ਸ਼ਹੀਦਾਂ ਦੀਆਂ ਬਰਸੀਆਂ ਨਹੀਂ ਆਰੂਸਾ ਦਾ ਜਨਮਦਿਨ ਮਨਾਉਂਦੇ ਹਨ ਕੈਪਟਨ: ਮਾਨ

08/15/2019 4:49:49 PM

ਈਸੜੂ/ਬੀਜਾ (ਬੈਨੀਪਾਲ/ਬਿਪਨ)—ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਮੌਕੇ ਉਨ੍ਹਾਂ ਨੂੰ ਸਰਧਾਂ ਦੇ ਫੁੱਲ ਭੇਟ ਕਰਨ ਲਈ ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਸਿੰਘ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਉਚੇਚੇ ਤੌਰ 'ਤੇ ਪੁੱਜੇ ਤੇ ਸ਼ਹੀਦ ਕਰਨੈਲ ਸਿੰਘ ਦੇ ਆਦਮ ਕੱਦ ਬੁੱਤ ਤੇ ਫੁੱਲ ਮਾਲਾਵਾਂ ਪਾ ਕੇ ਸਰਧਾ ਸੁਮਨ ਭੇਟ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ਼ਹੀਦਾਂ ਦੀਆਂ ਬਰਸੀਆਂ ਤੇ ਤਾਂ ਨਹੀਂ ਜਾਂਦੇ ਪਰ ਮੈਡਮ ਅਰੂਸਾ ਆਲਮ ਦਾ ਜਨਮ ਦਿਨ ਮਨਾਉਣ ਲਈ ਪਹਾੜਾਂ ਤੇ ਜ਼ਰੂਰ ਚਲੇ ਜਾਂਦੇ ਹਨ।

ਪਿਛਲੇ ਤਿੰਨ ਸਾਲ ਸਰਕਾਰ ਬਣੀ ਨੂੰ ਹੋ ਗਏ ਪਰ ਉਹ ਕਦੇ ਵੀ ਈਸੜੂ ਨਹੀਂ ਪੁੱਜੇ ਤੇ ਨਾ ਸ਼ਹੀਦ ਉਧਮ ਸਿੰਘ ਦੀ ਬਰਸੀ ਤੇ ਸੁਨਾਮ ਗਏ। ਭਗਤ ਰਵਿਦਾਸ ਜੀ ਦਾ ਮੰਦਰ ਢਾਹੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਜਿਹੜੀ ਡੀ.ਡੀ.ਏ. ਹੈ, ਇਹ ਕੇਂਦਰ ਸਰਕਾਰ ਦੇ ਅਧੀਨ ਹੈ ਤੇ ਇਹ ਕੰਮ ਕੇਂਦਰ ਸਰਕਾਰ ਦਾ ਹੈ। ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਤੇ ਅਸੀਂ ਮੰਦਰ ਢਾਹੇ ਜਾਣ ਦਾ ਵਿਰੋਧ ਕਰਦੇ ਹਾਂ ਤੇ ਇਸ ਦਾ ਕੋਈ ਹੋਰ ਹੱਲ ਵੀ ਕੱਢਿਆ ਜਾ ਸਕਦਾ ਸੀ। ਪੰਜਾਬ ਰਾਜ ਵਿੱਚ ਬਿਜਲੀ ਦੇ ਬਿੱਲਾਂ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਦੀ ਜਨਤਾ ਤੋਂ ਪੈਸਾ ਲੁੱਟ ਕੇ ਨਿੱਜੀ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ, ਜਦਕਿ ਦਿੱਲੀ ਵਿੱਚ ਤਾਂ ਬਿਜਲੀ ਦੀ ਕੋਈ ਪੈਦਾ ਵਾਰ ਵੀ ਨਹੀਂ ਹੁੰਦੀ, ਉਥੇ ਫਿਰ ਵੀ ਪੰਜਾਬ ਨਾਲੋਂ ਰੇਟ ਕਾਫੀ ਘੱਟ ਹਨ।

ਉਨ੍ਹਾਂ ਨਸ਼ੇ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਪੁਲਸ ਹਿਰਾਸਤ 'ਚ ਮਰ ਰਹੇ ਵਿਅਕਤੀ ਇਕ ਸਾਜਿਸ਼ ਅਧੀਨ ਕਤਲ ਹੋ ਰਹੇ ਹਨ, ਇਨ੍ਹਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਅਗਲੇ ਆਉਣ ਵਾਲੇ 25 ਸਾਲ 62 ਹਜ਼ਾਰ 500 ਕਰੋੜ ਰੁਪਏ ਪੰਜਾਬ ਦੀ ਜਨਤਾ ਤੋਂ ਲੈ ਕੇ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਵੇਗਾ, ਇਸ ਤੋਂ ਪਤਾ ਚੱਲਦਾ ਹੈ ਕਿ ਜਿਹੜਾ ਬਿਜਲੀ ਮਾਫੀਆ ਬਾਦਲ ਸਰਕਾਰ ਨੇ ਸ਼ੁਰੂ ਕੀਤਾ ਸੀ ਉਸ ਦੀ ਵਾਂਗਡੋਰ ਅੱਜ ਕਾਂਗਰਸ ਸਰਕਾਰ ਦੇ ਹੱਥ ਵਿੱਚ ਹੈ।

Shyna

This news is Content Editor Shyna