ਰੰਧਾਵਾ ਦੀ ਆਰੂਸਾ ਬਾਰੇ ਟਿੱਪਣੀ ’ਤੇ ਲੋਹਾ-ਲਾਖਾ ਹੋਏ ਕੈਪਟਨ, ਕਿਹਾ-ਨਿੱਜੀ ਹਮਲਿਆਂ ਦਾ ਲੈ ਰਹੇ ਸਹਾਰਾ

10/22/2021 7:07:06 PM

ਚੰਡੀਗੜ੍ਹ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਰੂਸਾ ਆਲਮ ਨੂੰ ਲੈ ਕੇ ਦਿੱਤੇ ਬਿਆਨ ’ਤੇ ਪਲਟਵਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਰੰਧਾਵਾ ਨੇ ਕੈਪਟਨ ਦੀ ਪਾਕਿਸਤਾਨੀ ਦੋਸਤ ਆਰੂਸਾ ਆਲਮ ’ਤੇ ਸਵਾਲ ਚੁੱਕੇ ਸਨ ਤੇ ਕਿਹਾ ਸੀ ਕਿ ਆਰੂਸਾ ਆਲਮ ਦੇ ਆਈ. ਐੱਸ. ਆਈ. ਨਾਲ ਕੁਨੈਕਸ਼ਨ ਹੋ ਸਕਦੇ ਹਨ, ਜਿਸ ਦੀ ਪੰਜਾਬ ਸਰਕਾਰ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ, ਆਰੂਸਾ ਆਲਮ ਦੇ ਕਥਿਤ ISI ਕੁਨੈਕਸ਼ਨ ਦੀ ਹੋਵੇਗੀ ਜਾਂਚ

ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਉਪ ਮੁੱਖ ਮੰਤਰੀ ਰੰਧਾਵਾ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਹੁਣ ਨਿੱਜੀ ਹਮਲਿਆਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਇਕ ਮਹੀਨੇ ਬਾਅਦ ਉਨ੍ਹਾਂ ਵੱਲੋਂ ਲੋਕਾਂ ਨਾਲ ਬਰਗਾੜੀ ਤੇ ਨਸ਼ਿਆਂ ਸਬੰਧੀ ਕੀਤੇ ਵਾਅਦਿਆਂ ਦਾ ਕੀ ਬਣਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਜੇ ਵੀ ਤੁਹਾਡੇ ਵੱਲੋਂ ਕੀਤੇ ਵਾਅਦੇ ਅਨੁਸਾਰ ਕਾਰਵਾਈ ਦੀ ਉਡੀਕ ਕਰ ਰਹੇ ਹਨ।

ਉਨ੍ਹਾਂ ਅੱਗੇ ਲਿਖਿਆ ਕਿ ਤੁਸੀਂ ਮੇਰੀ ਕੈਬਨਿਟ ’ਚ ਮੰਤਰੀ ਸੀ ਤੇ ਕਦੇ ਵੀ ਆਰੂਸਾ ਆਲਮ ਬਾਰੇ ਸ਼ਿਕਾਇਤ ਨਹੀਂ ਕੀਤੀ। ਉਹ 16 ਸਾਲਾਂ ਤੋਂ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਪ੍ਰਾਪਤ ਕਰਕੇ ਭਾਰਤ ਆ ਰਹੇ ਸਨ ਜਾਂ ਤੁਸੀਂ ਇਹ ਦੋਸ਼ ਲਾ ਰਹੇ ਹੋ ਕਿ ਇਸ ਮਿਆਦ ’ਚ ਐੱਨ. ਡੀ. ਏ. ਤੇ ਯੂ. ਪੀ. ਏ. ਦੀ ਅਗਵਾਈ ਵਾਲੀਆਂ ਸਰਕਾਰਾਂ ਦੋਵਾਂ ਨੇ ਪਾਕਿ ਆਈ. ਐੱਸ. ਆਈ. ਨਾਲ ਮਿਲੀਭੁਗਤ ਕੀਤੀ? ਕੈਪਟਨ ਨੇ ਲਿਖਿਆ ਕਿ ਜੋ ਵਾਅਦੇ ਰੰਧਾਵਾ ਤੇ ਉਨ੍ਹਾਂ ਦੀ ਟੀਮ ਨੇ ਕੀਤੇ ਹਨ, ਉਨ੍ਹਾਂ ’ਤੇ ਐਕਸ਼ਨ ਦਾ ਪੰਜਾਬ ਦੇ ਲੋਕਾਂ ਨੂੰ ਉਡੀਕ ਹੈ। ਕੈਪਟਨ ਨੇ ਇਹ ਵੀ ਕਿਹਾ ਕਿ ਸੂਬੇ ’ਚ ਕਾਨੂੰਨ ਵਿਵਸਥਾ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਰੰਧਾਵਾ ਨੇ ਪੁਲਸ ਨੂੰ ਹੋਰ ਹੀ ਮਾਮਲਿਆਂ ’ਚ ਉਲਝਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ’ਤੇ ਅੱਤਵਾਦ ਦਾ ਪ੍ਰਛਾਵਾਂ ਹੈ ਤੇ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ, ਉਸ ਸਮੇਂ ਸੂਬੇ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਪਰ ਰੰਧਾਵਾ ਦਾ ਇਸ ਪਾਸੇ ਧਿਆਨ ਨਹੀਂ ਹੈ।

Manoj

This news is Content Editor Manoj