ ਖ਼ਬਰ ਪੜ੍ਹੋ- ENG v IND : ਮੁਹੰਮਦ ਸ਼ਮੀ ਮਾਨਚੈਸਟਰ ਟੈਸਟ ਖੇਡਣ ਦੇ ਲਈ ਫਿੱਟ


ਮੁੱਖ ਮੰਤਰੀ ਦੀ ਵਿਸ਼ੇਸ਼ ਛੋਹ ਅਭੁੱਲ ਹੋ ਨਿਬੜੀ। ਮੇਜ਼ 'ਤੇ ਸਜਿਆ ਹਰੇਕ ਪਕਵਾਨ ਦੇਖਣ ਤੇ ਸੁਆਦ ਪੱਖੋਂ ਬਹੁਤ ਹੀ ਸ਼ਾਹਾਨਾ ਸੀ। ਮੁੱਖ ਮੰਤਰੀ ਦੇ ਚਿਹਰੇ 'ਤੇ ਤਸੱਲੀ ਭਰੀ ਮੁਸਕਾਨ, ਉਹ ਵੀ ਇਕ ਖਾਨਸਾਮੇ ਵਜੋਂ ਘੰਟਿਆਂਬੱਧੀ ਮਿਹਨਤ ਕਰਨ ਤੋਂ ਬਾਅਦ ਰਸ਼ਕ ਕਰਨ ਵਾਲੀ ਸੀ। ਮੁੱਖ ਮੰਤਰੀ ਨੇ ਆਪਣੀਆਂ ਅੱਖਾਂ ਵਿਚ ਆਨੰਦਮਈ ਚਮਕ ਲਿਆਉਂਦਿਆਂ ਕਿਹਾ,“ਮੈਂ ਇਸ ਨੂੰ ਸਵੇਰੇ 11 ਵਜੇ ਬਣਾਉਣਾ ਸ਼ੁਰੂ ਕੀਤਾ ਸੀ। ਜ਼ਿਆਦਾਤਰ ਕੰਮ ਸ਼ਾਮ 5 ਵਜੇ ਦੇ ਕਰੀਬ ਨਿਪਟ ਗਿਆ ਸੀ ਤੇ ਉਸ ਤੋਂ ਬਾਅਦ ਅੰਤਿਮ ਛੋਹਾਂ ਦੇਣ ਦਾ ਸਮਾਂ ਸੀ, ਪਰ ਮੈਂ ਇਸ ਹਰੇਕ ਪਲ ਨੂੰ ਮਾਣਿਆ।” ਉਨਾਂ ਕਿਹਾ,”ਖਿਡਾਰੀਆਂ ਨੇ ਜਿੱਤ ਦੇ ਜਸ਼ਨ ਲਈ ਬਹੁਤ ਮਿਹਨਤ ਕੀਤੀ ਜਦਕਿ ਮੇਰੇ ਵੱਲੋਂ ਕੀਤੀ ਕੋਸ਼ਿਸ਼ ਉਸ ਦੇ ਮੁਕਾਬਲੇ ਕੁਝ ਵੀ ਨਹੀਂ।“ 


ਚਿਹਰੇ 'ਤੇ ਖਾਣਾ ਪਕਾਉਣ ਅਤੇ ਪ੍ਰਬੰਧਾਂ ਦੀ ਦੇਖ-ਰੇਖ ਦੀ ਕੋਈ ਵੀ ਸ਼ਿਕਨ ਲਿਆਂਦੇ ਬਗੈਰ ਉਨਾਂ ਨੇ ਆਪਣੇ ਖਾਸ ਮਹਿਮਾਨਾਂ ਨੂੰ ਨਿੱਜੀ ਤੌਰ ਉਤੇ ਸਵਾਗਤ ਕੀਤਾ ਤੇ ਹਰੇਕ ਨੂੰ ਖਿੜੇ ਮੱਥੇ ਮਿਲ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਦੀ ਮੇਜ਼ਬਾਨੀ ਦੀ ਖੁਸ਼ੀ ਦਾ ਸਪੱਸ਼ਟ ਤੌਰ ਉਤੇ ਕੋਈ ਠਿਕਾਣਾ ਨਹੀਂ ਸੀ ਜਦੋਂ ਉਹ ਨਿੱਜੀ ਤੌਰ ਉਤੇ ਮਹਿਮਾਨਾਂ ਨੂੰ ਸਿੱਧਾ ਪਤੀਲਿਆਂ ਵਿੱਚੋਂ ਉਨ੍ਹਾਂ ਦੀ ਪਸੰਦ ਮੁਤਾਬਕ ਖਾਣਾ ਪਰੋਸਦੇ ਹੋਏ ਦੇਖੇ ਗਏ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ, “ਸਿੱਧਾ ਖਾਣੇ ਵਾਲੇ ਭਾਂਡੇ ਵਿੱਚੋਂ ਪਰੋਸਿਆ ਖਾਣਾ ਹਮੇਸ਼ਾ ਹੀ ਵੱਧ ਜ਼ਾਇਕੇਦਾਰ ਹੁੰਦਾ ਹੈ ਤੇ ਭੋਜਨ ਬਾਰੇ ਉਨਾਂ ਦਾ ਗਿਆਨ, ਉਨਾਂ ਦੇ ਖਾਣਾ ਪਕਾਉਣ ਦੇ ਹੁਨਰ ਨਾਲੋਂ ਘੱਟ ਨਹੀਂ।

ਇਹ ਵੀ ਪੜ੍ਹੋ: ਪੈਰਾਲੰਪਿਕ ਚਾਂਦੀ ਤਮਗਾ ਜੇਤੂ ਨਿਸ਼ਾਦ ਕੁਮਾਰ ਨੂੰ ਹਿਮਾਚਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੇ ਕੀਤਾ ਸਨਮਾਨਿਤ

 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh