ਕੈਪਟਨ ਤੇ ਕੇਜਰੀਵਾਲ ਵਿਚਕਾਰ ਛਿੜੀ ਜੰਗ, ਇਕ-ਦੂਜੇ ''ਤੇ ਵਰ੍ਹੇ

10/15/2018 11:28:58 AM

ਚੰਡੀਗੜ੍ਹ : ਬਹਿਬਲਕਲਾਂ ਗੋਲੀਕਾਂਡ ਦੀ ਤੀਜੀ ਬਰਸੀ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਟਵੀਟ 'ਤੇ ਖੂਬ ਜੰਗ ਛਿੜੀ। ਇਸ ਦੌਰਾਨ ਉਨ੍ਹਾਂ 'ਤੇ ਇਕ-ਦੂਜੇ 'ਤੇ ਦੋਸ਼ ਲਾਏ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਬਹਿਬਲਕਲਾਂ ਗੋਲੀਕਾਂਡ ਨੂੰ 3 ਸਾਲ ਹੋ ਗਏ ਹਨ, ਕੈਪਟਨ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਫੇਲ ਸਾਬਿਤ ਹੋਈ ਹੈ।

ਕੇਜਰੀਵਾਲ ਦੇ ਇਸ ਟਵੀਟ 'ਤੇ ਕੈਪਟਨ ਨੇ ਤਿੱਖੇ ਅੰਦਾਜ਼ 'ਚ ਰਟਵੀਟ ਕਰਦੇ ਹੋਏ ਜਵਾਬ ਦਿੱਤਾ। ਉਨ੍ਹਾਂ ਨੇ ਲਿਖਿਆ ਕਿ ਇਸ ਮਾਮਲੇ 'ਤੇ ਰਾਜਨੀਤੀ ਕਰਨਾ ਬੰਦ ਕਰੋ। ਉਨ੍ਹਾਂ ਕਿਹਾ ਕਿ ਉਹ ਐੱਸ. ਆਈ. ਟੀ. ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਕੈਪਟਨ ਨੇ ਭਾਵੇਂ ਹੀ ਕੇਜਰੀਵਾਲ ਦੇ ਟਵੀਟ ਦਾ ਜਵਾਬ ਦੇਣ 'ਚ 2-4 ਮਿੰਟ ਲਾ ਦਿੱਤੇ ਪਰ 'ਮੁਆਫੀ' ਦਾ ਮੁੱਦਾ ਚੁੱਕ ਕੇ ਕੇਜਰੀਵਾਲ ਨੂੰ ਕਰਾਰ ਜਵਾਬ ਦਿੱਤਾ। ਚੋਣਾਂ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੇਜਰੀਵਾਲ ਨੇ ਡਰੱਗ ਮਾਫੀਆ ਦਾ ਸਰਗਨਾ ਬਣਾ ਕੇ ਕਾਫੀ ਸਿਆਸਤ ਕੀਤੀ ਸੀ। ਬਾਅਦ 'ਚ ਕੇਜਰੀਵਾਲ ਨੇ ਮਜੀਠੀਆ ਤੋਂ ਬਿਨਾ ਸ਼ਰਤ ਮੁਆਫੀ ਮੰਗ ਲਈ ਸੀ। ਕੈਪਟਨ ਦੇ ਇਸ ਟਵੀਟ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲਿਆ। ਨਾਲ ਹੀ ਇਹ ਵੀ ਸਵਾਲ ਚੁੱਕੇ ਗਏ ਕਿ ਆਖਰ ਕਦੋਂ ਦੋਸ਼ੀਆਂ ਨੂੰ ਸਜ਼ਾ ਮਿਲੇਗੀ।